
ਕਿਹਾ ‘ਹੁਣ ਸ਼ਿਵਾਜੀ ਮਹਾਰਾਜ ਦਾ ਕਿਰਦਾਰ ਕਦੇ ਨਹੀਂ ਨਿਭਾਵਾਂਗਾ’
Actor Chinmay Mandlekar: ਮਰਾਠੀ ਅਦਾਕਾਰ ਚਿਨਮਯ ਮਾਂਡਲੇਕਰ ਨੇ ਐਲਾਨ ਕੀਤਾ ਹੈ ਕਿ ਉਹ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਕਿਰਦਾਰ ਨਹੀਂ ਨਿਭਾਉਣਗੇ ਕਿਉਂਕਿ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਪਰਵਾਰ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮਾਂਡਲੇਕਰ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ 11 ਸਾਲ ਦਾ ਹੈ ਪਰ ਹੁਣ ਉਸ ਦਾ ਨਾਮ ਲੈਣ ਲਈ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਦਾਕਾਰ ਅਤੇ ਉਸ ਦੀ ਪਤਨੀ ਨੇਹਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਪਣੇ ਬੇਟੇ ਦੇ ਨਾਮ ਨੂੰ ਲੈ ਕੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਮਾਂਡੇਲਕਰ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ, ‘‘ਮੇਰੀ ਪਤਨੀ ਨੇਹਾ ਨੇ ਕੱਲ੍ਹ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਡੇ ਬੇਟੇ ਦੇ ਨਾਮ ’ਤੇ ਸਾਡੇ ਪਰਵਾਰ ਦੀ ਆਲੋਚਨਾ ਬਾਰੇ ਗੱਲ ਕੀਤੀ। ਨਾਮ ’ਤੇ ਵਿਚਾਰ ਸਪੱਸ਼ਟ ਕਰਨ ਤੋਂ ਬਾਅਦ ਵੀ, ‘ਟਰੋਲਿੰਗ’ ਅਤੇ ਟਿਪਣੀਆਂ ਘੱਟ ਨਹੀਂ ਹੋਈਆਂ। ਦਰਅਸਲ, ਮਾੜੀਆਂ ਟਿਪਣੀਆਂ ਵਧੀਆਂ ਹਨ।’’
ਅਦਾਕਾਰ ਦਾ ਕਹਿਣਾ ਹੈ ਕਿ ਇਕ ਅਦਾਕਾਰ ਵਜੋਂ ਉਹ ਅਪਣੇ ਕੰਮ ਦੀ ਆਲੋਚਨਾ ਸੁਣਨ ਲਈ ਤਿਆਰ ਹਨ ਪਰ ਜੋ ਲੋਕਾਂ ਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ’ਤੇ ਟਿਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਮਾਂਡਲੇਕਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਕਈ ਵਾਰ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਅਪਣੇ ਬੇਟੇ ਦਾ ਨਾਮ ਜਹਾਂਗੀਰ ਕਿਉਂ ਰੱਖਿਆ।
ਜ਼ਿਕਰਯੋਗ ਹੈ ਕਿ ਚੌਥੇ ਮੁਗਲ ਬਾਦਸ਼ਾਹ ਜਹਾਂਗੀਰ ਨੇ 1605 ਤੋਂ 1627 ਤਕ ਰਾਜ ਕੀਤਾ ਸੀ। ਮਾਂਡਲੇਕਰ ਨੇ ਕਿਹਾ, ‘‘ਆਲੋਚਕਾਂ ਦਾ ਕਹਿਣਾ ਹੈ ਕਿ ਮੈਂ ਕਈ ਫਿਲਮਾਂ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਕਿਰਦਾਰ ਨਿਭਾਇਆ ਹੈ ਅਤੇ ਫਿਰ ਵੀ ਮੇਰੇ ਬੇਟੇ ਦਾ ਨਾਂ ਜਹਾਂਗੀਰ ਹੈ। ਮੇਰੇ ਬੇਟੇ ਦਾ ਜਨਮ 2013 ’ਚ ਹੋਇਆ ਸੀ ਅਤੇ ਅੱਜ ਉਹ 11 ਸਾਲ ਦਾ ਹੈ ਪਰ ਹੁਣ ਮੈਨੂੰ ‘ਟਰੋਲਿੰਗ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’
ਉਨ੍ਹਾਂ ਕਿਹਾ, ‘‘ਮਰਾਠਾ ਸ਼ਾਸਕ ਦੀ ਭੂਮਿਕਾ ਨਿਭਾਉਣ ਲਈ ਮੇਰੀ ਵਿਆਪਕ ਤਾਰੀਫ਼ ਕੀਤੀ ਗਈ ਸੀ। ਪਰ ਉਸ ਭੂਮਿਕਾ ਦੇ ਕਾਰਨ, ਜੇ ਮੇਰੇ ਪਰਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਤਾਂ ਮੈਂ ਇੱਥੇ ਬਹੁਤ ਨਿਮਰਤਾ ਨਾਲ ਐਲਾਨ ਕਰਦਾ ਹਾਂ ਕਿ ਮੈਂ ਉਹ ਕਿਰਦਾਰ ਨਹੀਂ ਨਿਭਾਵਾਂਗਾ। ਮੈਂ ਇਸ ਫੈਸਲੇ ਤੋਂ ਦੁਖੀ ਹਾਂ। ਇਹ ਭੂਮਿਕਾ ਛਤਰਪਤੀ ਸ਼ਿਵਾਜੀ ਮਹਾਰਾਜ ਪ੍ਰਤੀ ਮੇਰੀ ਸ਼ਰਧਾ ਅਤੇ ਪਿਆਰ ਦਾ ਪ੍ਰਗਟਾਵਾ ਸੀ।’’
(For more Punjabi news apart from Actor Chinmay Mandlekar Trolled For His Son's Name 'Jehangir', stay tuned to Rozana Spokesman)