
5 ਅਗਸਤ ਨੂੰ ਆਵੇਗੀ ਫਿਲਮ, ਕਰੋਨਾ ਤੋਂ ਬਾਅਦ ਸਿਨੇਮਾ ’ਚ ਲੱਗੇਗੀ ਇਹ ਪਹਿਲੀ ਫ਼ਿਲਮ
ਚੰਡੀਗੜ੍ਹ : ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਏ ਸਿਨੇਮੇ ਘਰਾਂ ਵਿੱਚ ਮੁੜ ਤੋਂ ਰੌਣਕ ਪਰਤਣ ਜਾ ਰਹੀ ਹੈ। ਲੌਕਡਾਊਨ ਤੋਂ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ ‘ਤੁਣਕਾ ਤੁਣਕਾ’ ਹੈ। ਇਸ ਫ਼ਿਲਮ ਦਾ ਅੱਜ ਇਥੇ ਪੀਵੀਆਰ ਸਿਨੇਮਾ ਸੈਂਟਰਾਮਾਲ ਵਿਖੇ ਟ੍ਰੇਲਰ ਰਿਲੀਜ਼ ਕੀਤਾ ਗਿਆ। 5 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਪਹਿਲੀ ਪੰਜਾਬੀ ਫ਼ਿਲਮ ਦਾ ਹੀਰੋ ਨਾਮਵਰ ਗਾਇਕ ਹਰਦੀਪ ਗਰੇਵਾਲ ਹੈ। ਹਰਦੀਪ ਗਰੇਵਾਲ ਦੀ ਵੀ ਬਤੌਰ ਹੀਰੋ ਇਹ ਪਹਿਲੀ ਫ਼ਿਲਮ ਹੈ। ਇਹੀ ਨਹੀਂ ਇਹ ਪੰਜਾਬੀ ਦੀ ਪਹਿਲੀ ਮੌਟੀਵੇਸ਼ਨਲ ਤੇ ਸਪੋਰਟਸ ਫ਼ਿਲਮ ਹੋਵੇਗੀ ਜੋ ਮਨੋਰੰਜਨ ਦੇ ਨਾਲ ਨਾਲ ਵੱਡਾ ਸੁਨੇਹਾ ਵੀ ਦੇਵੇਗੀ।
ਇਸ ਫ਼ਿਲਮ ਦੇ ਟ੍ਰੇਲਰ ਰਿਲੀਜ਼ ਮੌਕੇ ਫ਼ਿਲਮ ਦੇ ਨਾਇਕ ਅਤੇ ਨਿਰਮਾਤਾ ਹਰਦੀਪ ਗਰੇਵਾਲ, ਅਦਾਕਾਰਾ ਹਰਸ਼ੀਨ ਚੌਹਾਨ, ਅਦਾਕਾਰ ਸਰਦਾਰ ਸੋਹੀ, ਅਦਾਕਾਰ ਬਲਵਿੰਦਰ ਬੁਲੱਟ, ਬਾਲ ਕਲਾਕਾਰ ਸਮੀਪ ਰਣੌਤ, ਫ਼ਿਲਮ ਦੇ ਨਿਰਦੇਸ਼ਕ ਗੈਰੀ ਖਟਰਾਉ ਅਤੇ ਪੇਸ਼ ਕਰਤਾ ਇੰਦਰਜੀਤ ਗਿੱਲ (ਆਈ ਜੀ ਸਟੂਡੀੳਜ) ਵੀ ਹਾਜ਼ਰ ਸਨ।
Hardeep Grewal
‘ਹਰਦੀਪ ਗਰੇਵਾਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਟ੍ਰੇਲਰ ਸਾਬਤ ਕਰਦਾ ਹੈ ਕਿ ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਨਾਲੋਂ ਬਿਲਕੁਲ ਵੱਖਰੇ ਕਿਸਮ ਦੀ ਫ਼ਿਲਮ ਹੈ। ਇਸ ਫ਼ਿਲਮ ਵਿੱਚ ਹੀਰੋ ਨੂੰ ਵੱਖ ਵੱਖ ਤਰ੍ਹਾਂ ਦੀ ਲੁੱਕ ਵਿੱਚ ਦਿਖਾਇਆ ਗਿਆ ਹੈ, ਜਿਸ ਲਈ ਹਰਦੀਪ ਗਰੇਵਾਲ ਨੂੰ ਆਪਣਾ ਕਰੀਬ 20 ਕਿਲੋ ਭਾਰ ਘਟਾਉਣਾ ਪਿਆ। ਇਸ ਮੌਕੇ ਹਰਦੀਪ ਗਰੇਵਾਲ ਨੇ ਦੱਸਿਆ ਕਿ ਉਸਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ ਸਾਰੇ ਹੀ ਮੌਟੀਵੇਸ਼ਨਲ ਗੀਤ ਹਨ ਜੋ ਨੌਜਵਾਨ ਪੀੜ੍ਹੀ ਨੂੰ ਮਿਹਨਤ ਕਰਨ ਅਤੇ ਆਪਣੇ ਬਲਬੂਤੇ ’ਤੇ ਖੜੇ ਹੋਣ ਦੀ ਪ੍ਰੇਰਨਾ ਦਿੰਦੇ ਹਨ। ਉਸ ਦੇ ਗੀਤਾਂ ਵਾਂਗ ਹੀ ਇਹ ਫ਼ਿਲਮ ਵੀ ਦਰਸ਼ਕਾਂ ਦੇ ਦਿਲਾਂ ਨੂੰ ਟੁੰਭੇਗੀ। ਉਸ ਮੁਤਾਬਕ ਇਸ ਫ਼ਿਲਮ ਲਈ ਉਸ ਨੂੰ ਆਪਣੇ ਆਪ ਨੂੰ ਬੇਹੱਦ ਬਦਲਣਾ ਪਿਆ।
Hardeep Grewal
ਉਸਨੇ ਇਸ ਫ਼ਿਲਮ ਲਈ ਭਾਰ ਘਟਾਉਣ ਦੇ ਨਾਲ ਨਾਲ ਆਪਣੇ ਚਿਹਰੇ ਨੂੰ ਵੀ ਬਦਲਿਆ ਹੈ। ਭਾਰ ਘਟਾਉਣ ਅਤੇ ਵਧਾਉਣ ਕਾਰਨ ਇਸ ਫ਼ਿਲਮ ਦੀ ਸ਼ੂਟਿੰਗ ਕਰੀਬ ਤਿੰਨ ਸਾਲਾਂ ਵਿੱਚ ਮੁਕੰਮਲ ਕੀਤੀ ਗਈ ਹੈ। ਇਸ ਫ਼ਿਲਮ ਦਾ ਸਕਰੀਨਪਲੇ ਤੇ ਡਾਇਲਾਗ ਵੀ ਉਸਨੇ ਖੁਦ ਲਿਖੇ ਹਨ। ਹਰਦੀਪ ਮੁਤਾਬਕ ਇਸ ਫ਼ਿਲਮ ਲਈ ਉਸ ਨੇ ਆਪਣੀ ਜ਼ਿੰਦਗੀ ਅਤੇ ਸਭ ਕੁਝ ਦਾਅ ’ਤੇ ਲਗਾ ਦਿੱਤਾ ਹੈ, ਪਰ ਉਸ ਨੂੰ ਪੂਰਨ ਯਕੀਨ ਹੈ ਕਿ ਦਿਲੋਂ ਕੀਤੀ ਗਈ ਮਿਹਨਤ ਕਦੇ ਅਜ਼ਾਈ ਨਹੀਂ ਜਾਂਦੀ। ਫ਼ਿਲਮ ਦੀ ਨਾਇਕਾ ਹਰਸ਼ੀਨ ਚੌਹਾਨ ਮੁਤਾਬਕ ਇਹ ਫ਼ਿਲਮ ਉਸਦੀ ਜ਼ਿੰਦਗੀ ਦੀ ਅਹਿਮ ਫ਼ਿਲਮ ਹੈ। ਮਨੋਰੰਜਨ ਤੇ ਕਾਮੇਡੀ ਫ਼ਿਲਮਾਂ ਨਾਲੋਂ ਹਟਕੇ ਉਸ ਨੂੰ ਪਹਿਲੀ ਵਾਰ ਇਸ ਕਿਸਮ ਦੀ ਸ਼ਾਨਦਾਰ ਤੇ ਪ੍ਰੇਰਣਾਸ੍ਰੋਤ ਫ਼ਿਲਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ।
Hardeep Grewal
ਪੰਜਾਬੀ ਸਿਨੇਮੇ ਦੇ ਦਿੱਗਜ ਅਦਾਕਾਰ ਸਰਦਾਰ ਸੋਹੀ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਉਸਨੇ ਹਰਦੀਪ ਦੇ ਗੀਤ ਸੁਣੇ ਹਨ ਜੋ ਸਭ ਲਈ ਪ੍ਰੇਰਣਾਸ੍ਰੋਤ ਹਨ। ਉਸਨੂੰ ਜਦੋਂ ਇਸ ਫ਼ਿਲਮ ਦੀ ਪੇਸ਼ਕਸ਼ ਆਈ ਤਾਂ ਉਸਨੇ ਹਰਦੀਪ ਦਾ ਨਾਂ ਸੁਣਦਿਆਂ ਹੀ ਫ਼ਿਲਮ ਲਈ ਹਾਮੀ ਭਰ ਦਿੱਤੀ। ਗੇਰੀ ਨੇ ਹਰਦੀਪ ਦੇ ਕਈ ਮਿਊਜ਼ਿਕ ਵੀਡੀਓ ਵੀ ਡਾਇਰੈਕਟ ਕੀਤੇ ਹਨ। ਉਸਨੇ ਇਹ ਫ਼ਿਲਮ ਬਣਾਈ ਨਹੀਂ ਬਲਕਿ ਤਿੰਨ ਸਾਲ ਹੰਢਾਈ ਹੈ। ਇਸ ਫ਼ਿਲਮ ਲਈ ਹਰਦੀਪ ਨੇ ਜਿੰਨੀ ਮਿਹਨਤ ਕੀਤੀ ਹੈ ਉਹ ਆਪਣੇ ਆਪ ਵਿੱਚ ਇਕ ਇਤਿਹਾਸਕ ਗੱਲ ਹੈ।
Hardeep Grewal
ਫ਼ਿਲਮ ਦਾ ਟ੍ਰੇਲਰ ਅਤੇ ਫਿਲਮ ਨੂੰ ਮਿਲੇ 7 ਇੰਟਰਨੇਸ਼ਨਲ ਅਵਾਰਡ ਇਸ ਦੀ ਗਵਾਹੀ ਭਰ ਰਿਹਾ ਹੈ। ਫ਼ਿਲਮ ਦੀ ਟੀਮ ਮੁਤਾਬਕ ਇਸ ਫ਼ਿਲਮ ਦਾ ਸੰਗੀਤ ਵੀ ਫ਼ਿਲਮ ਦੀ ਕਹਾਣੀ ਵਾਂਗ ਦਿਲਚਸਪ ਤੇ ਪ੍ਰਭਾਵਸ਼ਾਲੀ ਹੈ। ਕਰੋਨਾ ਦੇ ਇਸ ਦੌਰ ਵਿੱਚ ਜਦੋਂ ਵੱਡੇ ਵੱਡੇ ਸਟਾਰ ਆਪਣੀ ਫ਼ਿਲਮ ਰਿਲੀਜ਼ ਕਰਨ ਤੋਂ ਕਤਰਾ ਰਹੇ ਹਨ ਉਸ ਦੌਰ ’ਚ ਇਕ ਨਵੇਂ ਹੀਰੋ ਅਤੇ ਨਿਰਦੇਸ਼ਕ ਵੱਲੋਂ ਏਨਾ ਵੱਡਾ ਰਿਸਕ ਲੈਣ ਕੋਈ ਛੋਟੀ ਗੱਲ ਨਹੀਂ ਹੈ। ਫ਼ਿਲਮ ਦੇ ਟ੍ਰੇਲਰ ਤੋਂ ਇਹ ਆਸ ਬੱਝ ਗਈ ਹੈ ਕਿ ਇਹ ਫ਼ਿਲਮ ਸਿਨੇਮਾ ਘਰਾਂ ’ਚ ਵਾਪਸ ਤੋਂ ਰੌਣਕ ਲਿਆਂਉਣ ’ਚ ਸਫ਼ਲ ਰਹੇਗੀ। 5 ਅਗਸਤ ਨੂੰ ਇਹ ਫਿਲਮ ਪੀ ਟੀ ਸੀ ਗਲੋਬ ਮੂਵੀਜ ਵੱਲੋਂ ਆਈ ਜੀ ਸਟੂਡੀੳਜ ਦੇ ਸਿਹਯੋਗ ਨਾਲ ਰਿਲੀਜ ਕੀਤੀ ਜਾ ਰਹੀ ਹੈ|