
ਪਹਿਲੀ ਫਿਲਮ ਲਈ ਮਿਲਿਆ ਸੀ ਨੈਸ਼ਨਲ ਐਵਾਰਡ
Dadasaheb Phalke Award : ਮਸ਼ਹੂਰ ਅਭਿਨੇਤਾ ਅਤੇ ਡਿਸਕੋ ਡਾਂਸਰ ਵਜੋਂ ਮਸ਼ਹੂਰ ਮਿਥੁਨ ਚੱਕਰਵਰਤੀ ਨੂੰ ਲੈ ਕੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਗਿਆ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਅਦਾਕਾਰ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕਰਨ ਦੀ ਖੁਸ਼ਖਬਰੀ ਦਿੱਤੀ ਹੈ। ਇਸ ਖ਼ਬਰ ਨੇ ਦੇਸ਼-ਵਿਦੇਸ਼ ਵਿੱਚ ਅਦਾਕਾਰ ਦੇ ਪ੍ਰਸ਼ੰਸਕਾਂ ਨੂੰ ਜਸ਼ਨ ਮਨਾਉਣ ਦਾ ਵੱਡਾ ਮੌਕਾ ਦਿੱਤਾ ਹੈ। ਚੱਕਰਵਰਤੀ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ।
ਭਾਵੁਕ ਹੋਏ ਮਿਥੁਨ ਚੱਕਰਵਰਤੀ
ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਸਨਮਾਨ ਮਿਲਣ 'ਤੇ ਮਿਥੁਨ ਨੇ ਖੁਸ਼ੀ ਜਤਾਈ ਹੈ। ਉਨ੍ਹਾਂ ਕੋਲ ਕਹਿਣ ਲਈ ਸ਼ਬਦ ਨਹੀਂ ਹਨ। ਮਿਥੁਨ ਨੇ ਕਿਹਾ- ਸੱਚ ਦੱਸਾਂ ਤਾਂ ਮੇਰੇ ਕੋਈ ਸ਼ਬਦ ਨਹੀਂ ਹੈ। ਨਾ ਮੈਂ ਹੱਸ ਸਕਦਾ ਹਾਂ, ਨਾ ਹੀ ਮੈਂ ਖੁਸ਼ੀ ਨਾਲ ਰੋ ਸਕਦਾ ਹਾਂ। ਇਹ ਕਿੰਨੀ ਵੱਡੀ ਗੱਲ ਹੈ। ਮੈਂ ਕੋਲਕਾਤਾ ਵਿੱਚ ਜਿਥੋਂ ਆਇਆ ਹਾਂ, ਫੁੱਟਪਾਥ ਤੋਂ ਲੜ ਕੇ ਇੱਥੇ ਤੱਕ ਆਇਆ ਹਾਂ, ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਉਸ ਲੜਕੇ ਨੂੰ ਇੰਨਾ ਵੱਡਾ ਸਨਮਾਨ ਮਿਲੇਗਾ।
ਪੀਐਮ ਮੋਦੀ ਨੇ ਦਿੱਤੀ ਵਧਾਈ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ X 'ਤੇ ਲਿਖਿਆ ਮੈਨੂੰ ਖੁਸ਼ੀ ਹੈ ਕਿ ਮਿਥਨ ਚੱਕਰਵਰਤੀ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਵੱਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਕਲਚਰਲ ਆਈਕਨ ਹਨ। ਆਪਣੇ ਦਮਦਾਰ ਪ੍ਰਦਰਸ਼ਨ ਲਈ ਪੀੜ੍ਹੀਆਂ ਤੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਨੂੰ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ।
ਪੁੱਤਰ ਨੇ ਪ੍ਰਗਟਾਈ ਖੁਸ਼ੀ
ਦੇਸ਼ ਭਰ ਦੇ ਫ਼ੈਨਜ ਨੂੰ ਹੁਣ ਉਸ ਪਲ ਦੀ ਉਡੀਕ ਹੈ, ਜਦੋਂ ਅਭਿਨੇਤਾ ਨੂੰ ਇੰਨੇ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਮਿਥੁਨ ਨੂੰ ਇਹ ਪੁਰਸਕਾਰ 8 ਅਕਤੂਬਰ 2024 ਨੂੰ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦੌਰਾਨ ਦਿੱਤਾ ਜਾਵੇਗਾ। ਪਿਤਾ ਨੂੰ ਮਿਲੇ ਇਸ ਐਵਾਰਡ 'ਤੇ ਬੇਟੇ ਨਮਾਸ਼ੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਨਮਾਸ਼ੀ ਨੇ ਕਿਹਾ- ਮੈਂ ਬਹੁਤ ਮਾਣ ਅਤੇ ਸਨਮਾਨ ਮਹਿਸੂਸ ਕਰ ਰਿਹਾ ਹਾਂ। ਮੇਰੇ ਪਿਤਾ ਇੱਕ ਸਵੈ-ਨਿਰਮਿਤ ਸੁਪਰਸਟਾਰ ਅਤੇ ਇੱਕ ਮਹਾਨ ਨਾਗਰਿਕ ਹਨ। ਉਨ੍ਹਾਂ ਦੀ ਜੀਵਨ ਯਾਤਰਾ ਕਈਆਂ ਲਈ ਪ੍ਰੇਰਨਾਦਾਇਕ ਰਹੀ ਹੈ। ਉਸ ਨੂੰ ਮਿਲੇ ਇਸ ਸਨਮਾਨ ਤੋਂ ਅਸੀਂ ਸਾਰੇ ਬਹੁਤ ਖੁਸ਼ ਹਾਂ।
ਪਹਿਲੀ ਫਿਲਮ ਲਈ ਮਿਲਿਆ ਨੈਸ਼ਨਲ ਐਵਾਰਡ
ਫਿਲਮ ਇੰਡਸਟਰੀ 'ਚ ਮਿਥੁਨ ਦਾ ਸਫਰ ਪ੍ਰੇਰਣਾਦਾਇਕ ਰਿਹਾ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਸੁਪਰਹਿੱਟ ਫਿਲਮਾਂ ਦੇ ਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ। ਕੋਲਕਾਤਾ ਵਿੱਚ ਜਨਮੇ, ਮਿਥੁਨ ਪੇਸ਼ੇ ਤੋਂ ਇੱਕ ਅਭਿਨੇਤਾ, ਨਿਰਮਾਤਾ ਅਤੇ ਸਿਆਸਤਦਾਨ ਹਨ। ਅਭਿਨੇਤਾ 350 ਤੋਂ ਵੱਧ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਇਨ੍ਹਾਂ ਵਿੱਚ ਹਿੰਦੀ, ਬੰਗਾਲੀ, ਤਾਮਿਲ, ਭੋਜਪੁਰੀ, ਤੇਲਗੂ, ਕੰਨੜ, ਪੰਜਾਬੀ ਫਿਲਮਾਂ ਸ਼ਾਮਲ ਹਨ। ਮਿਥਨ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸਾਲ 1977 'ਚ ਫਿਲਮ 'ਮ੍ਰਿਗਯਾ' ਨਾਲ ਕੀਤੀ ਸੀ। ਉਨ੍ਹਾਂ ਨੂੰ ਆਪਣੀ ਪਹਿਲੀ ਫਿਲਮ ਲਈ ਸਰਵੋਤਮ ਅਦਾਕਾਰ ਦਾ ਨੈਸ਼ਨਲ ਐਵਾਰਡ ਮਿਲਿਆ ਸੀ।
ਦੱਸ ਦੇਈਏ ਕਿ ਮਿਥੁਨ ਨੇ ਆਪਣੇ ਕਰੀਅਰ 'ਚ 350 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ। ਉਹ ਤਿੰਨ ਵਾਰ ਨੈਸ਼ਨਲ ਐਵਾਰਡ ਜਿੱਤ ਚੁੱਕੇ ਹਨ। ਉਨ੍ਹਾਂ ਦੀਆਂ ਹਿੱਟ ਫਿਲਮਾਂ 'ਚ 'ਸੁਰਕਸ਼ਾ', 'ਪ੍ਰੇਮ ਵਿਵਾਹ', 'ਤ੍ਰਿਨੇਤਰ', 'ਅਗਨੀਪਥ', 'ਹਮ ਸੇ ਹੈ ਜਮਨਾ', 'ਤਹਾਦੇਰ ਕਥਾ', 'ਸਵਾਮੀ ਵਿਵੇਕਾਨੰਦ', 'ਵੋ ਜੋ ਹਸੀਨਾ', 'ਏਲਾਨ', 'ਜ਼ੋਰ' ਲਗਾ ਕੇ' ,ਹੈਯਾ', 'ਚਲ ਚਲੇ', 'ਡਿਸਕੋ ਡਾਂਸਰ', 'ਟੈਕਸੀ ਚੋਰ', 'ਦਿ ਕਸ਼ਮੀਰ ਫਾਈਲਜ਼' ਸ਼ਾਮਲ ਹਨ।