
ਇਕ ਐਨਜੀਓ ਦੇ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਪਿਛਲੇ ਮਹੀਨੇ ਚੇਂਬੂਰ ਪੁਲਿਸ ਸਟੇਸ਼ਨ ਵਿਚ ਅਦਾਕਾਰ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ।
ਮੁੰਬਈ: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਵੱਲੋਂ ਆਪਣੀਆਂ ਨਿਊਡ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਤਹਿਤ ਮੁੰਬਈ ਪੁਲਿਸ ਨੇ ਅੱਜ ਰਣਵੀਰ ਸਿੰਘ ਦਾ ਬਿਆਨ ਦਰਜ ਕੀਤਾ ਹੈ। ਇਕ ਐਨਜੀਓ ਦੇ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਪਿਛਲੇ ਮਹੀਨੇ ਚੇਂਬੂਰ ਪੁਲਿਸ ਸਟੇਸ਼ਨ ਵਿਚ ਅਦਾਕਾਰ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਅਦਾਕਾਰ ਨੂੰ ਨੋਟਿਸ ਜਾਰੀ ਕਰਕੇ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਸੀ।
ਅਧਿਕਾਰੀ ਨੇ ਦੱਸਿਆ ਕਿ ਰਣਵੀਰ ਸਿੰਘ ਸੋਮਵਾਰ ਸਵੇਰੇ 7 ਵਜੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਏ ਅਤੇ ਉਹਨਾਂ ਨੇ ਆਪਣਾ ਬਿਆਨ ਦਰਜ ਕਰਵਾਇਆ। ਰਣਵੀਰ ਸਿੰਘ ਸਵੇਰੇ 9.30 ਵਜੇ ਦੇ ਕਰੀਬ ਥਾਣੇ ਤੋਂ ਚਲੇ ਗਏ। ਜੇਕਰ ਲੋੜ ਪਈ ਤਾਂ ਅਦਾਕਾਰ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ।
ਐਨਜੀਓ ਦੇ ਇਕ ਅਧਿਕਾਰੀ ਨੇ ਸ਼ਿਕਾਇਤ ਵਿਚ ਦੋਸ਼ ਲਾਇਆ ਸੀ, "ਅਦਾਕਾਰ ਨੇ ਆਪਣੀਆਂ ਤਸਵੀਰਾਂ ਨਾਲ ਔਰਤਾਂ ਦੀਆਂ ਭਾਵਨਾਵਾਂ ਅਤੇ ਉਹਨਾਂ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ।"
ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 292 (ਅਸ਼ਲੀਲ ਕਿਤਾਬਾਂ ਆਦਿ ਦੀ ਵਿਕਰੀ), 293 (ਨੌਜਵਾਨਾਂ ਨੂੰ ਅਸ਼ਲੀਲ ਸਮੱਗਰੀ ਦੀ ਵਿਕਰੀ), 509 (ਮਾਣ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕੋਈ ਸ਼ਬਦ ਕਹਿਣਾ, ਜਾਂ ਕੰਮ ਕਰਨਾ) ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਇਕ ਐਫਆਈਆਰ ਦਰਜ ਕੀਤੀ ਸੀ।