
ਐਸਏਐਸ ਨਗਰ, 6 ਨਵਬੰਰ (ਸੁਖਦੀਪ ਸਿੰਘ ਸੋਈ) : ਯੁਵਰਾਜ ਸਿੰਘ ਭਾਰਤੀ ਕ੍ਰਿਕਟ ਲਈ ਅਜੇ ਤਿੰਨ ਸਾਲ ਹੋਰ ਖੇਡ ਕੇ ਅਤੇ 2019 'ਚ ਆ ਰਹੇ ਵਰਲਡ ਕੱਪ 'ਚ ਅਪਣੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਉਪਰੰਤ ਵਿਦਾਇਗੀ ਲਵੇਗਾ। ਇਹ ਵਿਚਾਰ ਕ੍ਰਿਕਟਰ ਤੇ ਫ਼ਿਲਮ ਕਲਾਕਾਰ ਯੋਗਰਾਜ ਸਿੰਘ ਨੇ ਅੱਜ ਇਥੇ ਅਪਣੀ ਨਿਰਦੇਸ਼ਨਾ ਹੇਠ ਬਣਾਈ ਜਾਣ ਵਾਲੀ ਨਵੀਂ ਪੰਜਾਬੀ ਫ਼ਿਲਮ ਬਾਰੇ ਦਸਦਿਆਂ ਪ੍ਰਗਟ ਕੀਤੇ।ਇਸ ਤੋਂ ਪਹਿਲਾਂ ਉਨ੍ਹਾਂ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਛੇਤੀ ਹੀ ਪੰਜਾਬੀ 'ਚ ਇਕ ਨਵੀਂ ਫ਼ਿਲਮ ਬਣਾ ਰਹੇ ਹਨ, ਜੋ ਅੱਜ ਦੀਆਂ ਪ੍ਰਚੱਲਤ ਫ਼ਿਲਮਾਂ ਤੋਂ ਵੱਖਰੇ ਵਿਸ਼ੇ ਵਾਲੀ ਹੋਵੇਗੀ। ਇਸ਼ਕ ਕਿਸੇ ਵੀ ਉਮਰ 'ਚ ਕਿਸੇ ਨਾਲ ਕਿਧਰੇ ਵੀ ਹੋ ਸਕਦਾ ਹੈ, ਦੇ ਕੇਂਦਰੀ ਨੁਕਤੇ ਦੁਆਲੇ ਬਣਾਈ ਜਾਣ ਵਾਲੀ ਫ਼ਿਲਮ 'ਚ ਉਹ ਖ਼ੁਦ ਹੀਰੋ ਅਤੇ ਨਿਰਮਲ ਰਿਸ਼ੀ ਹੀਰੋਇਨ ਹੋਵੇਗੀ।ਪੰਜਾਬੀ ਫ਼ਿਲਮ ਇੰਡਸਟਰੀ ਵਿਚ 30 ਸਾਲ ਪਹਿਲਾਂ ਤਕ 'ਜੱਟ ਪੰਜਾਬ ਦਾ', 'ਸੁੱਚਾ ਸਿੰਘ ਸੂਰਮਾ', 'ਜੱਗਾ ਡਾਕੂ' ਆਦਿ ਵਿਸ਼ਿਆਂ 'ਤੇ ਵੱਡੀ ਗਿਣਤੀ 'ਚ ਫ਼ਿਲਮਾਂ 'ਚ ਕੰਮ ਕਰਦੇ ਰਹੇ ਯੋਗਰਾਜ ਸਿੰਘ ਨੇ ਕਿਹਾ ਕਿ ਭਾਰਤੀ
ਕ੍ਰਿਕਟ ਟੀਮ 'ਚ ਖੇਡਣ ਵਾਲੇ ਖਿਡਾਰੀ ਵਜੋਂ ਨਾਮਣਾ ਖੱਟ ਕੇ ਵੀ ਉਨ੍ਹਾਂ ਦੇ ਮਨ 'ਚ ਹੁਣ ਫਿਰ ਪੰਜਾਬੀ 'ਚ ਕੁਝ ਨਵੇਂ ਢੰਗ ਦੀ ਫ਼ਿਲਮ ਬਣਾਉਣ ਦਾ ਵਿਚਾਰ ਹੈ। ਉਨ੍ਹਾਂ ਦਸਿਆ ਕਿ ਪਿੰਡਾਂ ਦੇ ਇਕ ਸਿਰਕੱਢ ਜੱਟ ਸਰਪੰਚ ਦਾ ਪਿੰਡ ਦੀ ਹੀ ਇਕ ਮੋਢੇ ਬੰਦੂਕ ਪਾ ਕੇ ਚੱਲਣ ਵਾਲੀ ਔਰਤ ਨਾਲ ਬੁਢੇਪੇ 'ਚ ਇਸ਼ਕ ਦੀ ਕਹਾਣੀ ਨਾਲ ਬਨਣ ਵਾਲੀ ਇਸ ਫ਼ਿਲਮ 'ਚ ਔਰਤ ਦੇ ਉਸਾਰੂ ਰੋਲ ਨੂੰ ਸਾਹਮਣੇ ਲਿਆਉਣਾ ਹੈ।ਇਸ ਫ਼ਿਲਮ ਦੇ ਨਿਰਮਾਤਾ ਪ੍ਰਿਅੰਕਾ ਲਖਣਪਾਲ, ਸਿਮਰਨਜੀਤ ਸੰਧੂ, ਨਰਿੰਦਰ ਸਿੰਘ ਹਨ, ਜੋ ਨਵੇਂ ਕਲਾਕਾਰਾਂ ਦੀ ਯੋਗਤਾ ਨੂੰ ਉਭਾਰ ਕੇ ਸਾਹਮਣੇ ਲਿਆਉਣਗੇ।ਯੋਗਰਾਜ ਸਿੰਘ ਨੇ ਕਿਹਾ ਕਿ ਪੰਜਾਬੀ ਫ਼ਿਲਮ ਸਨਅਤ 'ਚ ਜਲਦੀ ਫ਼ਿਲਮ ਦੇ ਝੱਟ ਪੈਸੇ ਦੀ ਹੋੜ ਲੱਗੀ ਹੋਈ ਹੈ, ਪਰ ਉਹ ਫ਼ਿਲਮ 'ਚ ਪੈਸੇ ਨਾਲ ਗੁਣਵੱਤਾ ਵੀ ਸਾਹਮਣੇ ਲਿਆਉਣਗੇ ਅਤੇ ਗੁਣਵਤਾ ਨਾਲ ਕਿਧਰੇ ਵੀ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਖ਼ਤ ਅਨੁਸ਼ਾਸਨ, ਫ਼ਿਲਮ ਦੌਰਾਨ ਸ਼ਰਾਬਬੰਦੀ ਅਤੇ ਸਵੇਰੇ 7 ਵਜੇ ਕੈਮਰੇ ਸ਼ੁਰੂ ਤੋਂ ਸ਼ਾਮ 6 ਵਜੇ ਕੈਮਰਾ ਬੰਦ ਕਰਨ ਦੀ ਸ਼ਰਤ ਨਾਲ ਉਹ ਫ਼ਿਲਮ 'ਚ ਕੰਮ ਕਰਨਗੇ ਅਤੇ ਰੱਖੀਆਂ ਸ਼ਰਤਾਂ ਉਤੇ ਸਮਝੌਤਾ ਨਹੀਂ ਕਰਨਗੇ।