‘ਆਪ’ ਆਗੂਆਂ ਨੇ ਕਿਹਾ ਕਿ ਸਿੱਖ ਇਤਿਹਾਸ ’ਤੇ ਬਣੀ ਇਹ ਫ਼ਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦਿੱਲੀ ਦੇ ਕਈ ਸੀਨੀਅਰ ਆਗੂ ਇਥੇ ਪੈਸਿਫਿਕ ਮਾਲ ਵਿਚ ਸਿੱਖ ਇਤਿਹਾਸ ’ਤੇ ਬਣੀ ਫ਼ਿਲਮ ਮਸਤਾਨੇ ਦੇਖਣ ਪਹੁੰਚੇ। ਇਸ ਮੌਕੇ ਦਿੱਲੀ ਸਰਕਾਰ ਵਿਚ ਕੈਬਨਿਟ ਮੰਤਰੀ ਸੌਰਭ ਭਾਰਦਵਾਜ, ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ, ਮੇਅਰ ਸ਼ੈਲੀ ਓਬਰਾਏ, ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਸਣੇ ਕਈ ਆਗੂ ਮੌਜੂਦ ਰਹੇ। ਇਸ ਤੋਂ ਇਲਾਵਾ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ, ਗਾਇਕ ਦਲੇਰ ਮਹਿੰਦੀ ਅਤੇ ਫ਼ਿਲਮ ਦੀ ਟੀਮ ਵੀ ਨਾਲ ਮੌਜੂਦ ਸੀ।
‘ਆਪ’ ਆਗੂਆਂ ਨੇ ਕਿਹਾ ਕਿ ਸਿੱਖ ਇਤਿਹਾਸ ’ਤੇ ਬਣੀ ਇਹ ਫ਼ਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ। ਅਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਹਨ। ਇਸ ਮੌਕੇ ਜਰਨੈਲ ਸਿੰਘ ਨੇ ਕਿਹਾ ਕਿ ਫ਼ਿਲਮ ਦੀ ਟੀਮ ਨੇ ਇਤਿਹਾਸ ਦੇ ਸੰਘਰਸ਼ ਵੇਲੇ ਦੇ ਪੰਨਿਆਂ ਦੇ ਹਿੱਸੇ ਨੂੰ ਲੈ ਕੇ ਕਾਬਿਲ-ਏ-ਤਾਰੀਫ਼ ਫ਼ਿਲਮ ਬਣਾਈ ਹੈ, ਨੌਜਵਾਨਾਂ ਨੂੰ ਇਸ ਤੋਂ ਸਬਕ ਲੈਣ ਦੀ ਲੋੜ ਹੈ। ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ।
ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਇਹ ਫ਼ਿਲਮ ਆਉਣ ਵਾਲੀਆਂ ਪੀੜੀਆਂ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ। ਇਸ ਮੌਕੇ ਤਰਸੇਮ ਜੱਸੜ ਨੇ ਕਿਹਾ ਕਿ ਇਹ ਫ਼ਿਲਮ ਬਣਾਈ ਜ਼ਰੂਰ ਉਨ੍ਹਾਂ ਵਲੋਂ ਗਈ ਹੈ ਪਰ ਇਹ ਚੱਲੀ ਅਕਾਲ ਪੁਰਖ ਦੀ ਮਿਹਰ ਸਦਕਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੇ ਅਸਲ ਨਾਇਕ ਉਹ ਸੂਰਮੇ ਹਨ, ਜਿਨ੍ਹਾਂ ਨੇ ‘12 ਵਜੇ’ ਵਾਲਾ ਇਤਿਹਾਸ ਰਚਿਆ ਸੀ। ਉਨ੍ਹਾਂ ਦਸਿਆ ਕਿ ਇਸ ਫ਼ਿਲਮ ਨੂੰ ਮਿਲ ਰਹੇ ਪਿਆਰ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਕਈ ਤਸਵੀਰਾਂ ਦੇਖ ਕੇ ਅੱਖਾਂ ਭਰ ਆਉਂਦੀਆਂ ਹਨ।