
15 ਵਰ੍ਹਿਆਂ ਬਾਅਦ ਮਿਲੀ ਮਿਊਂਸਪਲ ਕਾਰਪੋਰੇਸ਼ਨ 'ਤੇ ਕਾਬਜ਼ ਭਾਜਪਾ ਨੂੰ ਹਜ਼ਮ ਨਹੀਂ ਹੋ ਰਹੀ ਸੱਤਾ
ਚੰਡੀਗੜ੍ਹ, 24 ਜਨਵਰੀ (ਸਰਬਜੀਤ ਢਿੱਲੋਂ) : ਲਗਭਗ 15 ਵਰ੍ਹਿਆਂ ਬਾਅਦ ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ 'ਤੇ ਕਾਬਜ਼ ਹੋਈ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਸੱਤਾ ਹਜ਼ਮ ਨਹੀਂ ਹੋ ਰਹੀ, ਜਿਸ ਨਾਲ ਮੇਅਰ ਦੀਆਂ ਮੁਸ਼ਕਲਾਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਮਹੀਨੇ ਮੇਅਰ ਦੇ ਉਮੀਦਵਾਰ ਦੀ ਚੋਣ ਸਬੰਧੀ ਭਾਜਪਾ ਪ੍ਰਧਾਨ ਅਤੇ ਸੰਸਦ ਮੈਂਬਰ ਕਿਰਨ ਖੇਰ-ਸੱਤਪਾਲਜੈਨ ਆਧਾਰਤ ਦੋ ਧੜਿਆਂ 'ਚ ਵੰਡੀ ਗਈ। ਹੁਣ 15 ਦਿਨਾਂ ਬਾਅਦ ਨਿਗਮ ਦੀ 5 ਮੈਂਬਰੀ ਵਿੱਤ ਤੇ ਠੇਕਾ ਕਮੇਟੀ ਦੀ ਚੋਣ ਲਈ ਨਾਮਜ਼ਦਗੀਆਂ ਭਰਨ ਵਾਲੇ ਦੋਹਾਂ ਧੜਿਆਂ ਦਾ ਰਾਜਸੀ ਕਲੇਸ਼ ਖੁਲ੍ਹ ਕੇ ਸ਼ਹਿਰੀਆਂ ਦੇ ਸਾਹਮਣੇ ਆ ਗਿਆ ਹੈ।ਦਸਣਯੋਗ ਹੈ ਕਿ ਕੱਲ੍ਹ 5 ਮੈਂਬਰ ਕਮੇਟੀ ਦੀ ਚੋਣ 'ਚ ਭਾਜਪਾ ਦੇ ਮੇਅਰ ਧੜੇ ਦੇ 4 ਕੌਂਸਲਰ, ਰਾਜ ਬਾਲਾ ਮਲਿਕ, ਹੀਰਾ ਨੇਗੀ, ਅਨਿਲ ਦੂਬੇ ਅਤੇ ਸ੍ਰੀਮਤੀ ਫਰਮੀਲਾ ਅਤੇ ਕਾਂਗਰਸ ਦੀ ਗੁਰਬਖਸ਼ ਰਾਵਤ ਨੇ ਹੀ ਪੇਪਰ ਭਰੇ ਸਨ, ਜਦਕਿ ਭਾਜਪਾ ਦੇ ਪਾਰਟੀ ਪ੍ਰਧਾਨ ਸੰਜੇ ਟੰਡਨ ਦੇ ਕੱਟੜ ਹਮਾਇਤ ਦੋ ਕੌਂਸਲਰ ਸ਼ਕਤੀ ਦੇਵਸ਼ਾਲੀ ਅਤੇ ਰਾਜੇਸ਼ ਕਾਲੀਆ ਨਾਮਜ਼ਦਗੀ ਪੇਪਰ ਦਾਖ਼ਲ ਕਰਨ ਹੀ ਨਹੀਂ ਪੁੱਜੇ।
ਹਾਲਾਂਕਿ ਪਾਰਟੀ ਪ੍ਰਧਾਨ ਵਲੋਂ ਉਨ੍ਹਾਂ ਦੀ ਵਿੱਤ ਤੇ ਠੇਕਾ ਕਮੇਟੀ 'ਚ ਨਿਯੁਕਤੀ ਕਰਵਾਉਣ ਦੀ ਖ਼ਾਸ ਦਿਲਚਸਪੀ ਸੀ।ਮੇਅਰ ਦੀਆਂ ਮੁਸ਼ਕਲਾਂ ਵਧਣ ਦੇ ਆਸਾਰ : ਨਗਰ ਨਿਗਮ ਦੇ ਨਵੇਂ ਬਣੇ ਮੇਅਰ ਦਿਵੇਸ਼ ਮੋਦਗਿਲ, ਸਾਂਸਦ ਕਿਰਨ ਖੇਰ ਤੇ ਅਪਣੇ ਰਾਜਸੀ ਗੁਰੂ ਸੱਤਪਾਲ ਜੈਨ ਦੀ ਤਕੜੀ ਸਹਾਇਤਾ ਨਾਲ ਮੇਅਰ ਚੁਣੇ ਹਨ। ਨਗਰ ਨਿਗਮ 'ਚ ਕੌਂਸਲਰ ਵੀ ਦੋ ਧੜਿਆਂ 'ਚ ਸਾਫ਼ ਤੌਰ 'ਤੇ ਵੰਡੇ ਜਾ ਚੁਕੇ ਹਨ। ਮੇਅਰ ਪੇਸ਼ੇ ਵਜੋਂ ਭਾਵੇਂ ਵਕੀਲ ਹਨ ਪਰੰਤੂ ਸੁਭਾਅ ਪੱਖੋਂ ਭਲੇ-ਮਾਣਸ ਹਨ। ਸੰਜੇ ਟੰਡਨ ਧੜੇ ਦੇ ਦੋ ਸਾਬਕਾ ਮੇਅਰ ਅਰੁਣ ਸੂਦ ਤੇ ਆਸ਼ਾ ਜੈਸਵਾਲ ਉਨ੍ਹਾਂ ਲਈ ਆਏ ਦਿਨ ਕੋਈ ਨਾ ਕੋਈ ਰਾਜਸੀ ਕਿੜਾਂ ਕੱਢਣ ਦੀਆਂ ਵਿਉਂਤਾਂ ਗੁੰਦਦੇ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਸਥਿਤੀ ਕਸੂਤੀ ਬਣੀ ਹੋਈ ਹੈ।