
ਚੰਡੀਗੜ੍ਹ, 13 ਨਵੰਬਰ (ਤਰੁਣ ਭਜਨੀ) : ਭਾਰਤ ਸਰਕਾਰ ਵਲੋਂ ਚਲਾਏ 'ਫੋਰਟੀਫ਼ਿਕੇਸ਼ਨ ਆਫ਼ ਫੂਡ' ਪ੍ਰੋਗਰਾਮ ਤਹਿਤ ਸ਼ਹਿਰ ਦੀਆਂ ਆਂਗਨਵਾੜੀ ਕੇਂਦਰਾਂ ਵਿਚ ਬੱਚਿਆਂ ਨੂੰ ਪੌਸ਼ਟਿਕ ਭੋਜਨ ਮਿਲਣਾ ਸ਼ੁਰੂ ਹੋ ਗਿਆ ਹੈ। ਬੁੜੈਲ ਦੀ ਮਾਡਲ ਜੇਲ ਦੇ ਕੈਦੀਆਂ ਵਲੋਂ ਇਹ ਭੋਜਨ ਤਿਆਰ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਬੁੜੈਲ ਜੇਲ ਵਿਚ ਫੋਰਟਿਫ਼ਾਈ ਚਾਵਲ ਲਈ ਚਾਰ ਮਸ਼ੀਨਾਂ ਲਗਾਈਆਂ ਗਈਆਂ ਹਨ। ਜੇਲ ਪ੍ਰੇਸ਼ਾਸਨ ਵਲੋਂ ਸ਼ਹਿਰ ਦੇ 100 ਆਂਗਨਵਾੜੀ ਕੇਂਦਰਾਂ ਵਿਚ ਇਨ੍ਹਾਂ ਮਸ਼ੀਨਾਂ ਰਾਹੀਂ ਤਿਆਰ ਕੀਤਾ ਗਿਆ ਪੋਸ਼ਟਿਕ ਖਾਣਾ ਬੱਚਿਆਂ ਤਕ ਪਹੁੰਚਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ 'ਚ 500 ਦੇ ਕਰੀਬ ਆਂਗਨਵਾੜੀ ਸੈਂਟਰ ਹਨ। ਇਨ੍ਹਾਂ ਵਿਚੋਂ ਕਰੀਬ 4600 ਬੱਚਿਆਂ ਤਕ ਰੋਜ਼ਾਨਾ ਜੇਲ ਦੇ ਕੈਦੀਆਂ ਵਲੋਂ ਖਾਣਾ ਤਿਆਰ ਕਰ ਕੇ ਭੇਜਿਆ ਜਾਂਦਾ ਹੈ। ਜੇਲ ਪ੍ਰਸ਼ਾਸਨ ਇਸ ਸਮੇਂ 100 ਆਂਗਨਵਾੜੀ ਕੇਂਦਰਾਂ ਵਿਚ ਖਾਣਾ ਪਹੁੰਚਾ ਰਿਹਾ ਹੈ। ਹਾਲ ਹੀ ਵਿਚ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਮਜ਼ਬੂਤ ਖ਼ੁਰਾਕ ਬੱਚਿਆਂ ਨੂੰ ਦੇਣ ਲਈ ਜੇਲ ਵਿਚ ਚਾਰ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਖਾਣੇ ਨਾਲ ਬੱਚਿਆਂ ਵਿਚ ਆਈਰਨ, ਫੋਲਿਕ ਏਸੀਡ ਅਤੇ ਹੋਰ ਵਿਟਾਮਿਨਾਂ ਦੀ ਘਾਟ ਪੂਰੀ ਹੋ ਸਕੇਗੀ, ਜਿਸ ਦਾ ਉਦਘਾਟਨ ਹਾਲ ਹੀ ਵਿਚ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਕੀਤਾ ਸੀ।
ਚੰਡੀਗੜ੍ਹ ਪ੍ਰਸ਼ਾਸਨ ਦੇ ਫੂਡ ਸੇਫ਼ਟੀ ਅਤੇ ਸਟੈਂਡਰਡ ਅਥਾਰਟੀ ਦੇ ਡੈਜ਼ਿਗਨੇਟਿਡ ਅਧਿਕਾਰੀ ਸੁਖਵਿੰਦਰ ਸਿੰਘ ਨੇ ਦਸਿਆ ਕਿ ਬੀਤੀ 8 ਨਵੰਬਰ ਨੂੰ ਜੇਲ ਵਿਚ ਚਾਰ ਮਸ਼ੀਨਾਂ ਦਾ ਉਦਘਾਟਨ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਕੈਦੀਆਂ ਵਲੋਂ ਤਿਆਰ ਖਾਣਾ ਆਂਗਨਵਾੜੀ ਕੇਂਦਰਾਂ ਵਿਚ ਪਹੁੰਚਾਇਆ ਜਾਂਦਾ ਹੈ। ਇਸ ਖਾਣੇ ਨਾਲ ਬੱਚਿਆਂ ਵਿਚ ਖ਼ੂਨ ਦੀ ਕਮੀ ਪੂਰੀ ਕੀਤੀ ਜਾ ਸਕੇਗੀ।
ਸੁਖਵਿੰਦਰ ਸਿੰਘ ਨੇ ਦਸਿਆ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਦਿੱਲੀ ਵਿਚ ਸੈਮੀਨਾਰ ਕਰਵਾਇਆ ਗਿਆ ਸੀ, ਜਿਸ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਉਨ੍ਹਾਂ ਨੇ ਵੀ ਹਿਸਾ ਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਮੰਤਰਾਲੇ ਨੂੰ ਸਕੂਲਾਂ ਅਤੇ ਆਗਨਵਾੜੀ ਕੇਂਦਰਾਂ ਵਿਚ ਫੋਰਟਿਫ਼ਾਇਡ ਫੂਡ ਸ਼ੁਰੂ ਕਰਨ ਦਾ ਪ੍ਰਸਤਾਵ ਦਿਤਾ ਸੀ। ਸੁਖਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਵਿਭਾਗ ਦੇ ਅਧਿਕਾਰੀ ਜੇਲ ਵਿਚ ਤਿਆਰ ਕੀਤੇ ਜਾ ਰਹੇ ਖਾਣੇ 'ਤੇ ਲਗਾਤਾਰ ਧਿਆਨ ਰਖਦੇ ਹਨ, ਜਿਸ ਨਾਲ ਬੱਚਿਆਂ ਦੀ ਸਿਹਤ ਦਾ ਪੂਰਾ ਧਿਆਨ ਰਖਿਆ ਜਾ ਸਕੇ।ਗ਼ੈਰ ਸਰਕਾਰੀ ਸੰਸਥਾ ਪਾਥ ਐਂਡ ਗੇਨ ਵਲੋਂ ਇਹ ਮਸ਼ੀਨਾਂ ਦਾਨ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਸੰਸਥਾ ਨੇ ਸਿਖਿਆ ਵਿਭਾਗ ਨੂੰ ਵੀ ਤਿੰਨ ਮਸ਼ੀਨਾਂ ਦਾਨ ਕੀਤੀਆਂ ਸਨ, ਜਿਸ ਨਾਲ ਸਰਕਾਰੀ ਸਕੂਲਾਂ ਵਿਚ ਮਿਡ ਡੇ ਮੀਲ ਤਿਆਰ ਕੀਤਾ ਜਾਂਦਾ ਹੈ। ਇਸੇ ਸਾਲ ਅਪ੍ਰੈਲ ਵਿਚ ਚੰਡੀਗੜ੍ਹ ਸਮਾਜ ਭਲਾਈ ਵਿਭਾਗ ਅਤੇ ਮਾਡਲ ਜੇਲ ਵਲੋਂ ਮਿਲ ਕੇ 100 ਆਂਗਨਵਾੜੀ ਕੇਂਦਰਾਂ ਵਿਚ ਬੱਚਿਆਂ ਲਈ ਖਾਣਾ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਆਉਣ ਵਾਲੇ ਦਿਨਾਂ ਵਿਚ 400 ਹੋਰ ਆਗਨਵਾੜੀ ਕੇਂਦਰਾਂ ਵਿਚ ਖਾਣਾ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿਤਾ ਜਾਵੇਗਾ।