
ਫ਼ਿਲਮ ਨੂੰ ਸਥਾਨਕ ਫ਼ਿਲਮ ਵਰਗੀਕਰਨ ਦਿਸ਼ਾ-ਨਿਰਦੇਸ਼ਾਂ ਦੇ ਦਾਇਰੇ ਤੋਂ ਮੰਨਿਆ ਗਿਆ ਬਾਹਰ
ਸਿੰਗਾਪੁਰ: ਕਸ਼ਮੀਰ ਘਾਟੀ ਤੋਂ ਹਿੰਦੂਆਂ ਦੇ ਪਲਾਇਨ ’ਤੇ ਬਣੀ ਹਿੰਦੀ ਫ਼ਿਲਮ ‘ਦਿ ਕਸ਼ਮੀਰ ਫ਼ਾਈਲਜ਼’ ਦੇ ਸਿੰਗਾਪੁਰ ’ਚ ਪ੍ਰਦਰਸ਼ਨ ’ਤੇ ਰੋਕ ਲਾਈ ਜਾਵੇਗੀ ਕਿਉਂਕਿ ਫ਼ਿਲਮ ਨੂੰ ਸਥਾਨਕ ਫ਼ਿਲਮ ਵਰਗੀਕਰਨ ਦਿਸ਼ਾ-ਨਿਰਦੇਸ਼ਾਂ ਦੇ ਦਾਇਰੇ ਤੋਂ ਬਾਹਰ ਮੰਨਿਆ ਗਿਆ ਹੈ। ਸੋਮਵਾਰ ਨੂੰ ਇਕ ਖ਼ਬਰ ਵਿਚ ਇਹ ਗੱਲ ਕਹੀ ਗਈ।
ਇਨਫੋਕਾਮ ਮੀਡੀਆ ਡਿਵੈਲਪਮੈਂਟ ਅਥਾਰਟੀ (ਆਈਐਮਡੀਏ) ਨੇ ਸਭਿਆਚਾਰਕ, ਭਾਈਚਾਰੇ ਅਤੇ ਯੂਥ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਨਾਲ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਅਧਿਕਾਰੀਆਂ ਨੇ ਹਿੰਦੀ ਭਾਸ਼ਾ ਦੀ ਇਸ ਫ਼ਿਲਮ ਨੂੰ ਸਿੰਗਾਪੁਰ ਦੇ ਫ਼ਿਲਮ ਵਰਗੀਕਰਨ ਦਿਸ਼ਾ ਨਿਰਦੇਸ਼ਾਂ ਦੇ ਮਾਨਕਾਂ ਤੋਂ ਪਰੇ ਪਾਇਆ ਹੈ।
ਅਧਿਕਾਰੀਆਂ ਨੇ ਚੈਨਲ ਨਿਊਜ਼ ਏਸ਼ੀਆ ਨੂੰ ਕਿਹਾ, ‘‘ਫ਼ਿਲਮ ਮੁਸਲਮਾਨਾਂ ਦੇ ਇਕ ਤਰਫਾ ਅਤੇ ਭੜਕਾਉ ਚਿੱਤਰਣ ਤੇ ਕਸ਼ਮੀਰ ’ਚ ਸੰਘਰਸ਼ਾਂ ’ਚ ਹਿੰਦੂਆਂ ਦੇ ਸ਼ੋਸ਼ਣ ਨੂੰ ਦਰਸ਼ਾਉਣ ਕਾਰਨ ਵਰਗੀਕਰਨ ਦੇ ਦਾਇਰੇ ਵਿਚ ਨਹੀਂ ਆਉਂਦੀ।’’ ਉਨ੍ਹਾਂ ਕਿਹਾ ਕਿ ਫ਼ਿਲਮ ਵਰਗੀਕਰਨ ਦਿਸ਼ਾ ਨਿਰਦੇਸ਼ਾਂ ਤਹਿਤ ਸਿੰਗਾਪੁਰ ’ਚ ਨਸਲੀ ਜਾਂ ਧਾਰਮਕ ਭਾਈਚਾਰੇ ਲਈ ਨਿੰਦਾਤਮਕ ਕਿਸੇ ਵੀ ਸਮੱਗਰੀ ਨੂੰ ਇਜਾਜ਼ਤ ਨਹੀਂ ਹੈ।