
ਸੋਹਾਨੀ ਨੂੰ ਆਮਿਰ ਖਾਨ ਦੀ ਬਲਾਕਬਸਟਰ ਫਿਲਮ 'ਦੰਗਲ' (2016) ਤੋਂ ਲਾਈਮਲਾਈਟ ਮਿਲੀ ਸੀ
Suhani Bhatnagar Death: ਨਵੀਂ ਦਿੱਲੀ - ਸਿਨੇਮਾ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰਾ ਸੁਹਾਨੀ ਭਟਨਾਗਰ ਦਾ 19 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਸੁਹਾਨੀ ਦੇ ਫੈਨਜ਼ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਦੁਖੀ ਹਨ। ਲੋਕ 'ਦੰਗਲ' ਗਰਲ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਸਨ ਪਰ ਉਸ ਦੇ ਦਿਹਾਂਤ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ।
ਫਰੀਦਾਬਾਦ ਦੀ ਰਹਿਣ ਵਾਲੀ ਸੁਹਾਨੀ ਭਟਨਾਗਰ ਦੀ ਮੌਤ ਦਾ ਕਾਰਨ ਪੂਰੇ ਸਰੀਰ 'ਚ ਪਾਣੀ ਭਰ ਜਾਣਾ ਦੱਸਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਸੁਹਾਨੀ ਨਾਲ ਸੜਕ ਹਾਦਸਾ ਵਾਪਰਿਆ ਸੀ, ਜਿਸ ਕਾਰਨ ਉਸ ਦੀ ਲੱਤ ਫਰੈਕਚਰ ਹੋ ਗਈ ਸੀ। ਸੁਹਾਨੀ ਨੇ ਇਲਾਜ ਲਈ ਜੋ ਦਵਾਈਆਂ ਲਈਆਂ, ਉਨ੍ਹਾਂ ਦੇ ਅਜਿਹੇ ਮਾੜੇ ਪ੍ਰਭਾਵ ਪਏ ਕਿ ਉਸ ਦਾ ਸਰੀਰ ਹੌਲੀ-ਹੌਲੀ ਪਾਣੀ ਨਾਲ ਭਰ ਗਿਆ। ਉਹ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਾਖਲ ਸੀ।
ਸੁਹਾਨੀ ਭਟਨਾਗਰ ਬਾਲੀਵੁੱਡ ਦੀ ਮਸ਼ਹੂਰ ਬਾਲ ਕਲਾਕਾਰ ਸੀ। ਉਸ ਨੂੰ ਆਮਿਰ ਖਾਨ ਦੀ ਬਲਾਕਬਸਟਰ ਫਿਲਮ 'ਦੰਗਲ' (2016) ਤੋਂ ਲਾਈਮਲਾਈਟ ਮਿਲੀ ਸੀ। ਉਸ ਨੇ ਫਿਲਮ ਵਿਚ ਜੂਨੀਅਰ ਬਬੀਤਾ ਫੋਗਾਟ ਦੀ ਭੂਮਿਕਾ ਨਿਭਾਈ ਸੀ। ਫ਼ਿਲਮ 'ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ਼ ਹੋਈ ਸੀ। ਉਸ ਨੇ ਕਈ ਟੀਵੀ ਵਿਗਿਆਪਨਾਂ ਵਿਚ ਵੀ ਕੰਮ ਕੀਤਾ ਸੀ।
'ਦੰਗਲ' ਫਿਲਮ ਕਰਨ ਤੋਂ ਬਾਅਦ ਸੁਹਾਨੀ ਭਟਨਾਗਰ ਕੋਲ ਫਿਲਮਾਂ ਦੀ ਕਤਾਰ ਲੱਗ ਜਾਣੀ ਸੀ ਪਰ ਅਦਾਕਾਰਾ ਨੇ ਕੰਮ ਤੋਂ ਬ੍ਰੇਕ ਲੈਣ ਦਾ ਫ਼ੈਸਲਾ ਕਰ ਲਿਆ ਸੀ। ਸੁਹਾਨੀ ਪਹਿਲਾਂ ਪੜ੍ਹਾਈ 'ਤੇ ਧਿਆਨ ਦੇਣਾ ਚਾਹੁੰਦੀ ਸੀ। ਸੁਹਾਨੀ ਨੇ ਕਈ ਇੰਟਰਵਿਊਜ਼ 'ਚ ਕਿਹਾ ਸੀ ਕਿ ਉਹ ਪੜ੍ਹਾਈ ਤੋਂ ਬਾਅਦ ਸਿਨੇਮਾ 'ਚ ਵਾਪਸੀ ਕਰੇਗੀ।
ਸੁਹਾਨੀ ਭਟਨਾਗਰ 25 ਨਵੰਬਰ 2021 ਤੋਂ ਇੰਸਟਾਗ੍ਰਾਮ ਅਕਾਊਂਟ 'ਤੇ ਐਕਟਿਵ ਨਹੀਂ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ। ਸੁਹਾਨੀ ਦਾ ਇਹ ਟਰਾਂਸਫਾਰਮੇਸ਼ਨ ਦੇਖ ਕੇ ਲੋਕ ਹੈਰਾਨ ਰਹਿ ਗਏ। ਸੁਹਾਨੀ ਦਾ ਲੁੱਕ ਕਾਫ਼ੀ ਬਦਲ ਗਿਆ ਸੀ। ਉਹ ਪਹਿਲਾਂ ਨਾਲੋਂ ਜ਼ਿਆਦਾ ਗਲੈਮਰਸ ਹੋ ਗਈ ਸੀ।