
‘ਪੁਸ਼ਪਾ 2 : ਦਿ ਰੂਲ’ ਉਸ ਦੇ ਕਰੀਅਰ ਦੀ ਸੱਭ ਤੋਂ ਵੱਡੀ ਹਿੱਟ ਹੈ ਅਤੇ ਰੀਕਾਰਡ ਬੁੱਕ ’ਚ ਵੀ ਦਾਖਲ ਹੋ ਗਈ ਹੈ
ਨਵੀਂ ਦਿੱਲੀ : ਅਪਣੀ ਹਾਲ ਹੀ ’ਚ ਰਿਲੀਜ਼ ਹੋਈ ਫਿਲਮ ‘ਪੁਸ਼ਪਾ 2 : ਦਿ ਰੂਲ’ ਨਾਲ ਬਾਕਸ ਆਫਿਸ ’ਤੇ ਧਮਾਲ ਮਚਾ ਰਹੇ ਅਦਾਕਾਰ ਅੱਲੂ ਅਰਜੁਨ ਲਈ ਅੱਜ ਦਾ ਦਿਨ ਬਹੁਤ ਅਣਕਿਆਸਿਆ ਰਿਹਾ। ਉਸ ਨੂੰ ਸਵੇਰੇ ਹਿਰਾਸਤ ’ਚ ਲੈ ਲਿਆ ਗਿਆ, ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਭੇਜ ਦਿਤਾ ਗਿਆ ਅਤੇ ਫਿਰ ਜ਼ਮਾਨਤ ਵੀ ਮਿਲ ਗਈ।
ਵੀਰਵਾਰ ਨੂੰ 42 ਸਾਲ ਦਾ ਇਹ ਅਦਾਕਾਰ ‘ਪੁਸ਼ਪਾ 2: ਦਿ ਰੂਲ’ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਦਿੱਲੀ ਆਇਆ ਸੀ। ਇਹ ਉਸ ਦੇ ਕਰੀਅਰ ਦੀ ਸੱਭ ਤੋਂ ਵੱਡੀ ਹਿੱਟ ਹੈ ਅਤੇ ਰੀਕਾਰਡ ਬੁੱਕ ’ਚ ਵੀ ਦਾਖਲ ਹੋ ਗਈ ਹੈ ਕਿਉਂਕਿ ਇਹ ਸਿਰਫ ਛੇ ਦਿਨਾਂ ’ਚ 1,000 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਪਹਿਲੀ ਭਾਰਤੀ ਫਿਲਮ ਹੈ।
ਹੈਦਰਾਬਾਦ ’ਚ 4 ਦਸੰਬਰ ਨੂੰ ਫਿਲਮ ਦੇ ਪ੍ਰੀਮੀਅਰ ਦੌਰਾਨ 35 ਸਾਲ ਦੀ ਔਰਤ ਦੀ ਮੌਤ ਦੇ ਮਾਮਲੇ ’ਚ ਪੁਲਿਸ ਨੇ ਸ਼ੁਕਰਵਾਰ ਨੂੰ ਅਦਾਕਾਰ ਦੇ ਘਰ ਜਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਸਖਤ ਸੁਰੱਖਿਆ ਵਿਚਾਲੇ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਪੁਲਿਸ ਦੀ ਗੱਡੀ ਵਿਚ ਥਾਣੇ ਲਿਜਾਇਆ ਗਿਆ। ਇਸ ਪੂਰੇ ਘਟਨਾਕ੍ਰਮ ਨੇ ਖਾਸ ਤੌਰ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿਤਾ।
ਸਥਾਨਕ ਅਦਾਲਤ ਨੇ ‘ਐਕਸ਼ਨ ਹੀਰੋ’ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿਤਾ। ਅਤੇ ਫਿਰ ਕੁੱਝ ਘੰਟਿਆਂ ਬਾਅਦ, ਤੇਲੰਗਾਨਾ ਹਾਈ ਕੋਰਟ ਨੇ ਉਸ ਨੂੰ ਚਾਰ ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦੇ ਦਿਤੀ। ‘ਪੁਸ਼ਪਾ 2: ਦਿ ਰੂਲ’ ਨੇ 2021 ’ਚ ‘ਪੁਸ਼ਪਾ: ਦਿ ਰਾਈਜ਼’ ਦੀ ਸਫਲਤਾ ਨੂੰ ਵੀ ਪਿੱਛੇ ਛੱਡ ਦਿਤਾ। ਸੀਕਵਲ ਹਿੰਦੀ, ਤਾਮਿਲ, ਕੰਨੜ, ਬੰਗਾਲੀ ਅਤੇ ਮਲਿਆਲਮ ’ਚ ਰਿਲੀਜ਼ ਕੀਤਾ ਗਿਆ ਸੀ। ਇਸ ਤਰ੍ਹਾਂ, ਇਹ ਪਹਿਲੇ ਐਡੀਸ਼ਨ ਨਾਲੋਂ ਤਿੰਨ ਹੋਰ ਭਾਸ਼ਾਵਾਂ ’ਚ ਜਾਰੀ ਕੀਤਾ ਗਿਆ ਸੀ।
ਅੱਲੂ ਅਰਜੁਨ ਦਾ ਜਨਮ 8 ਅਪ੍ਰੈਲ 1982 ਨੂੰ ਚੇਨਈ, ਤਾਮਿਲਨਾਡੂ, ਭਾਰਤ ’ਚ ਹੋਇਆ ਸੀ। ਉਸ ਦੇ ਦਾਦਾ ਮਸ਼ਹੂਰ ਕਾਮੇਡੀਅਨ ਅੱਲੂ ਰਾਮਲਿੰਗੀਆ ਸਨ, ਜਿਨ੍ਹਾਂ ਨੇ 1,000 ਤੋਂ ਵੱਧ ਫਿਲਮਾਂ ’ਚ ਕੰਮ ਕੀਤਾ। ਉਹ ਤੇਲਗੂ ਸਿਨੇਮਾ ਦੇ ਇਕ ਹੋਰ ਮੌਜੂਦਾ ਅਦਾਕਾਰ ਰਾਮ ਚਰਨ ਨਾਲ ਸੰਬੰਧਿਤ ਹੈ, ਜੋ ਅਦਾਕਾਰ ਚਿਰੰਜੀਵੀ ਦਾ ਪੁੱਤਰ ਹੈ। ਅੱਲੂ ਅਰਜੁਨ ਨੇ 1985 ’ਚ ਚਿਰੰਜੀਵੀ ਦੀ ਫਿਲਮ ‘ਵਿਜੇਤਾ’ ਨਾਲ ਇਕ ਬਾਲ ਕਲਾਕਾਰ ਵਜੋਂ ਸ਼ੁਰੂਆਤ ਕੀਤੀ ਸੀ। 2003 ’ਚ, ਉਸ ਨੇ ‘ਗੰਗੋਤਰੀ’ ਨਾਲ ਮੁੱਖ ਭੂਮਿਕਾ ’ਚ ਕਦਮ ਰਖਿਆ।
‘ਪੁਸ਼ਪਾ’ ਦਾ ਨਿਰਦੇਸ਼ਨ ਕਰਨ ਵਾਲੇ ਸੁਕੁਮਾਰ ਨੇ ਅਰਜੁਨ ਨੂੰ ਅਪਣੀ ਪਹਿਲੀ ਹਿੱਟ ਫਿਲਮ ‘ਆਰਿਆ’ ਨਾਲ ਦਿਤੀ ਸੀ। ਇਸ ਫਿਲਮ ਨੇ ਅਭਿਨੇਤਾ ਨੂੰ ਉਚਾਈਆਂ ’ਤੇ ਪਹੁੰਚਾਇਆ। ‘ਪੁਸ਼ਪਾ: ਦਿ ਰਾਈਜ਼’ ਉਸ ਦੇ ਕਰੀਅਰ ਦਾ ਇਕ ਮੋੜ ਸਾਬਤ ਹੋਇਆ, ਜਿਸ ਨੇ ਦੇਸ਼ ਭਰ ਵਿਚ ਪ੍ਰਸਿੱਧੀ ਹਾਸਲ ਕੀਤੀ ਅਤੇ ਫਿਲਮ ਦਾ ਸ਼ਕਤੀਸ਼ਾਲੀ ਡਾਇਲਾਗ ‘ਝੁਕੇਗਾ ਨਹੀਂ’ ਅਜੇ ਵੀ ਲੋਕਾਂ ਦੀ ਜ਼ੁਬਾਨ ’ਤੇ ਹੈ।
ਇਸ ਫਿਲਮ ’ਚ ਅੱਲੂ ਅਰਜੁਨ ਵਲੋਂ ਨਿਭਾਏ ਗਏ ਪੁਸ਼ਪਰਾਜ ਦਾ ਦਾੜ੍ਹੀ ’ਤੇ ਹੱਥ ਮਾਰਨ ਦਾ ਸੀਨ ਇੰਨਾ ਮਸ਼ਹੂਰ ਹੋਇਆ ਸੀ ਕਿ ਸਾਬਕਾ ਆਸਟਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਜਦੋਂ ਵੀ ਸੈਂਕੜਾ ਲਗਾਉਂਦੇ ਸਨ ਤਾਂ ਉਨ੍ਹਾਂ ਦੀ ਨਕਲ ਕਰਦੇ ਹਨ।