
ਸਿੱਖਾਂ ਦੇ ਇਤਰਾਜ਼ ਤੋਂ ਬਾਅਦ 'ਮਨਮਰਜ਼ੀਆਂ' ਦੇ ਨਿਰਮਾਤਾਵਾਂ ਨੇ ਫ਼ਿਲਮ 'ਚੋਂ ਸਿਗਰਟਨੋਸ਼ੀ ਦੇ ਤਿੰਨ ਦ੍ਰਿਸ਼ਾਂ ਨੂੰ ਹਟਾ ਦਿਤਾ ਹੈ........
ਮੁੰਬਈ : ਸਿੱਖਾਂ ਦੇ ਇਤਰਾਜ਼ ਤੋਂ ਬਾਅਦ 'ਮਨਮਰਜ਼ੀਆਂ' ਦੇ ਨਿਰਮਾਤਾਵਾਂ ਨੇ ਫ਼ਿਲਮ 'ਚੋਂ ਸਿਗਰਟਨੋਸ਼ੀ ਦੇ ਤਿੰਨ ਦ੍ਰਿਸ਼ਾਂ ਨੂੰ ਹਟਾ ਦਿਤਾ ਹੈ। ਫ਼ਿਲਮ 'ਚ ਅਭਿਸ਼ੇਕ ਬੱਚਨ ਦੇ ਕਿਰਦਾਰ ਨੂੰ ਸਿਗਰਟਨੋਸ਼ੀ ਕਰਦਿਆਂ ਵਿਖਾਇਆ ਗਿਆ ਹੈ, ਜਿਸ 'ਤੇ ਸਿੱਖਾਂ ਨੇ ਇਤਰਾਜ਼ ਪ੍ਰਗਟਾਇਆ ਸੀ। ਇਨ੍ਹਾਂ ਦ੍ਰਿਸ਼ਾਂ ਨੂੰ ਹਟਾਉਣ ਲਈ ਨਿਰਮਾਤਾਵਾਂ ਨੇ ਫ਼ਿਲਮ ਸਰਟੀਫ਼ੀਕੇਸ਼ਨ ਬੋਰਡ (ਸੀ.ਬੀ.ਐਫ਼.ਸੀ.) ਨਾਲ ਸੰਪਰਕ ਕੀਤਾ ਸੀ। ਸੈਂਸਰ ਦੀ ਕਾਪੀ ਅਨੁਸਾਰ ਫ਼ਿਲਮ 'ਚੋਂ ਹਟਾਏ ਤਿੰਨ ਦ੍ਰਿਸ਼ਾਂ 'ਚ ਸਿਗਰਟਨੋਸ਼ੀ ਕਰਦੇ ਦਿਸ ਰਹੇ ਅਭਿਸ਼ੇਕ ਬੱਚਨ ਦਾ 29 ਸਕਿੰਟ ਦਾ ਦ੍ਰਿਸ਼,
ਗੁਰਦਵਾਰੇ 'ਚ ਜਾਂਦੀ ਤਾਪਸੀ ਪੰਨੂ ਅਤੇ ਅਭਿਸ਼ੇਕ ਬੱਚਨ ਦਾ ਇਕ ਮਿੰਟ ਲੰਮਾ ਦ੍ਰਿਸ਼ ਅਤੇ ਸਿਗਰਟਨੋਸ਼ੀ ਕਰਦੀ ਦਿਸ ਰਹੀ ਤਾਪਸੀ ਪੰਨੂੰ ਦਾ 11 ਸਕਿੰਟ ਲੰਮਾ ਦ੍ਰਿਸ਼ ਸ਼ਾਮਲ ਹਨ। ਨਿਰਮਾਤਾਵਾਂ ਨੇ ਕਿਹਾ ਕਿ ਵੀਰਵਾਰ ਅਤੇ ਸ਼ੁਕਰਵਾਰ ਤਕ ਸਮੁੱਚੇ ਭਾਰਤ 'ਚ ਫ਼ਿਲਮ 'ਚ ਬਦਲਾਅ ਅਸਰਦਾਰ ਹੋ ਜਾਣਗੇ। ਜਦਕਿ ਮਹਾਂਨਗਰਾਂ 'ਚ ਅੱਜ ਤੋਂ ਹੀ ਇਹ ਤਬਦੀਲੀਆਂ ਦਿਸਣਗੀਆਂ। ਅਨੁਰਾਗ ਕਸ਼ਯਪ ਨੇ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਢਾਹ ਲਾਉਣ ਦੀ ਉਨ੍ਹਾਂ ਦੀ ਕਦੀ ਵੀ ਇੱਛਾ ਨਹੀਂ ਸੀ ਪਰ ਇਸ ਮੁੱਦੇ ਦਾ ਬਿਨਾਂ ਕਾਰਨ ਸਿਆਸੀਕਰਨ ਨਹੀਂ ਕਰਨਾ ਚਾਹੀਦਾ। (ਪੀਟੀਆਈ)