
ਕਾਲੇ ਧਨ ਨੂੰ ਚਿੱਟਾ ਕਰਨ ਦਾ ਮਾਮਲਾ, ਕਈ ਹੋਰ ਮਸ਼ਹੂਰ ਹਸਤੀਆਂ ਤੋਂ ਵੀ ਕੀਤੀ ਜਾ ਸਕਦੀ ਹੈ ਪੁਛ-ਪੜਤਾਲ
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਮਹਾਦੇਵ ਬੁਕਸ ਕਾਲੇ ਧਨ ਨੂੰ ਚਿੱਟਾਂ ਕਰਨ ਦੇ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁਕਰਵਾਰ ਨੂੰ ਅਪਣੇ ਮੁੰਬਈ ਦਫਤਰ ’ਚ ਤਲਬ ਕੀਤਾ ਹੈ।
ਯੂ.ਏ.ਈ. ’ਚ ਮਹਾਦੇਵ ਬੁਕਸ ਦੇ ਪ੍ਰੋਮੋਟਰਾਂ ’ਚੋਂ ਇਕ ਸੌਰਭ ਚੰਦਰਾਕਰ ਦੇ ਵਿਆਹ ਸਮਾਰੋਹ ’ਚ ਕਈ ਬਾਲੀਵੁੱਡ ਹਸਤੀਆਂ ਦੇ ਸ਼ਾਮਲ ਹੋਣ ਤੋਂ ਬਾਅਦ ਇਹ ਘਟਨਾਕ੍ਰਮ ਵੇਖਣ ਨੂੰ ਮਿਲਿਆ ਹੈ।
ਸੂਤਰ ਨੇ ਦਸਿਆ ਕਿ ਸੌਰਭ ਚੰਦਰਾਕਰ ਦੇ ਸ਼ਾਨਦਾਰ ਵਿਆਹ ਸਮਾਰੋਹ ’ਚ ਬਾਲੀਵੁਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਵਿੱਤੀ ਜਾਂਚ ਏਜੰਸੀ ਨੂੰ ਪਿਛਲੇ ਮਹੀਨੇ ਕੀਤੀ ਗਈ ਤਲਾਸ਼ੀ ਦੌਰਾਨ ਹੋਟਲਾਂ ਦੇ ਭੁਗਤਾਨ ਅਤੇ ਆਵਾਜਾਈ ਦੇ ਵੇਰਵੇ ਮਿਲੇ ਸਨ।
ਦੋਸ਼ ਹੈ ਕਿ ਮਹਾਦੇਵ ਬੁੱਕਸ ਨੇ ਦੁਬਈ ’ਚ ਵਿਆਹ ਦੇ ਪ੍ਰੋਗਰਾਮ ’ਤੇ ਲਗਭਗ 200 ਕਰੋੜ ਰੁਪਏ ਖਰਚ ਕੀਤੇ, ਜਿਸ ’ਚ ਪਰਿਵਾਰ ਦੇ ਜੀਆਂ ਨੂੰ ਨਾਗਪੁਰ ਤੋਂ ਯੂ.ਏ.ਈ. ਜਾਣ ਲਈ ਪ੍ਰਾਈਵੇਟ ਜੈੱਟ ਕਿਰਾਏ ’ਤੇ ਲੈਣਾ ਵੀ ਸ਼ਾਮਲ ਹੈ।
ਈ.ਡੀ. ਦੀ ਜਾਂਚ ’ਚ ਇਹ ਵੀ ਪਾਇਆ ਗਿਆ ਕਿ ਵਿਆਹ ’ਚ ਪਰਫਾਰਮ ਕਰਨ ਲਈ ਮਸ਼ਹੂਰ ਹਸਤੀਆਂ ਨੂੰ ਕੰਮ ’ਤੇ ਰਖਿਆ ਗਿਆ ਸੀ। ਵਿਆਹ ਪਲਾਨਰ, ਨੱਚਣ ਵਾਲੇ, ਸਜਾਵਟ ਕਰਨ ਵਾਲੇ ਆਦਿ ਨੂੰ ਮੁੰਬਈ ਤੋਂ ਕੰਮ ’ਤੇ ਰਖਿਆ ਗਿਆ ਸੀ ਅਤੇ ਨਕਦ ਭੁਗਤਾਨ ਕਰਨ ਲਈ ਹਵਾਲਾ ਚੈਨਲਾਂ ਦੀ ਵਰਤੋਂ ਕੀਤੀ ਗਈ ਸੀ।
ਈ.ਡੀ. ਨੇ ਕਿਹਾ ਕਿ ਉਸ ਦੇ ਡਿਜੀਟਲ ਸਬੂਤਾਂ ਅਨੁਸਾਰ, ਇਕ ਈਵੈਂਟ ਮੈਨੇਜਮੈਂਟ ਕੰਪਨੀ, ਯੋਗੇਸ਼ ਪੋਪਟ ਦੀ ਆਰ-1 ਈਵੈਂਟਸ ਪ੍ਰਾਈਵੇਟ ਲਿਮਟਿਡ ਨੂੰ ਹਵਾਲਾ ਰਾਹੀਂ 112 ਕਰੋੜ ਰੁਪਏ ਦਿਤੇ ਗਏ ਸਨ ਅਤੇ ਏ.ਈ.ਡੀ. ’ਚ ਨਕਦ ਭੁਗਤਾਨ ਕਰ ਕੇ 42 ਕਰੋੜ ਰੁਪਏ ਦੀ ਹੋਟਲ ਬੁਕਿੰਗ ਕੀਤੀ ਗਈ ਸੀ।
ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੋਪਟ, ਮਿਥਿਲੇਸ਼ ਅਤੇ ਹੋਰ ਸਬੰਧਤ ਪ੍ਰਬੰਧਕਾਂ ਦੇ ਟਿਕਾਣਿਆਂ ਦੀ ਤਲਾਸ਼ੀ ਦੌਰਾਨ 112 ਕਰੋੜ ਰੁਪਏ ਦੀ ਹਵਾਲਾ ਰਕਮ ਪ੍ਰਾਪਤ ਹੋਣ ਦੇ ਸਬੂਤ ਸਾਹਮਣੇ ਆਏ ਹਨ।
ਈ.ਡੀ. ਨੇ ਦਾਅਵਾ ਕੀਤਾ, ‘‘ਇਸ ਤੋਂ ਬਾਅਦ, ਪੋਪਟ ਦੇ ਨਾਮਜ਼ਦ ਆਂਗੜੀਆ ਦੀ ਤਲਾਸ਼ੀ ਲਈ ਗਈ ਅਤੇ 2.37 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ ਗਈ।’’
ਸੂਤਰ ਨੇ ਦਸਿਆ ਕਿ ਆਉਣ ਵਾਲੇ ਦਿਨਾਂ ’ਚ ਦੁਬਈ ’ਚ ਸੌਰਭ ਚੰਦਰਾਕਰ ਦੇ ਸਮਾਗਮ ’ਚ ਸ਼ਾਮਲ ਹੋਣ ਵਾਲੀਆਂ ਕਈ ਮਸ਼ਹੂਰ ਹਸਤੀਆਂ ਤੋਂ ਵਿੱਤੀ ਜਾਂਚ ਏਜੰਸੀ ਦੇ ਅਧਿਕਾਰੀਆਂ ਵਲੋਂ ਪੁਛ-ਪੜਤਾਲ ਕੀਤੀ ਜਾਵੇਗੀ। ਕਈ ਏ-ਲਿਸਟ ਦੀਆਂ ਮਸ਼ਹੂਰ ਹਸਤੀਆਂ ਸਨ ਜੋ ਕਥਿਤ ਤੌਰ ’ਤੇ ਦੁਬਈ ’ਚ ਪ੍ਰੋਗਰਾਮ ’ਚ ਸ਼ਾਮਲ ਹੋਈਆਂ ਸਨ।