
ਫਿਲਮ 'ਜੋਗੀ' 16 ਸਤੰਬਰ ਤੋਂ OTT ਪਲੇਟਫਾਰਮ Netflix 'ਤੇ ਪ੍ਰਸਾਰਿਤ ਹੋਵੇਗੀ।
ਮੁੰਬਈ: ਮਸ਼ਹੂਰ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਦੀ ਆਉਣ ਵਾਲੀ ਫਿਲਮ ‘ਜੋਗੀ’ 1984 ਸਿੱਖ ਨਸਲਕੁਸ਼ੀ ’ਤੇ ਆਧਾਰਿਤ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਦੰਗੇ ਨਹੀਂ ਸਗੋਂ ‘ਨਸਲਕੁਸ਼ੀ’ ਕਿਹਾ ਜਾਣਾ ਚਾਹੀਦਾ ਹੈ।
ਇਕ ਇੰਟਰਵਿਊ ਦੌਰਾਨ ਦਿਲਜੀਤ ਦੁਸਾਂਝ ਨੇ ਕਿਹਾ, “ਸਾਨੂੰ ਇਸ ਨੂੰ ਦੰਗੇ ਨਹੀਂ ਕਹਿਣਾ ਚਾਹੀਦਾ, ਇਸ ਲਈ ਸਹੀ ਸ਼ਬਦ ਨਸਲਕੁਸ਼ੀ ਹੈ। ਜਦੋਂ ਲੋਕਾਂ ਵਿਚ ਦੋ-ਪੱਖੀ ਲੜਾਈ ਹੁੰਦੀ ਹੈ ਤਾਂ ਉਸ ਨੂੰ ਦੰਗਾ ਕਿਹਾ ਜਾਂਦਾ ਹੈ। ਮੇਰੇ ਹਿਸਾਬ ਨਾਲ ਇਸ ਨੂੰ ਨਸਲਕੁਸ਼ੀ ਕਿਹਾ ਜਾਣਾ ਚਾਹੀਦਾ ਹੈ।" ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣੀ ਹਿੰਦੀ ਫੀਚਰ ਫਿਲਮ 'ਜੋਗੀ' ਰਾਸ਼ਟਰੀ ਰਾਜਧਾਨੀ 'ਚ ਸਿੱਖ ਭਾਈਚਾਰੇ ਦੇ ਦੁੱਖਾਂ ਨੂੰ ਬਿਆਨ ਕਰੇਗੀ। ਫਿਲਮ ਵਿਚ ਮੁੱਖ ਕਿਰਦਾਰ ਨਿਭਾਉਣ ਵਾਲੇ ਦੁਸਾਂਝ ਦਾ ਕਹਿਣਾ ਹੈ ਕਿ ਇਹ ਫਿਲਮ 1984 ਵਿਚ ਵਾਪਰੀਆਂ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਦਾ "ਸਮੂਹਿਕ" ਚਿੱਤਰਣ ਹੈ।
ਦੁਸਾਂਝ ਨੇ ਕਿਹਾ, “ਇਹ ਨਹੀਂ ਹੈ ਕਿ ਇਹ ਇਕ ਜਾਂ ਕੁਝ ਲੋਕਾਂ ਨਾਲ ਹੋਇਆ ਹੈ। ਮੈਂ ਜਾਣਦਾ ਹਾਂ ਕਿ ਇਹ ਘਟਨਾ ਸਾਡੇ ਸਾਰਿਆਂ ਨਾਲ ਸਮੂਹਿਕ ਤੌਰ 'ਤੇ ਵਾਪਰੀ ਹੈ। ਜੇ ਮੈਂ ਕੁਝ ਘਟਨਾਵਾਂ ਬਾਰੇ ਗੱਲ ਕਰਾਂ ਤਾਂ ਇਹ ਨਿੱਜੀ ਹੋਵੇਗੀ। ਅਸੀਂ ਫਿਲਮ ਵਿਚ ਇਸ ਬਾਰੇ ਸਮੂਹਿਕ ਤੌਰ 'ਤੇ ਗੱਲ ਕਰ ਰਹੇ ਹਾਂ। ਮੈਂ ਜਨਮ ਤੋਂ ਹੀ ਸੁਣਦਾ ਆ ਰਿਹਾ ਹਾਂ ਅਤੇ ਅੱਜ ਵੀ ਅਸੀਂ ਉਹਨਾਂ ਯਾਦਾਂ ਨਾਲ ਜੀ ਰਹੇ ਹਾਂ”। ਫਿਲਮ 'ਜੋਗੀ' 16 ਸਤੰਬਰ ਤੋਂ OTT ਪਲੇਟਫਾਰਮ Netflix 'ਤੇ ਪ੍ਰਸਾਰਿਤ ਹੋਵੇਗੀ।
'ਜੋਗੀ' 'ਚ ਦਿਲਜੀਤ ਦੁਸਾਂਝ, ਮੁਹੰਮਦ ਜ਼ੀਸ਼ਾਨ ਅਯੂਬ ਅਤੇ ਹਿਤੇਨ ਤੇਜਵਾਨੀ ਤੋਂ ਇਲਾਵਾ ਕੁਮੁਦ ਮਿਸ਼ਰਾ ਅਤੇ ਅਮਾਇਰਾ ਦਸਤੂਰ ਨੇ ਵੀ ਕੰਮ ਕੀਤਾ ਹੈ। ਨਿਰਦੇਸ਼ਕ ਜ਼ਫਰ ਨੇ ਹਿਮਾਂਸ਼ੂ ਕਿਸ਼ਨ ਮਹਿਰਾ ਨਾਲ ਮਿਲ ਕੇ ਫਿਲਮ ਦਾ ਨਿਰਮਾਣ ਕੀਤਾ ਹੈ।