
ਫ਼ਿਲਮ ਨੂੰ ਲੈ ਕੇ ਹੋ ਰਹੇ ਵਿਰੋਧ ਕਾਰਨ ਨਿਰਮਾਤਾਵਾਂ ਨੇ ਟਾਲਿਆ ਰਿਲੀਜ਼ ਦਾ ਫੈਸਲਾ
Film Emergency Released Date Posteded : ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਪਹਿਲਾਂ ਇਹ ਫਿਲਮ 6 ਸਤੰਬਰ 2024 ਨੂੰ ਰਿਲੀਜ਼ ਹੋਣੀ ਸੀ ਪਰ ਫਿਲਹਾਲ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ।
ਮੇਕਰਸ ਅਤੇ ਕੰਗਨਾ ਵੱਲੋਂ ਅਜੇ ਤੱਕ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੈਂਸਰ ਬੋਰਡ ਤੋਂ ਫ਼ਿਲਮ ਦੇ ਸਰਟੀਫਿਕੇਸ਼ਨ 'ਚ ਦੇਰੀ ਕਾਰਨ ਇਸ ਦੀ ਰਿਲੀਜ਼ ਨੂੰ ਟਾਲਣਾ ਪਿਆ ਹੈ। ਹੁਣ ਮੇਕਰਸ ਜਲਦ ਹੀ ਇਹ ਐਲਾਨ ਕਰਨਗੇ ਕਿ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ।
ਹਾਲ ਹੀ ਵਿੱਚ ਕੰਗਨਾ ਰਣੌਤ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਸਦੀ ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਿਆ ਹੈ। ਉਸ ਨੇ ਆਰੋਪ ਲਾਇਆ ਸੀ ਕਿ ਸੀਬੀਐਫਸੀ ਦੇ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ।
ਇਸ ਤੋਂ ਇਲਾਵਾ ਗੁਰਿੰਦਰ ਸਿੰਘ ਅਤੇ ਜਗਮੋਹਨ ਸਿੰਘ ਨੇ ਬੀਤੇ ਦਿਨੀਂ ਫ਼ਿਲਮ 'ਐਮਰਜੈਂਸੀ' ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ 'ਚ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਤੋਂ ਐਮਰਜੈਂਸੀ ਦੇ ਸੈਂਸਰ ਸਰਟੀਫਿਕੇਟ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਇਸ ਨੂੰ ਪ੍ਰਮੁੱਖ ਸਿੱਖ ਸ਼ਖਸੀਅਤਾਂ ਨੂੰ ਦਿਖਾਇਆ ਜਾਵੇ ਤਾਂ ਜੋ ਉਹ ਇਸ ਦੀ ਸਮੀਖਿਆ ਕਰ ਸਕਣ।
ਦੱਸ ਦੇਈਏ ਕਿ ਅਭਿਨੇਤਰੀ ਨੇ ਫਿਲਮ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ ਐਮਰਜੈਂਸੀ ਦਾ ਸਮਾਂ ਦਿਖਾਇਆ ਗਿਆ ਹੈ। ਸਿੱਖ ਕੌਮ ਵੱਲੋਂ ਅਦਾਕਾਰਾ ਦੀ ਫਿਲਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਸਿੱਖ ਕੌਮ ਦਾ ਕਹਿਣਾ ਹੈ ਕਿ ਫਿਲਮਾਂ ਵਿੱਚ ਸਿੱਖਾਂ ਨੂੰ ਅੱਤਵਾਦੀ ਅਤੇ ਦੇਸ਼ ਵਿਰੋਧੀ ਦਿਖਾਇਆ ਗਿਆ ਹੈ। ਫਿਲਮ ਵਿੱਚ ਤੱਥਾਂ ਨੂੰ ਸਹੀ ਢੰਗ ਨਾਲ ਨਹੀਂ ਦਿਖਾਇਆ ਗਿਆ ਹੈ।