
ਜਾਣੋ ਦਿਲਜੀਤ ਦੋਸਾਂਝ ਦੀ ਜ਼ਿੰਦਗੀ ਦੇ ਖ਼ਾਸ ਕਿੱਸੇ
ਜਲੰਧਰ- ਆਪਣੀ ਦਮਦਾਰ ਗਾਇਕੀ ਨਾਲ ਲੱਖਾਂ ਦਿਲਾਂ 'ਤੇ ਰਾਜ਼ ਕਰਨ ਵਾਲੇ ਦਿਲਜੀਤ ਦੌਸਾਂਝ ਦਾ ਜਨਮ 6 ਜਨਵਰੀ 1984 ਨੂੰ ਦੌਸਾਂਝ ਕਲਾਂ ਜਲੰਧਰ ਵਿਖੇ ਹੋਇਆ ਸੀ। ਅੱਜ ਦਿਲਜੀਤ ਦੌਸਾਂਝ ਪਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ
ਦਿਲਜੀਤ ਨੇ ਆਪਣੀ ਸਕੂਲੀ ਸਿੱਖਿਆ ਸ੍ਰੀ ਗੁਰੂ ਹਰੀ ਕ੍ਰਿਸ਼ਨ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਸਕੂਲ 'ਚ ਪੜ੍ਹਾਈ ਕਰਦੇ ਦੌਰਾਨ ਹੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਬਲਬੀਰ ਦੌਸਾਂਝ ਹੈ, ਜੋ ਕੀ ਪੰਜਾਬ ਰੋਡਵੇਜ਼ 'ਚ ਇਕ ਕਰਮਚਾਰੀ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਮਾਤਾ ਇਕ ਹਾਊਸ ਵਾਈਫ ਹੈ।
ਦਿਲਜੀਤ ਦੋਸਾਂਝ ਦੀ ਸਾਲ 2011 'ਚ ਪੰਜਾਬੀ ਫਿਲਮਾਂ 'ਚ ਐਂਟਰੀ ਹੋਈ। ਉਨ੍ਹਾਂ ਦੀ ਪਹਿਲੀ ਫਿਲਮ 'ਦਿ ਲਾਇਨ ਆਫ ਪੰਜਾਬ' ਫਰਵਰੀ 2011 'ਚ ਰਿਲੀਜ਼ ਹੋਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਹੋ ਗਈ ਸੀ ਪਰ ਫਿਲਮ ਦੇ 'ਲੱਕ 28 ਕੁੜੀ ਦਾ' ਦੇ ਗੀਤ ਨੂੰ ਵੱਡੀ ਸਫਲਤਾ ਮਿਲੀ। ਇਸ ਗੀਤ 'ਚ ਉਨ੍ਹਾਂ ਨਾਲ ਯੋ ਯੋ ਹਨੀ ਸਿੰਘ ਵੀ ਸੀ।
ਜੁਲਾਈ 2011 'ਚ ਉਨ੍ਹਾਂ ਦੀ ਦੂਜੀ ਪੰਜਾਬੀ ਫਿਲਮ 'ਜਿਹਨੇ ਮੇਰਾ ਦਿਲ ਲੁੱਟਿਆ' ਰਿਲੀਜ਼ ਹੋਈ। ਇਸ ਫਿਲਮ 'ਚ ਪਾਲੀਵੁੱਡ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਭੂਮਿਕਾ ਵੀ ਸੀ ਅਤੇ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕੀਤਾ ਸੀ। ਦਿਲਜੀਤ ਦੋਸਾਂਝ ਨੇ ਫਿਲਮ ਦੇ ਸਾਉਂਡਟਰੈਕ 'ਚ ਬਾਰਾਂ ਟਰੈਕਾਂ 'ਚੋਂ 6 ਗਾਣਿਆਂ ਨੂੰ ਅਵਾਜ਼ ਦਿੱਤੀ।
ਦਿਲਜੀਤ ਨੇ ਸਾਲ 2000 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਪਹਿਲੀ ਐਲਬਮ 'ਇਸ਼ਕ ਦਾ ਊੜਾ ਐੜਾ' ਨਾਲ ਗਾਇਕੀ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ 'ਦਿਲ' ਐਲਬਮ ਲਾਂਚ ਕੀਤੀ ਗਈ, ਜਿਸ ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਦਿਲਜੀਤ ਕਾਮਯਾਬ ਰਹੇ। ਇਸ ਐਲਬਮ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।
ਦਿਲਜੀਤ ਨੇ ਗਾਇਕੀ ਦੇ ਨਾਲ-ਨਾਲ ਅਭਿਨੈ ਦੇ ਖੇਤਰ 'ਚ ਵੀ ਆਪਣੀ ਇਕ ਵੱਖਰੀ ਹੀ ਪਛਾਣ ਬਣਾਈ ਹੈ। ਦਿਲਜੀਤ ਦੌਸਾਂਝ ਨੇ ਹੁਣ ਤੱਕ 'ਮੇਲ ਕਰਾਦੇ ਰੱਬਾ', 'ਦਿ ਲੋਇਨ ਆਫ ਪੰਜਾਬ', 'ਧਰਤੀ', 'ਜਿੰਨੇ ਮੇਰਾ ਦਿਲ ਲੁੱਟਿਆ', 'ਜੱਟ ਐਂਡ ਜੁਲੀਅਟ', 'ਸਾਡੀ ਲਵ ਸਟੋਰੀ', 'ਜੱਟ ਐਂਡ ਜੁਲੀਅਟ 2', 'ਡਿਸਕੋ ਡਾਂਸ', 'ਪੰਜਾਬ 1984' ਫਿਲਮਾਂ 'ਚ ਕੰਮ ਕੀਤਾ ਹੈ।
ਦਿਲਜੀਤ ਦੋਸਾਂਝ ਦੀਆਂ ਐਲਬਮਾਂ 'ਚ 'ਇਸ਼ਕ ਦਾ ਊੜਾ-ਐੜਾ', 'ਦਿਲ', 'ਸਮਾਈਲ', 'ਚੌਰਲੇਟ', 'ਸਿੱਖ' ਆਦਿ ਮੁੱਖ ਹਨ। ਦਿਲਜੀਤ ਨੇ ਆਪਣੀ ਗਇਕੀ ਦੌਰਾਨ ਹੁਣ ਤੱਕ ਕਈ ਸੁਪਰਹਿੱਟ ਗੀਤ ਵੀ ਦਰਸ਼ਕਾਂ ਦੀ ਝੋਲੀ 'ਚ ਪਾਏ ਹਨ। ਜਿਨ੍ਹਾਂ 'ਚ 'ਚੌਕਲੇਟ', 'ਹੈੱਪੀਬਰਥਡੇ', 'ਦਿਲ ਸਾਡੇ ਨਾਲ ਲਾਲਾ', 'ਲੱਕ 28 ਕੁੜੀ ਦਾ', 'ਬਿਊਟੀਫੁੱਲ ਬਿਲੋ', 'ਸਵੀਟੂ', 'ਬਾਕੀ ਤਾਂ ਬਚਾ ਹੋ ਗਿਆ', 'ਸੂਰਮਾ', 'ਪਰੋਪਰ ਪਟੋਲਾ', ਨੱਚਦੀਆਂ ਅੱਲ੍ਹੜਾਂ ਕੁਆਰੀਆਂ' ਅਤੇ 'ਪੱਗਾਂ ਪੋਚਵੀਆਂ' ਆਦਿ ਹਨ, ਜੋ ਕਿ ਅੱਜ ਵੀ ਦਰਸ਼ਕਾਂ ਦੀ ਜ਼ੁਬਾਨਾਂ 'ਤੇ ਸੁਣਨ ਨੂੰ ਮਿਲਦੇ ਹਨ। ਗੀਤ 'ਪਟਿਆਲਾ ਪੈੱਗ' ਨੇ ਸੋਸ਼ਲ ਮੀਡੀਆ 'ਤੇ ਕਾਫੀ ਧਮਾਲ ਮਚਾਈ ਸੀ।
21 ਜੂਨ 2019 'ਚ ਨੂੰ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ 'ਛੜਾ' ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ 'ਤੇ ਕਮਾਈ ਦਾ ਤੂਫਾਨ ਲਿਆਂਦਾ ਹੈ। ਫਿਲਮ ਨੇ ਲਗਭਗ 52.50 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਨੂੰ ਅਨੁਰਾਗ ਸਿੰਘ, ਅਮਿਤ ਭੱਲਾ, ਅਮਨ ਗਿੱਲ ਤੇ ਪਵਨ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਸੀ। ਫਿਲਮ ਨੂੰ ਜਗਦੀਪ ਸਿੱਧੂ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਸੀ। ਦਸੰਬਰ 2019 'ਚ ਦਿਲਜੀਤ ਦੌਸਾਂਝ ਦੀ Good Newwz ਨੇ 100 ਕਰੋੜ ਦੀ ਕਮਾਈ ਕੀਤੀ। ਦਿਲਜੀਤ ਦੀ ਇਸ ਫਿਲਮ ਨੇ ਸਲਮਾਨ ਖਾਨ ਦਾ ਵੀ ਰਿਕਾਰਡ ਤੋੜ ਦਿੱਤਾ ਹੈ।