
ਪ੍ਰਸ਼ੰਸਕਾਂ ਦਾ ਰੋ-ਰੋ ਬੁਰਾ ਹਾਲ
ਵਾਸ਼ਿੰਗਟਨ: ਅਮਰੀਕੀ ਰੈਪਰ ਟੇਕਆਫ ਦੀ ਹਿਊਸਟਨ `ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ। ਦੱਸ ਦੇਈਏ ਕਿ ਉਹ ਗਰੈਮੀ ਐਵਾਰਡ ਨਾਮਜ਼ਦਗੀ ਹਾਸਲ ਕਰ ਚੁੱਕਿਆ ਸੀ ਤੇ ਉਸ ਨੇ ਆਪਣੇ ਕਰੀਅਰ `ਚ ਕਈ ਸੁਪਰਹਿੱਟ ਗੀਤ ਹਾਲੀਵੁੱਡ ਇੰਡਸਟਰੀ ਨੂੰ ਦਿੱਤੇ।
ਉਹ 28 ਸਾਲਾਂ ਦਾ ਸੀ। ਟੇਕਆਫ ਦੇ ਇੱਕ ਪ੍ਰਤੀਨਿਧੀ ਨੇ ਉਹਨਾਂ ਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਗੋਲੀਬਾਰੀ ਦੀ ਘਟਨਾ ਝਗੜੇ ਤੋਂ ਬਾਅਦ ਹੋਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੇਕਆਫ ਨੂੰ "ਜਾਂ ਤਾਂ ਸਿਰ ਵਿੱਚ ਜਾਂ ਉਸਦੇ ਸਿਰ ਦੇ ਨੇੜੇ" ਗੋਲੀ ਮਾਰੀ ਗਈ ਸੀ। ਇਸ ਕਾਰਨ ਰੈਪਰ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।
ਜਾਣਕਾਰੀ ਅਨੁਸਾਰ ਡਾਈਸ ਗੇਮ ਦੇ ਦੌਰਾਨ ਇੱਕ ਝਗੜਾ ਹੋਇਆ ਸੀ ਅਤੇ ਇਸ ਦੌਰਾਨ ਟੇਕਆਫ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਦੇ ਨਾਲ ਹੀ Fox5 ਨੇ ਆਪਣੀ ਰਿਪੋਰਟ 'ਚ ਕਿਹਾ ਕਿ ਸ਼ੂਟਿੰਗ ਦੇ ਸਮੇਂ ਬੌਲਿੰਗ ਐਲੀ 'ਚ ਕਰੀਬ 50 ਲੋਕ ਮੌਜੂਦ ਸਨ।
ਇਸ ਘਟਨਾ ਵਿੱਚ ਦੋ ਹੋਰ ਲੋਕ ਵੀ ਜ਼ਖਮੀ ਹੋਏ ਹਨ ਅਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਮੁਲਜ਼ਮਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਰੈਪਰ ਦੀ ਮੌਤ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਤ ਕਾਫੀ ਭਾਵੁਕ ਹੋ ਗਏ ਹਨ। ਟੇਕਆਫ ਦੇ ਦੋਸਤ ਅਤੇ ਪ੍ਰਸ਼ੰਸਕ ਵੀ ਟਵਿੱਟਰ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।