
ਕਿਸਾਨੀ ਜਜ਼ਬੇ ਨੂੰ ਬਿਆਨ ਕਰਦੇ ਕਈ ਗੀਤ ਦਰਸ਼ਕਾਂ ਨਾਲ ਸਾਂਝੇ ਕਰ ਚੁੱਕੇ ਹਨ ਸੁਰਜੀਤ ਸੰਧੂ
ਨਵੀਂ ਦਿੱਲੀ (ਅਰਪਨ ਕੌਰ): ਪੰਜਾਬ ਤੇ ਕਿਸਾਨੀ ਦਾ ਦਰਦ ਰੱਖਣ ਵਾਲੇ ਮਸ਼ਹੂਰ ਪੰਜਾਬੀ ਸਿਤਾਰੇ ਕਿਸਾਨੀ ਮੋਰਚੇ ‘ਤੇ ਪਹੁੰਚ ਰਹੇ ਹਨ। ਇਸ ਦੇ ਚਲਦਿਆਂ ਪੰਜਾਬੀ ਗਾਇਕ ਸੰਧੂ ਸੁਰਜੀਤ ਨੇ ਵੀ ਸਿੰਘੂ ਬਾਰਡਰ ‘ਤੇ ਹਾਜ਼ਰੀ ਲਗਵਾਈ। ਸੰਧੂ ਸੁਰਜੀਤ ਕਿਸਾਨੀ ਜਜ਼ਬੇ ਨੂੰ ਬਿਆਨ ਕਰਦੇ ਕਈ ਗੀਤ ਵੀ ਦਰਸ਼ਕਾਂ ਨਾਲ ਸਾਂਝੇ ਕਰ ਚੁੱਕੇ ਹਨ।
Surjit sandhu
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸੁਰਜੀਤ ਸੰਧੂ ਨੇ ਕਿਹਾ ਕਿ ਨੈਸ਼ਨਲ ਮੀਡੀਆ ‘ਤੇ ਕਿਸਾਨੀ ਅੰਦੋਲਨ ਤੇ ਕਿਸਾਨਾਂ ਵਿਰੁੱਧ ਖ਼ਬਰਾਂ ਦਿਖਾਈਆਂ ਜਾ ਰਹੀਆਂ ਹਨ ਪਰ ਲੋਕ ਮੀਡੀਆ ਬਹੁਤ ਚੰਗੀ ਭੂਮਿਕਾ ਨਿਭਾਅ ਰਿਹਾ ਹੈ। ਉਹਨਾਂ ਨੇ ਪੰਜਾਬੀ ਮੀਡੀਆ ਦਾ ਧੰਨਵਾਦ ਕੀਤਾ। ਸੰਧੂ ਸੁਰਜੀਤ ਨੇ ਦੱਸਿਆ ਕਿ ਉਹਨਾਂ ਨੇ ਕਦੀ ਸੋਚਿਆ ਨਹੀਂ ਸੀ ਕਿ ਇਹ ਸੰਘਰਸ਼ ਇੰਨਾ ਲੰਬਾ ਚੱਲੇਗਾ। ਕਿਸਾਨ ਚੜਦੀਕਲਾ ‘ਚ ਹਨ ਤੇ ਅਸੀਂ ਉਹਨਾਂ ਨਾਲ ਚੱਲਾਂਗੇ।
Surjit sandhu
ਦਿੱਲੀ ਬਾਰਡਰ ‘ਤੇ ਬੈਠੇ ਕਿਸਾਨਾਂ ਨੂੰ ਕਿਸੇ ਵੀ ਚੀਜ਼ ਦੀ ਸਮੱਸਿਆ ਨਹੀਂ ਆ ਰਹੀ। ਬਾਬੇ ਨਾਨਕ ਦਾ ਲੰਗਰ ਲਗਾਤਾਰ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਹਰ ਤਰ੍ਹਾਂ ਸਰਕਾਰ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਨਾ ਤਾਂ ਸਰਕਾਰ ਕੋਲੋਂ ਪਰਮਾਣੂ ਬੰਬ ਮੰਗ ਰਹੇ ਹਾਂ ਨਾਂ ਹੀ ਕੋਈ ਟੈਂਕ ਮੰਗ ਰਹੇ ਹਾਂ ਅਸੀਂ ਸਿਰਫ ਅਪਣਾ ਹੱਕ ਮੰਗ ਰਹੇ ਹਾਂ।
Surjit sandhu
ਗਾਇਕ ਨੇ ਕਿਹਾ ਕਿ ਅਸੀਂ ਅੰਬਾਨੀਆਂ-ਅਡਾਨੀਆਂ ਦੇ ਸੀਰੀ ਨਹੀਂ ਬਣਨਾ, ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੀ ਮਲਕੀਅਤ ਦਿੱਤੀ ਤੇ ਸਾਨੂੰ ਜ਼ਮੀਨਾਂ ਦੇ ਮਾਲਕ ਬਣੇ ਰਹਿਣ ਦਿੱਤਾ ਜਾਵੇ। ਉਹਨਾਂ ਕਿਹਾ ਕਿ ਹਰ ਰੋਜ਼ ਕਿਸਾਨਾਂ ਦੀਆਂ ਹੋ ਰਹੀਆਂ ਮੌਤਾਂ ਨਾਲ ਮਨ ਬਹੁਤ ਦੁਖੀ ਹੁੰਦਾ ਹੈ। ਸਾਡੇ ਗੁਰੂ ਨੇ ਸਿਖਾਇਆ ਹੈ ਕਿ ਅਪਣਾ ਹੱਕ ਮੰਗੋ ਜੇ ਮੰਗਿਆਂ ਨਹੀਂ ਮਿਲਦਾ ਤਾਂ ਖੋਹ ਲਵੋ।