
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਮਸ਼ਹੂਰ ਕਾਰੋਬਾਰੀ ਰਾਜ ਕੁੰਦਰਾ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ।
ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਮਸ਼ਹੂਰ ਕਾਰੋਬਾਰੀ ਰਾਜ ਕੁੰਦਰਾ (Mumbai police arrest Raj Kundra) ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ। ਰਾਜ ਕੁੰਦਰਾ ’ਤੇ ਅਸ਼ਲੀਲ ਫਿਲਮਾ ਬਣਾਉਣ ਅਤੇ ਉਹਨਾਂ ਨੂੰ ਕੁਝ ਐਪਸ ’ਤੇ ਦਿਖਾਉਣ ਦਾ ਆਰੋਪ ਲੱਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਉਹਨਾਂ ਨੂੰ ਮੁੱਖ ਆਰੋਪੀ ਬਣਾਇਆ ਹੈ।
Raj Kundra and Shilpa Shetty
ਫਰਵਰੀ ਵਿਚ ਦਰਜ ਹੋਇਆ ਸੀ ਕੇਸ
ਇਸ ਸਾਲ ਫਰਵਰੀ ਵਿਚ ਅਸ਼ਲੀਲ ਫਿਲਮਾਂ ਬਣਾਉਣ ਅਤੇ ਐਪ ਰਾਹੀਂ ਉਹਨਾਂ ਨੂੰ ਜਾਰੀ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਰਾਜ ਕੁੰਦਰਾ (Raj Kundra arrested in porn apps case) ਨੂੰ ਇਸੇ ਕੇਸ ਦੇ ਮੁੱਖ ਆਰੋਪੀ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਖਿਲਾਫ ਉਹਨਾਂ ਕੋਲ ਪੁਖਤਾ ਸਬੂਤ ਹਨ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਡਾਕਟਰੀ ਜਾਂਚ ਤੋਂ ਬਾਅਦ ਰਾਜ ਕੁੰਦਰਾ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
Raj Kundra
ਮੁੰਬਈ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫਰਵਰੀ 2021 ਵਿਚ ਅਪਰਾਧ ਸ਼ਾਖਾ ਵੱਲੋਂ ਅਸ਼ਲੀਲ ਫਿਲਮਾਂ ਬਣਾਉਣ ਅਤੇ ਵੱਖ-ਵੱਖ ਓਟੀਟੀ ਪਲੇਟਫਾਰਮਾਂ ’ਤੇ ਜਾਰੀ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਉਦੋਂ ਤੋਂ ਹੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਇਸ ਕੇਸ ਵਿਚ ਰਾਜ ਕੁੰਦਰਾ ਤੋਂ ਪਹਿਲਾਂ 4 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਰਾਜ ਕੁੰਦਰਾ ਨੂੰ ਇਹਨਾਂ ਆਰੋਪੀਆਂ ਦੇ ਬਿਆਨ ਅਤੇ ਤਕਨੀਕੀ ਸਬੂਤਾਂ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੋਰ ਪੜ੍ਹੋ: 1984 ਸਿੱਖ ਕਤਲੇਆਮ ਮਾਮਲਾ: 11 ਮੁਕੱਦਮਿਆਂ ਦੀ ਪੜਤਾਲ ਹੋਈ ਮੁਕੰਮਲ, ਜਲਦ ਹੋਣਗੀਆਂ ਗ੍ਰਿਫ਼ਤਾਰੀਆਂ
ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਰਾਜ ਕੁੰਦਰਾ (Raj Kundra Arrested) ਇਸ ਕੇਸ ਵਿਚ ਮੁੱਖ ਮੁਲਜ਼ਮ ਅਤੇ ਮੁੱਖ ਸਾਜ਼ਿਸ਼ਕਰਤਾ ਹੈ। ਹਾਲਾਂਕਿ ਰਾਜ ਕੁੰਦਰਾ ਨੇ ਦਾਅਵਾ ਕੀਤਾ ਕਿ ਉਹਨਾਂ ਦਾ ਇਸ ਐਪ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪੁਲਿਸ ਅਨੁਸਾਰ ਮੁੰਬਈ ਦੀ ਫਿਲਮ ਇੰਡਸਟਰੀ ਵਿਚ ਕੰਮ ਦੀ ਭਾਲ ਵਿਚ ਆਈਆਂ ਮਾਸੂਮ ਅਤੇ ਲੋੜਵੰਦ ਲੜਕੀਆਂ ਨੂੰ ਇਸ ਕੰਮ ਲਈ ਫਸਾਇਆ ਗਿਆ ਸੀ।
Shilpa Shetty
ਦੋਸ਼ੀ ਪਾਏ ਜਾਣ ’ਤੇ ਹੋ ਸਕਦੀ ਹੈ ਸਖ਼ਤ ਸਜ਼ਾ
ਅਜਿਹੇ ਮਾਮਲਿਆਂ ਵਿਚ ਅਕਸਰ ਆਰੋਪੀ ਖਿਲਾਫ਼ ਆਈਟੀ ਐਕਟ ਅਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ। ਜੇਕਰ ਅਦਾਲਤ ਆਰੋਪੀ ਨੂੰ ਦੋਸ਼ੀ ਕਰਾਰ ਦਿੰਦੀ ਹੈ ਤਾਂ ਉਸ ਨੂੰ ਕਈ ਸਾਲ ਜੇਲ੍ਹ ਵਿਚ ਰਹਿਣਾ ਹੈ ਸਕਦਾ ਹੈ। ਦੇਸ਼ ਵਿਚ ਅਸ਼ਲੀਲ ਸਮੱਗਰੀ ਦੇ ਮਾਮਲਿਆਂ ਨੂੰ ਲੈ ਕੇ ਕਾਨੂੰਨ ਕਾਫੀ ਸਖ਼ਤ ਹੈ। ਇਸ ਕਾਨੂੰਨ ਦੇ ਘੇਰੇ ਵਿਚ ਅਸ਼ਲੀਲ ਵੀਡੀਓ ਤਿਆਰ ਕਰਨ ਵਾਲੇ ਜਾਂ ਐਸਐਮਐਸ ਬਣਾਉਣ ਵਾਲੇ ਲੋਕ ਆਉਂਦੇ ਹਨ।
ਇਸ ਐਕਟ ਤਹਿਤ ਆਉਣ ਵਾਲੇ ਮਾਮਲਿਆਂ ਵਿਚ ਆਈਟੀ (ਸੋਧ) ਕਾਨੂੰਨ 2008 ਦੀ ਧਾਰਾ 67(ਏ) ਅਤੇ ਆਈਪੀਸੀ ਦੀ ਧਾਰਾ 292,293, 294,500,506 ਅਤੇ 509 ਤਹਿਤ ਸਜ਼ਾ ਦਾ ਪ੍ਰਬੰਧ ਹੈ। ਅਪਰਾਧ ਦੀ ਗੰਭੀਰਤਾ ਦੇ ਲਿਹਾਜ਼ ਨਾਲ ਪਹਿਲੀ ਗਲਤੀ ’ਤੇ ਪੰਜ ਸਾਲ ਤੱਕ ਦੀ ਜੇਲ੍ਹ ਜਾਂ 10 ਲੱਖ ਰੁਪਏ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ ਪਰ ਦੂਜੀ ਵਾਰ ਗਲਤੀ ਕਰਨ ’ਤੇ ਜੇਲ੍ਹ ਦੀ ਸਜ਼ਾ 7 ਸਾਲ ਵਧ ਸਕਦੀ ਹੈ।
Mumbai police arrest Shilpa Shetty's husband Raj Kundra
ਹੋਰ ਪੜ੍ਹੋ: ਨਵਜੋਤ ਸਿੱਧੂ ਦਾ ਪੰਜਾਬ ਮਾਡਲ, ਕੀ ਮੁੱਖ ਮੰਤਰੀ ਦੀ ਮਦਦ ਤੋਂ ਬਿਨਾਂ ਵੀ, ਕੋਈ ਕ੍ਰਿਸ਼ਮਾ ਵਿਖਾ ਸਕੇਗਾ?
ਪਹਿਲਾਂ ਵੀ ਵਿਵਾਦਾਂ ਵਿਚ ਰਹਿ ਚੁੱਕੇ ਨੇ ਰਾਜ ਕੁੰਦਰਾ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਜ ਕੁੰਦਰਾ ਕਈ ਵਿਵਾਦਾਂ ਵਿਚ ਘਿਰੇ ਹਨ। 2009 ਵਿਚ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈਟੀ ਨੇ ਮਾਰੀਸ਼ਸ ਦੀ ਇਕ ਕੰਪਨੀ ਦੀ ਮਦਦ ਨਾਲ ਆਈਪੀਐਲ ਵਿਚ ਨਿਵੇਸ਼ ਕੀਤਾ ਸੀ ਅਤੇ ਟੀਮ ਰਾਜਸਥਾਨ ਰਾਇਲਜ਼ ਦੇ ਮਾਲਕ ਬਣ ਗਏ। ਹਾਲਾਂਕਿ 2013 ਜੂਨ ਨੂੰ ਰਾਜ ਕੁੰਦਰਾ ਨੂੰ ਸੱਟੇਬਾਜ਼ੀ ਦੇ ਆਰੋਪ ਵਿਚ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਆਈਪੀਐਲ ਵਿਚ ਸਪਾਟ ਫਿਕਸਿੰਗ ਵਿਚ ਰਾਜ ਕੁੰਦਰਾ ਦਾ ਨਾਂਅ ਆਇਆ ਸੀ। ਰਾਜ ਕੁੰਦਰਾ ਨੇ ਇਹ ਸਵਿਕਾਰ ਵੀ ਕੀਤਾ ਸੀ ਕਿ ਉਹਨਾਂ ਨੇ ਟੀਮ ਨੂੰ ਲੈ ਕੇ ਸੱਟੇਬਾਜ਼ੀ ਖੇਡੀ ਸੀ ਅਤੇ ਇਸ ਵਿਚ ਕਾਫੀ ਪੈਸਾ ਲਗਾਇਆ ਸੀ।
Mumbai police arrest Shilpa Shetty's husband Raj Kundra
ਜਦੋਂ ਰਾਜ ਕੁੰਦਰਾ ਦੀ ਸੱਟੇਬਾਜ਼ੀ ਅਤੇ ਉਸ ਦੀਆਂ ਤਕਨੀਕਾਂ ਬਾਰੇ ਵਿਵਾਦ ਹੋਇਆ ਤਾਂ ਅਦਾਲਤ ਨੇ ਉਸ ਨੂੰ ਬੀਸੀਸੀਆਈ ਦੇ ਨਿਯਮਾਂ ਦੀ ਉਲੰਘਣਾ ਦੱਸਿਆ। ਰਾਜ ਕੁੰਦਰਾ ਦੀ ਟੀਮ 'ਤੇ 2 ਸਾਲ ਲਈ ਪਾਬੰਦੀ ਲਗਾਈ ਗਈ ਸੀ ਅਤੇ 2015 'ਚ ਰਾਜ ਕੁੰਦਰਾ 'ਤੇ ਉਮਰ ਭਰ ਲਈ ਆਈਪੀਐਲ' ’ਤੇ ਪਾਬੰਦੀ ਲਗਾਈ ਗਈ ਸੀ। 2018 ਵਿਚ ਰਾਜ ਕੁੰਦਰਾ ’ਤੇ ਗੇਨਬਿਟਕੁਆਇਨ ਨਾਂਅ ਦੀ ਕੰਪਨੀ ਨਾਲ ਜੁੜੇ ਹੋਣ ਦਾ ਆਰੋਪ ਲੱਗਿਆ ਸੀ। ਇਹ ਕੰਪਨੀ ਦੋ ਹਜ਼ਾਰ ਕਰੋੜ ਦੇ ਘੁਟਾਲੇ ਵਿਚ ਸ਼ਾਮਲ ਸੀ। ਸਾਲ 2017 ਵਿਚ ਸ਼ਿਪਲਾ ਸ਼ੈਟੀ ਅਤੇ ਰਾਜ ਕੁੰਦਰਾ ’ਤੇ ਧੋਖਾਧੜੀ ਦੇ ਆਰੋਪ ਲੱਗੇ।