
ਪ੍ਰਾਜੈਕਟ 7 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਦੋ ਸਾਲਾਂ ਵਿਚ ਪੂਰਾ ਹੋਵੇਗਾ
ਪੇਸ਼ਾਵਰ : ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ’ਚ ਮਹਾਨ ਭਾਰਤੀ ਅਦਾਕਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰਾਂ ਦੇ ਪੁਨਰਨਿਰਮਾਣ ਅਤੇ ਨਵੀਨੀਕਰਨ ਦਾ ਕੰਮ ਸੋਮਵਾਰ ਨੂੰ ਅਧਿਕਾਰਤ ਤੌਰ ਉਤੇ ਸ਼ੁਰੂ ਹੋ ਗਿਆ।
ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਡਾ. ਅਬਦੁਸ ਸਮਦ ਨੇ ਕਿਹਾ ਕਿ ਇਹ ਪ੍ਰਾਜੈਕਟ 7 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਦੋ ਸਾਲਾਂ ਵਿਚ ਪੂਰਾ ਹੋਣ ਵਾਲਾ ਹੈ। ਖੈਬਰ ਪਖਤੂਨਖਵਾ ਸਰਕਾਰ ਨੇ ਇਸ ਪ੍ਰਾਜੈਕਟ ਲਈ ਫੰਡ ਜਾਰੀ ਕੀਤੇ ਹਨ ਜਿਸ ਵਿਚ ਇਤਿਹਾਸਕ ਰਿਹਾਇਸ਼ਾਂ ਦੀ ਢਾਂਚਾਗਤ ਅਤੇ ਸੁਹਜਾਤਮਕ ਬਹਾਲੀ ਸ਼ਾਮਲ ਹੈ।
ਪੁਰਾਤੱਤਵ ਅਤੇ ਅਜਾਇਬ ਘਰ ਡਾਇਰੈਕਟੋਰੇਟ ਨੂੰ ਕੰਮ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਹੈ ਜਿਸ ਦਾ ਉਦੇਸ਼ ਇਮਾਰਤਾਂ ਨੂੰ ਉਨ੍ਹਾਂ ਦੀ ਅਸਲ ਸਥਿਤੀ ਵਿਚ ਬਹਾਲ ਕਰਨਾ ਹੈ। ਸੂਬਾਈ ਪੁਰਾਤੱਤਵ ਵਿਭਾਗ ਨੇ ਦੋਹਾਂ ਢਾਂਚਿਆਂ ਨੂੰ ਮਹਾਨ ਅਦਾਕਾਰਾਂ ਦੇ ਜੀਵਨ ਅਤੇ ਕਰੀਅਰ ਨੂੰ ਸਮਰਪਿਤ ਅਜਾਇਬ ਘਰਾਂ ਵਿਚ ਤਬਦੀਲ ਕਰਨ ਦੀ ਯੋਜਨਾ ਬਣਾਈ ਹੈ। ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 13 ਜੁਲਾਈ 2014 ਨੂੰ ਇਨ੍ਹਾਂ ਘਰਾਂ ਨੂੰ ਕੌਮੀ ਵਿਰਾਸਤ ਸਥਾਨ ਐਲਾਨਿਆ ਸੀ।
ਡਾ. ਸਮਦ ਅਨੁਸਾਰ ਇਸ ਪ੍ਰਾਜੈਕਟ ਦਾ ਮੁੱਖ ਟੀਚਾ ਵਿਰਾਸਤੀ ਸੈਰ-ਸਪਾਟੇ ਨੂੰ ਉਤਸ਼ਾਹਤ ਕਰਦੇ ਹੋਏ ਸੂਬੇ ਦੀ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਦੀ ਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਨਾ ਸਿਰਫ ਸਥਾਨਕ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਬਲਕਿ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਵਿਸ਼ਵ ਬੈਂਕ ਦੇ ਸਮਰਥਨ ਨਾਲ ਇਹ ਪ੍ਰਾਜੈਕਟ ਸੂਬੇ ਵਿਚ ਸੈਰ-ਸਪਾਟਾ ਖੇਤਰ ਵਿਚ ਕ੍ਰਾਂਤੀ ਲਿਆਉਣਗੇ। ਸੂਬਾਈ ਸਰਕਾਰ ਦੇ ਸੈਰ-ਸਪਾਟਾ ਸਲਾਹਕਾਰ ਜ਼ਾਹਿਦ ਖਾਨ ਸ਼ਿਨਵਾਰੀ ਨੇ ਕਿਹਾ ਕਿ ਸਾਡਾ ਉਦੇਸ਼ ਖੈਬਰ ਪਖਤੂਨਖਵਾ ਦੇ ਸੁੰਦਰ ਸਭਿਆਚਾਰਕ ਸਥਾਨਾਂ ਨੂੰ ਦੁਨੀਆਂ ਭਰ ਦੇ ਸੈਲਾਨੀਆਂ ਲਈ ਕੇਂਦਰ ਬਿੰਦੂ ਬਣਾਉਣਾ ਹੈ।