
28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ
ਮੁੰਬਈ: ਕਾਮੇਡੀ ਫ਼ਿਲਮ 'ਫੁਕਰੇ' ਦੇ ਨਿਰਮਾਤਾਵਾਂ ਨੇ ਫ਼ਿਲਮ ਦੇ ਤੀਜੇ ਭਾਗ 'ਫੁਕਰੇ-3' ਦਾ ਟ੍ਰੇਲਰ ਰਿਲੀਜ਼ ਕਰ ਦਿਤਾ ਹੈ। ਫ਼ਿਲਮ 'ਚ ਇਕ ਵਾਰ ਫਿਰ ਪੁਲਕਿਤ ਸਮਰਾਟ, ਮਨਜੋਤ ਸਿੰਘ ਅਤੇ ਵਰੁਣ ਸ਼ਰਮਾ ਦੀ ਜੋੜੀ ਸਾਰਿਆਂ ਨੂੰ ਹਸਾਏਗੀ। ਰਿਚਾ ਚੱਢਾ ਵੀ ਫ਼ਿਲਮ ਵਿਚ ਪੰਜਾਬਣ ਦੇ ਰੂਪ ਵਿਚ ਦਿਖਾਈ ਦੇਵੇਗੀ।
ਪੰਕਜ ਤ੍ਰਿਪਾਠੀ ਫ਼ਿਲਮ 'ਚ ਕਾਮੇਡੀ ਦਾ ਜ਼ਬਰਦਸਤ ਤੜਕਾ ਲਗਾਉਂਦੇ ਨਜ਼ਰ ਆਉਣਗੇ। ਫ਼ਿਲਮ ਦਾ ਟ੍ਰੇਲਰ ਕਾਮੇਡੀ ਨਾਲ ਭਰਪੂਰ ਹੈ। 'ਫੁਕਰੇ-3' ਪਹਿਲਾਂ 1 ਦਸੰਬਰ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫ਼ਿਲਮ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਮ੍ਰਿਗਦੀਪ ਸਿੰਘ ਲਾਂਬਾ ਦੁਆਰਾ ਨਿਰਦੇਸ਼ਤ ਫ਼ਿਲਮ ਫੁਕਰੇ 2013 ਵਿਚ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ। ਫ਼ਿਲਮ 'ਚ ਪੁਲਕਿਤ ਸਮਰਾਟ, ਅਲੀ ਫਜ਼ਲ, ਰਿਚਾ ਚੱਢਾ, ਪ੍ਰਿਆ ਆਨੰਦ, ਮਨਜੋਤ ਸਿੰਘ, ਵਰੁਣ ਸ਼ਰਮਾ, ਪੰਕਜ ਤ੍ਰਿਪਾਠੀ ਵਰਗੇ ਕਈ ਸਿਤਾਰੇ ਮੁੱਖ ਭੂਮਿਕਾਵਾਂ 'ਚ ਸਨ। ਫ਼ਿਲਮ ਰਿਟਰਨਜ਼ ਫੁਕਰੇ ਦੇ 4 ਸਾਲ ਬਾਅਦ 2017 ਵਿਚ ਰਿਲੀਜ਼ ਹੋਈ ਸੀ। ਹੁਣ 5 ਸਾਲ ਬਾਅਦ ਫ਼ਿਲਮ ਦਾ ਤੀਜਾ ਭਾਗ ਰਿਲੀਜ਼ ਹੋ ਰਿਹਾ ਹੈ। ਹਾਲਾਂਕਿ ਇਸ ਹਿੱਸੇ 'ਚ ਅਲੀ ਫਜ਼ਲ ਨਜ਼ਰ ਨਹੀਂ ਆਉਣਗੇ।