
ਕਿਹਾ, ਇਕ ਨਿਸ਼ਚਿਤ ਅਕਸ ਵਾਲਾ ਵਿਅਕਤੀ ਸ਼ਕਤੀਮਾਨ ਨਹੀਂ ਬਣ ਸਕਦਾ, ਬਾਅਦ ’ਚ ਪੋਸਟ ਨੂੰ ਡਿਲੀਟ ਕੀਤਾ
ਨਵੀਂ ਦਿੱਲੀ: ਸਾਲ 1990 ਦੇ ਦਹਾਕੇ ’ਚ ਦੂਰਦਰਸ਼ਨ ’ਤੇ ਚੱਲਣ ਵਾਲੇ ਮਸ਼ਹੂਰ ਸ਼ੋਅ ‘ਸ਼ਕਤੀਮਾਨ’ ’ਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਮੁਕੇਸ਼ ਖੰਨਾ ਨੇ ਅੱਜ ਇਸ ਟੀ.ਵੀ. ਲੜੀਵਾਰ ਦੇ ਫ਼ਿਲਮ ਰੂਪ ’ਚ ਮੁੱਖ ਭੂਮਿਕਾ ਨਿਭਾਉਣ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਬਾਰੇ ਚਲ ਰਹੀਆਂ ਚਰਚਾਵਾਂ ’ਤੇ ਨਾਰਾਜ਼ਗੀ ਪ੍ਰਗਟਾਈ ਅਤੇ ਕਿਹਾ ਕਿ ਰਣਵੀਰ ਸਿੰਘ ਦਾ ਇਕ ਨਿਸ਼ਚਿਤ ਅਕਸ ਹੈ ਜੋ ‘ਸ਼ਕਤੀਮਾਨ’ ਦੇ ਕਿਰਦਾਰ ਨੂੰ ਨਿਭਾਉਣ ਲਈ ਠੀਕ ਨਹੀਂ। ਹਾਲਾਂਕਿ ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ ’ਤੇ ਦਿਤੀ ਇਸ ਪ੍ਰਤੀਕਿਰਿਆ ਨੂੰ ਉਨ੍ਹਾਂ ਨੇ ਕੁਝ ਸਮੇਂ ਬਾਅਦ ਡਿਲੀਟ ਵੀ ਕਰ ਦਿਤਾ ਅਤੇ ਇਕ ਨਵੀਂ ਪੋਸਟ ਪਾਈ ਜਿਸ ’ਚ ਲਿਖਿਆ ਸੀ ਕਿ ਅਜੇ ਤਕ ਫ਼ਿਲਮ ਦੇ ਕਲਾਕਾਰਾਂ ਦੀ ਚੋਣ ਨਹੀਂ ਹੋਈ ਹੈ।
ਮੀਡੀਆ ਰੀਪੋਰਟਾਂ ਮੁਤਾਬਕ ਰਣਵੀਰ ਸਿੰਘ ਨੂੰ ਹਾਲ ਹੀ ’ਚ ਬਾਸਿਲ ਜੋਸਫ ਦੇ ਨਿਰਦੇਸ਼ਨ ’ਚ ਬਣੀ ਫਿਲਮ ’ਚ ਸ਼ਕਤੀਮਾਨ ਦਾ ਕਿਰਦਾਰ ਨਿਭਾਉਣ ਲਈ ਚੁਣਿਆ ਗਿਆ ਹੈ। ਬਾਸਿਲ ਜੋਸਫ ‘ਮੀਨਲ ਮੁਰਲੀ’ ਫ਼ਿਲਮ ਬਣਾਉਣ ਲਈ ਮਸ਼ਹੂਰ ਹਨ। ਖੰਨਾ ਨੇ ਫਿਲਮ ’ਚ ਰਣਵੀਰ ਸਿੰਘ ਨੂੰ ਸੁਪਰਹੀਰੋ ਦੀ ਭੂਮਿਕਾ ਦੇਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਸੰਭਾਵਤ ਫਿਲਮ ਦੇ ਨਿਰਮਾਤਾਵਾਂ ਨੇ ਨਾ ਤਾਂ ਰਣਵੀਰ ਸਿੰਘ ਨੂੰ ਖੰਨਾ ਦੀ ਭੂਮਿਕਾ ’ਚ ਕਾਸਟ ਕੀਤੇ ਜਾਣ ਦੀਆਂ ਰੀਪੋਰਟਾਂ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ।
ਖੰਨਾ ਨੇ ਐਤਵਾਰ ਨੂੰ ਅਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਲਿਖਿਆ ਸੀ, ‘‘ਪੂਰੇ ਸੋਸ਼ਲ ਮੀਡੀਆ ’ਤੇ ਕਈ ਮਹੀਨਿਆਂ ਤੋਂ ਅਫਵਾਹਾਂ ਚੱਲ ਰਹੀਆਂ ਹਨ ਕਿ ਰਣਵੀਰ ਸ਼ਕਤੀਮਾਨ ਦਾ ਕਿਰਦਾਰ ਨਿਭਾਉਣਗੇ ਅਤੇ ਹਰ ਕੋਈ ਇਸ ਬਾਰੇ ਨਾਰਾਜ਼ ਸੀ। ਮੈਂ ਚੁੱਪ ਰਿਹਾ। ਪਰ ਜਦੋਂ ਚੈਨਲਾਂ ਨੇ ਵੀ ਇਹ ਐਲਾਨ ਕਰਨਾ ਸ਼ੁਰੂ ਕੀਤਾ ਕਿ ਰਣਵੀਰ ਨੂੰ ਫਿਲਮ ’ਚ ਕਾਸਟ ਕੀਤਾ ਗਿਆ ਹੈ, ਤਾਂ ਮੈਨੂੰ ਅਪਣਾ ਮੂੰਹ ਖੋਲ੍ਹਣਾ ਪਿਆ।’’ ਖੰਨਾ ਨੇ ਲਿਖਿਆ, ‘‘ਅਤੇ ਮੈਂ ਕਿਹਾ ਕਿ ਇਕ ਨਿਸ਼ਚਿਤ ਅਕਸ ਵਾਲਾ ਵਿਅਕਤੀ, ਭਾਵੇਂ ਉਹ ਕਿੰਨਾ ਵੀ ਵੱਡਾ ਸਟਾਰ ਕਿਉਂ ਨਾ ਹੋਵੇ, ਸ਼ਕਤੀਮਾਨ ਨਹੀਂ ਬਣ ਸਕਦਾ। ਹੁਣ ਵੇਖਦੇ ਹਾਂ ਕੀ ਹੁੰਦਾ ਹੈ?’’
ਸੋਨੀ ਪਿਕਚਰਜ਼ ਇੰਡੀਆ ਅਤੇ ਸਾਜਿਦ ਨਾਡੀਆਡਵਾਲਾ ‘ਸ਼ਕਤੀਮਾਨ‘ ਦੇ ਨਿਰਮਾਣ ਨਾਲ ਜੁੜੇ ਹੋਏ ਹਨ। ਇਸ ਬਾਰੇ ਮੁਕੇਸ਼ ਖੰਨਾ ਨੇ ਯੂਟਿਊਬ ’ਤੇ ਵੀ ਪੋਸਟ ਪਾਈ ਸੀ ਅਤੇ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ। ਪਰ ਬਾਅਦ ’ਚ ਇਸ ਨੂੰ ਵੀ ਡਿਲੀਟ ਕਰ ਦਿਤਾ ਗਿਆ ਅਤੇ ਨਵੀਂ ਵੀਡੀਉ ’ਚ ਸਿਰਫ਼ ਇਹ ਲਿਖਿਆ ਗਿਆ, ‘‘Breaking News. Casting is not yet done. We will update you soon.’’ ਇੰਜ ਲਗਦਾ ਹੈ ਕਿ ਮੁਕੇਸ਼ ਖੰਨਾ ਨੂੰ ਅਪਣੇ ਸ਼ੰਕਿਆਂ ਦਾ ਜਵਾਬ ਮਿਲ ਚੁੱਕਾ ਹੈ।