
'ਜੋਗੀ' ਦਾ ਪ੍ਰੀਮੀਅਰ 16 ਸਤੰਬਰ 2022 ਨੂੰ 190 ਤੋਂ ਵੱਧ ਦੇਸ਼ਾਂ ਵਿਚ ਵਿਸ਼ੇਸ਼ ਤੌਰ 'ਤੇ Netflix 'ਤੇ ਹੋਵੇਗਾ।
ਨਵੀਂ ਦਿੱਲੀ: ਪੰਜਾਬੀ ਗਾਇਕ ਅਤੇ ਮਸ਼ਹੂਰ ਅਦਾਕਾਰ ਦਿਲਜੀਤ ਦੁਸਾਂਝ ਵੀ ਓਟੀਟੀ 'ਤੇ ਦਸਤਕ ਦੇਣ ਜਾ ਰਹੇ ਹਨ। ਦਰਅਸਲ ਦਿਲਜੀਤ ਦੁਸਾਂਝ 1984 ਸਿੱਖ ਨਸਲਕੁਸ਼ੀ ’ਤੇ ਬਣੀ ਫ਼ਿਲਮ ’ਚ ਨਜ਼ਰ ਆਉਣਗੇ। ਦਿਲਜੀਤ ਦੁਸਾਂਝ ਦੀ ਫਿਲਮ 'ਜੋਗੀ' ਸਿੱਧੇ OTT ਪਲੇਟਫਾਰਮ Netflix 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 1984 ਦੇ ਦਿੱਲੀ ਦੇ ਪਿਛੋਕੜ 'ਤੇ ਆਧਾਰਿਤ ਹੈ। ਫਿਲਮ ਵਿਚ ਕਤਲੇਆਮ ਦੌਰਾਨ ਕੁਝ ਦੋਸਤਾਂ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ।
ਫਿਲਮ ਬਾਰੇ ਗੱਲ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਕਿਹਾ, "ਜੋਗੀ ਦੀ ਭੂਮਿਕਾ ਨਿਭਾਉਣਾ ਸਭ ਤੋਂ ਸੰਤੁਸ਼ਟੀਜਨਕ ਅਨੁਭਵਾਂ ਵਿਚੋਂ ਇਕ ਰਿਹਾ ਹੈ ਅਤੇ ਮੈਂ ਨੈੱਟਫਲਿਕਸ 'ਤੇ ਆਪਣੇ ਡਿਜੀਟਲ ਡੈਬਿਊ ਦੀ ਉਡੀਕ ਕਰ ਰਿਹਾ ਹਾਂ। ਇਸ ਖ਼ੂਬਸੂਰਤ ਕਹਾਣੀ ਨੂੰ ਪਰਦੇ ’ਤੇ ਲਿਆਉਣ ਲਈ ਪੂਰੀ ਟੀਮ ਨੇ ਸਖ਼ਤ ਮਿਹਨਤ ਕੀਤੀ ਹੈ ਅਤੇ ਮੈਂ ਇਸ ਕਿਰਦਾਰ ਲਈ ਮੇਰੇ 'ਤੇ ਭਰੋਸਾ ਕਰਨ ਲਈ ਅਲੀ ਅਤੇ ਹਿਮਾਂਸ਼ੂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ”।
ਦਿਲਜੀਤ ਨੇ ਕਿਹਾ, “ਮੇਰੇ ਜਨਮ ਦਾ ਸਾਲ ਵੀ 1984 ਹੈ। ਮੈਂ ਜ਼ਿੰਦਗੀ ਵਿਚ 1984 ਬਾਰੇ ਕਹਾਣੀਆਂ ਸੁਣ ਕੇ ਵੱਡਾ ਹੋਇਆ ਹਾਂ। ਮੈਂ ਕੁਝ ਸਮਾਂ ਪਹਿਲਾਂ ਇਕ ਪੰਜਾਬੀ ਫ਼ਿਲਮ ਪੰਜਾਬ 1984 ਵੀ ਬਣਾਈ ਸੀ, ਜਿਸ ਨੂੰ ਨੈਸ਼ਨਲ ਫ਼ਿਲਮ ਐਵਾਰਡ ਵੀ ਮਿਲਿਆ ਸੀ। ਇਸ ਲਈ ਇਹ ਵਿਸ਼ਾ ਮੇਰੇ ਲਈ ਬਹੁਤ ਮਹੱਤਵਪੂਰਨ ਹੈ”।
'ਜੋਗੀ' ਅਲੀ ਅੱਬਾਸ ਜ਼ਫਰ ਅਤੇ ਹਿਮਾਂਸ਼ੂ ਕਿਸ਼ਨ ਮਹਿਰਾ ਦੁਆਰਾ ਨਿਰਮਿਤ ਹੈ ਅਤੇ ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਤ ਹੈ, ਜਿਸ ਵਿਚ ਦਿਲਜੀਤ ਦੁਸਾਂਝ, ਕੁਮੁਦ ਮਿਸ਼ਰਾ, ਮੁਹੰਮਦ, ਜੀਸ਼ਾਨ ਅਯੂਬ, ਹਿਤੇਨ ਤੇਜਵਾਨੀ ਅਤੇ ਅਮਾਇਰਾ ਦਸਤੂਰ ਮੁੱਖ ਭੂਮਿਕਾਵਾਂ ਵਿਚ ਹਨ। 'ਜੋਗੀ' ਦਾ ਪ੍ਰੀਮੀਅਰ 16 ਸਤੰਬਰ 2022 ਨੂੰ 190 ਤੋਂ ਵੱਧ ਦੇਸ਼ਾਂ ਵਿਚ ਵਿਸ਼ੇਸ਼ ਤੌਰ 'ਤੇ Netflix 'ਤੇ ਹੋਵੇਗਾ।
Diljit Dosanjh confirms next on 1984 Genocide with filmmaker Ali Abbas Zafar
ਨਿਰਦੇਸ਼ਕ ਅਤੇ ਨਿਰਮਾਤਾ ਅਲੀ ਅੱਬਾਸ ਜ਼ਫਰ ਨੇ ਕਿਹਾ, ''ਜੋਗੀ ਮੇਰੇ ਲਈ ਬਹੁਤ ਖਾਸ ਫਿਲਮ ਹੈ ਅਤੇ 'ਜੋਗੀ' ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਤੋਂ ਬਿਹਤਰ ਕੌਣ ਹੋ ਸਕਦਾ ਹੈ। ਇਹ ਫਿਲਮ ਮੁਸੀਬਤ ਦੇ ਸਮੇਂ ਵਿਚ ਉਮੀਦ, ਭਾਈਚਾਰੇ ਅਤੇ ਹਿੰਮਤ ਨਾਲ ਵੱਖੋ-ਵੱਖਰੇ ਲੋਕਾਂ ਨੂੰ ਇਕੱਠੇ ਲਿਆਉਣ ਦੀ ਕਹਾਣੀ ਬਿਆਨ ਕਰੇਗੀ। ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਕਹਾਣੀ ਨੈੱਟਫਲਿਕਸ ਰਾਹੀਂ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਲੱਖਾਂ ਦਰਸ਼ਕਾਂ ਤੱਕ ਪਹੁੰਚੇਗੀ”।