
ਕਿਹਾ, ‘ਫਿਲਮਾਂ ਨੂੰ ਹਿੰਸਾ ਦਾ ਇਕਲੌਤਾ ਕਾਰਨ ਦਸਣਾ ਬੇਤੁਕਾ ਅਤੇ ਗਲਤ ਹੈ। ਸਰਕਾਰ ਨੂੰ ਸਮਕਾਲੀ ਸਮਾਜਕ ਢਾਂਚੇ ’ਚ ਲੋਕਾਂ ਦੀ ਅਸੁਰੱਖਿਆ ਨੂੰ ਦੂਰ ਕਰਨਾ ਚਾਹੀਦਾ ਹੈ।’
ਕੋਚੀ : ਕੇਰਲ ਫਿਲਮ ਮੁਲਾਜ਼ਮ ਫੈਡਰੇਸ਼ਨ ਦੇ ਡਾਇਰੈਕਟਰਾਂ ਦੀ ਐਸੋਸੀਏਸ਼ਨ ਅਨੁਸਾਰ, ਇਹ ਵਿਚਾਰ ਕਿ ਹਿੰਸਾ ’ਤੇ ਅਧਾਰਤ ਫਿਲਮਾਂ ਨੌਜੁਆਨਾਂ ਨੂੰ ਭਿਆਨਕ ਅਪਰਾਧ ਕਰਨ ਲਈ ਪ੍ਰੇਰਿਤ ਕਰਦੀਆਂ ਹਨ, ਸਿਰਫ ਇਕਪਾਸੜ ਦਲੀਲ ਹੈ। ਐਸੋਸੀਏਸ਼ਨ ਦੇ ਪ੍ਰਧਾਨ ਰੇਨਜੀ ਪਾਣਿਕਰ ਅਤੇ ਜਨਰਲ ਸਕੱਤਰ ਜੀ.ਐਸ. ਵਿਜਯਨ ਨੇ ਮੰਗਲਵਾਰ ਨੂੰ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਸਰਕਾਰ, ਸਿਆਸੀ ਨੇਤਾਵਾਂ, ਮਨੋਵਿਗਿਆਨੀਆਂ, ਮੀਡੀਆ ਅਤੇ ਪੁਲਿਸ ਦੀ ਰਾਏ ਨੂੰ ਨੋਟ ਕੀਤਾ ਹੈ ਕਿ ਇਹ ਫਿਲਮਾਂ ਹਨ ਜਿਨ੍ਹਾਂ ਨੇ ਨੌਜੁਆਨਾਂ ਨੂੰ ਹਿੰਸਾ ਲਈ ਪ੍ਰੇਰਿਤ ਕੀਤਾ ਹੈ, ਜਿਸ ਨੇ ਹਾਲ ਹੀ ਦੇ ਸਮੇਂ ਵਿਚ ਸਾਡੇ ਸੂਬੇ ਨੂੰ ਹਿਲਾ ਕੇ ਰੱਖ ਦਿਤਾ ਹੈ।
ਬਿਆਨ ਅਨੁਸਾਰ, ‘‘ਇਹ ਰਾਏ ਇਕ ਬਹੁਤ ਹੀ ਕਮਜ਼ੋਰ ਅਤੇ ਸਰਲ ਸਿਧਾਂਤ ’ਤੇ ਅਧਾਰਤ ਹੈ ਕਿ ਫਿਲਮਾਂ ’ਚ ਦਰਸਾਈ ਗਈ ‘ਹਿੰਸਾ’ ਸਮਾਜਕ ਬੁਰਾਈਆਂ ਦਾ ਕਾਰਨ ਬਣਦੀ ਹੈ।’’ ਬਿਆਨ ਵਿਚ ਕਿਹਾ ਗਿਆ ਹੈ ਕਿ ਹਿੰਸਾ ’ਤੇ ਵੱਖ-ਵੱਖ ਮਾਹਰਾਂ ਵਲੋਂ ਵਿਸਥਾਰਤ ਵਿਸ਼ਲੇਸ਼ਣ ਕੀਤਾ ਗਿਆ ਹੈ। ਅਧਿਐਨਾਂ ਨੇ ਇਹ ਸਪੱਸ਼ਟ ਕਰ ਦਿਤਾ ਹੈ ਕਿ ਵਿਅਕਤੀਆਂ ਵਲੋਂ ਦਰਪੇਸ਼ ਸਮਾਜਕ, ਸਭਿਆਚਾਰਕ ਅਤੇ ਆਰਥਕ ਅਸੁਰੱਖਿਆ, ਅਲੱਗ-ਥਲੱਗ ਰਹਿਣਾ, ਬਾਈਕਾਟ ਕਰਨਾ ਅਤੇ ਹਾਸ਼ੀਏ ’ਤੇ ਜਾਣ ਨਾਲ ਹਿੰਸਾ ਹੋ ਸਕਦੀ ਹੈ।
ਬਿਆਨ ਵਿਚ ਦਲੀਲ ਦਿਤੀ ਗਈ ਹੈ ਕਿ ਬੇਮਿਸਾਲ ਮੀਡੀਆ ਦੀ ਦੁਨੀਆਂ ਵਿਚ ਵੈੱਬ ਸੀਰੀਜ਼, ਗੇਮਾਂ ਅਤੇ ਹੋਰ ਵਿਦੇਸ਼ੀ ਫਿਲਮਾਂ ਰਾਹੀਂ ਕਿਤੇ ਵੀ ਸਭਿਆਚਾਰਕ ਹਮਲਾ ਸੰਭਵ ਹੈ। ਸੱਭ ਤੋਂ ਵੱਧ ਹਿੰਸਕ ਫਿਲਮਾਂ ਕੋਰੀਆ ਅਤੇ ਜਾਪਾਨ ਤੋਂ ਆ ਰਹੀਆਂ ਹਨ, ਜਦਕਿ ਜਾਪਾਨ ’ਚ ਅਪਰਾਧ ਦੀ ਦਰ ਸੱਭ ਤੋਂ ਘੱਟ ਹੈ। ਇਸ ’ਚ ਕਿਹਾ ਗਿਆ ਹੈ, ‘‘ਫਿਲਮਾਂ ਨੂੰ ਹਿੰਸਾ ਦਾ ਇਕਲੌਤਾ ਕਾਰਨ ਦਸਣਾ ਬੇਤੁਕਾ ਅਤੇ ਗਲਤ ਹੈ। ਸਰਕਾਰ ਨੂੰ ਸਮਕਾਲੀ ਸਮਾਜਕ ਢਾਂਚੇ ’ਚ ਲੋਕਾਂ ਦੀ ਅਸੁਰੱਖਿਆ ਨੂੰ ਦੂਰ ਕਰਨਾ ਚਾਹੀਦਾ ਹੈ।’’
ਬਿਆਨ ’ਚ ਇਹ ਵੀ ਸਵਾਲ ਕੀਤਾ ਗਿਆ ਹੈ ਕਿ ਕੀ ਪਿਤਰਸੱਤਾ ਨੂੰ ਦਰਸਾਉਂਦੀਆਂ ਫਿਲਮਾਂ ਸਮਾਜ ’ਚ ਮਰਦਾਂ ਦੀ ਸਰਵਉੱਚਤਾ ਨੂੰ ਉਤਸ਼ਾਹਤ ਕਰ ਸਕਦੀਆਂ ਹਨ? ਇਸ ’ਚ ਪੁਛਿਆ ਗਿਆ ਹੈ, ‘‘ਕੀ ਫਿਲਮਾਂ ਜਿਨਸੀ ਹਿੰਸਾ ਅਤੇ ਜਬਰ ਜਨਾਹ ਵਰਗੇ ਅਪਰਾਧਾਂ ਨੂੰ ਉਤਸ਼ਾਹਤ ਕਰਦੀਆਂ ਹਨ? ਕੀ ਸਿਨੇਮਾ ਸਿਆਸੀ ਪਾਰਟੀਆਂ ’ਚ ਵਿਚਾਰਧਾਰਕ ਪਤਨ ਅਤੇ ਸਰਕਾਰਾਂ ’ਤੇ ਹਾਵੀ ਭ੍ਰਿਸ਼ਟਾਚਾਰ ਦਾ ਕਾਰਨ ਹੈ?’’