
ਚੰਡੀਗੜ੍ਹ: ਪੰਜਾਬ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਹਿੰਦੂ ਆਗੂਆਂ ਦੇ ਹੋਰ ਰਹੇ ਕਤਲਾਂ ਨੂੰ ਲੈ ਕੇ ਪੁਲਿਸ ‘ਤੇ ਉਨ੍ਹਾਂ ਦੇ ਕਾਤਲਾਂ ਨੂੰ ਫੜਨ ਲਈ ਕਾਫ਼ੀ ਦਬਾਅ ਸੀ।
ਇਹ ਮਾਮਲੇ ਵੀ ਪੁਲਿਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸਨ ਕਿਉਂਕਿ ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਲੰਬੇ ਸਮੇਂ ਤੋਂ ਪੁਲਿਸ ਦੇ ਹੱਥ ਕੋਈ ਸੁਰਾਗ਼ ਨਹੀਂ ਲੱਗ ਰਹੇ ਸਨ ਪਰ ਹੁਣ ਜਦੋਂ ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਦੋ ਹਿੰਦੂ ਨੇਤਾਵਾਂ ਦੇ ਕਤਲ ਹੋਏ ਤਾਂ ਉਸ ਤੋਂ ਬਾਅਦ ਪੁਲਿਸ ਨੇ ਸਰਗਰਮੀ ਨਾਲ ਇਨ੍ਹਾਂ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ। ਆਖ਼ਰਕਾਰ ਪੁਲਿਸ ਨੂੰ ਇਸ ਵਿਚ ਸਫ਼ਲਤਾ ਮਿਲ ਗਈ।
ਬੀਤੇ ਦਿਨੀਂ ਪੁਲਿਸ ਨੇ ਹਿੰਦੂ ਨੇਤਾਵਾਂ ਦੇ ਕਤਲਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਕਾਤਲਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਕਾਤਲਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੂਬਾ ਸਰਕਾਰ ਅਤੇ ਪੁਲਿਸ ਦੇ ਸਿਰੋਂ ਇੱਕ ਵੱਡਾ ਭਾਰ ਲਹਿ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਹਿੰਦੂ ਆਗੂਆਂ ਦੇ ਕਾਤਲ ਅਤੇ ਅੱਤਵਾਦੀ ਗਿਰੋਹਾਂ ਨੂੰ ਖਤਮ ਕਰਨ ਵਿਚ ਕਾਮਯਾਬ ਰਹੇ ਪੁਲਿਸ ਮੁਲਾਜ਼ਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਘਰ ਖਾਣੇ ‘ਤੇ ਬੁਲਾ ਕੇ ਹੌਂਸਲਾ ਹਫਜ਼ਾਈ ਕੀਤੀ। ਮੁੱਖ ਮੰਤਰੀ ਵੱਲੋਂ ਦਿੱਤੇ ਇਸ ਰਾਤ ਦੇ ਖਾਣੇ ਵਿੱਚ 80 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਹੋਰ ਸ਼ਾਮਲ ਹੋਏ।
ਇਸ ਮੌਕੇ ਮੁੱਖ ਮੰਤਰੀ ਨੇ ਪੁਲਿਸ ਅਫਸਰਾਂ ਦੀ ਹੌਂਸਲਾ ਹਫਜ਼ਾਈ ਕਰਦੇ ਹੋਏ ਨਿੱਜੀ ਤੌਰ ‘ਤੇ ਧੰਨਵਾਦ ਵੀ ਕੀਤਾ। ਇਨ੍ਹਾਂ ਕੇਸਾਂ ਵਿਚ ਸਭ ਤੋਂ ਅਹਿਮ ਆਰਐੱਸਐੱਸ, ਸ਼ਿਵ ਸੈਨਾ ਅਤੇ ਡੇਰਾ ਸੱਚਾ ਸੌਦਾ ਦੇ ਮਾਮਲੇ ਵਿਚ ਸੱਤ ਵਿਅਕਤੀਆਂ ਦੀ ਹੱਤਿਆ ਨਾਲ ਸਬੰਧਤ ਮਾਮਲੇ ਸ਼ਾਮਿਲ ਸਨ। ਜਿਨ੍ਹਾਂ ਵਿਚ ਜਲੰਧਰ ਦੇ ਆਰਐੱਸਐੱਸ ਨੇਤਾ ਗਗਨੇਜਾ, ਲੁਧਿਆਣਾ ਦੇ ਆਰਐੱਸਐੱਸ ਨੇਤਾ ਰਵਿੰਦਰ ਗੋਸਾਈਂ ਅਤੇ ਅੰਮ੍ਰਿਤਸਰ ਤੋਂ ਸ਼ਿਵ ਸੈਨਾ ਆਗੂ ਵਿਪਿਨ ਸ਼ਰਮਾ ਦਾ ਕੇਸ ਅਹਿਮ ਹੈ। ਇਨ੍ਹਾਂ ਵਿਚੋਂ ਵਿਪਨ ਸ਼ਰਮਾ ਦੇ ਕਾਤਲ ਹੋਰ ਹਨ, ਜਿਨ੍ਹਾਂ ਨੂੰ ਵੀ ਪੁਲਿਸ ਨੇ ਟ੍ਰੇਸ ਕਰ ਲਿਆ ਹੈ।
ਮੁੱਖ ਮੰਤਰੀ ਨੇ ਇਨ੍ਹਾਂ ਮੁਲਾਜ਼ਮਾਂ ਦੇ ਮਿਸਾਲੀ ਹੌਂਸਲਾ, ਦ੍ਰਿੜ੍ਹਤਾ ਅਤੇ ਸਖ਼ਤ ਜੱਦੋ-ਜਹਿਦ ਦੀ ਪ੍ਰਸ਼ੰਸਾ ਕੀਤੀ, ਜਿਸ ਦੀ ਬਦੌਲਤ ਇਨ੍ਹਾਂ ਅੱਤਵਾਦੀ ਗਰੋਹਾਂ ਦਾ ਖ਼ਤਮਾ ਹੋਇਆ ਹੈ ਅਤੇ ਸੂਬੇ ਨੂੰ ਅਸਥਿਰ ਕਰਨ ਲਈ ਲੱਗੇ ਹੋਏ ਅਨੇਕਾਂ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਹੋਈ ਹੈ।
ਦੱਸ ਦਈਏ ਕਿ ਹਿੰਦੂ ਨੇਤਾਵਾਂ ਦੇ ਹੋ ਰਹੇ ਕਤਲਾਂ ਤੋਂ ਬਾਅਦ ਜਿੱਥੇ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਸੀ, ਉਥੇ ਹੀ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਸਨ ਪਰ ਪੁਲਿਸ ਨੇ ਇਸ ਮਾਮਲੇ ਵਿਚ ਕਾਤਲਾਂ ਨੂੰ ਫੜ ਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ।
ਇਸ ਮੌਕੇ ਇਨ੍ਹਾਂ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਰਾਜਕਤਾ ਤੋਂ ਬਚਾਉਣ ਅਤੇ ਪੁਲਿਸ ਦਾ ਮਾਣ ਵਧਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਮੁੱਖ ਮੰਤਰੀ ਨੇ ਗ੍ਰਹਿ ਸਕੱਤਰ ਤੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਕਿ ਉਹ ਅੱਤਵਾਦੀ ਗਿਰੋਹਾਂ ਅਤੇ ਗੈਂਗਸਟਰਾਂ ਦੇ ਖ਼ਾਤਮੇ ‘ਚ ਸ਼ਾਮਲ ਇਨ੍ਹਾਂ ਮੁਲਾਜ਼ਮਾਂ ਨੂੰ ਐਵਾਰਡ ਤੇ ਇਨਾਮ ਦੇਣ ਲਈ ਕੋਈ ਸਕੀਮ ਤਿਆਰ ਕਰਨ ਤਾਂ ਜੋ ਇਨ੍ਹਾਂ ਅਫ਼ਸਰਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਜਾ ਸਕੇ।
ਇਸ ਮੌਕੇ ਡੀਜੀਪੀ ਸੁਰੇਸ਼ ਅਰੋੜਾ ਤੋਂ ਇਲਾਵਾ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ, ਡੀਜੀਪੀ ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ, ਆਈਜੀਪੀ (ਐਫਆਈਯੂ), ਆਈਜੀਪੀ (ਸੀਆਈ) ਅਤੇ ਆਈਜੀਪੀ (ਓ.ਸੀ.ਸੀ.ਯੂ.) ਡੀਆਈਜੀ (ਸੀਆਈ), ਅੱਠ ਏਆਈਜੀ, ਮੋਗਾ, ਖੰਨਾ, ਬਟਾਲਾ ਤੇ ਨਵਾਂਸ਼ਹਿਰ ਦੇ ਐੱਸ.ਐੱਸ.ਪੀ., 20 ਇੰਸਪੈਕਟਰ, ਬੱਸੀ ਪਠਾਣਾ ਤੇ ਬਾਘਾਪੁਰਾਣਾ ਦੇ ਐੱਸਐੱਚਓ, 17 ਹੈੱਡ ਕਾਂਸਟੇਬਲ, 13 ਕਾਂਸਟੇਬਲ ਅਤੇ 2 ਹੋਮ ਗਾਰਡ ਆਦਿ ਹਾਜ਼ਰ ਸਨ।