
''ਜੇ ਫ਼ਿਲਮ 'ਚ ਕੱਟ ਲੱਗੇ ਤਾਂ ਫ਼ਿਲਮ ਰਿਲੀਜ਼ ਕਰਨ ਦੇ ਹੱਕ ਵਿਚ ਨਹੀਂ''
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਫ਼ਿਲਮ 'ਪੰਜਾਬ 95' ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ 'ਪੰਜਾਬ 95' ਫ਼ਿਲਮ ਜ਼ਰੂਰ ਰਿਲੀਜ਼ ਹੋਵੇਗੀ, ਮੈਨੂੰ ਰੱਬ 'ਤੇ ਪੂਰਾ ਭਰੋਸਾ ਹੈ। ਦਿਲਜੀਤ ਦੋਸਾਂਝ ਨੇ ਬੋਲਦਿਆਂ ਕਿਹਾ ਕਿ ਜੇ ਫ਼ਿਲਮ ਬਿਨਾਂ ਕੱਟ ਤੋਂ ਰਿਲੀਜ਼ ਹੋਈ ਤਾਂ ਮੈਂ ਪੂਰਾ ਸਹਿਯੋਗ ਕਰਾਂਗਾ ਪਰ ਜੇ ਫ਼ਿਲਮ 'ਚ ਕੱਟ ਲੱਗੇ ਤਾਂ ਮੈਂ ਫ਼ਿਲਮ ਰਿਲੀਜ਼ ਕਰਨ ਦੇ ਹੱਕ ਵਿਚ ਨਹੀਂ ਹਾਂ।
ਜ਼ਿਕਰਯੋਗ ਹੈ ਕਿ ਪਹਿਲਾਂ ਇਹ ਫ਼ਿਲਮ ਅੰਤਰਰਾਸ਼ਟਰੀ ਪੱਧਰ 'ਤੇ ਰਿਲੀਜ਼ ਹੋਣੀ ਸੀ ਪਰ ਬਾਅਦ ਵਿਚ ਇਸ ਦੀ ਰਿਲੀਜ਼ ਰੋਕ ਦਿੱਤੀ ਗਈ ਹੈ। ਦੱਸ ਦੇਈਏ ਕਿ 'ਪੰਜਾਬ 95' ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਹੈ। 'ਪੰਜਾਬ 95’ 'ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ।
ਖਾਲੜਾ ਨੇ ਪੰਜਾਬ ਪੁਲਿਸ ’ਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਤੌਰ ’ਤੇ ਹਿਰਾਸਤ ’ਚ ਲੈਣ ਅਤੇ ਉਨ੍ਹਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਨ ਦਾ ਦੋਸ਼ ਲਗਾਇਆ ਸੀ। 6 ਸਤੰਬਰ 1995 ਨੂੰ ਉਨ੍ਹਾਂ ਦੀ ਹੱਤਿਆ ਕਰ ਦਿਤੀ ਗਈ ਸੀ। ਸੀਬੀਆਈ ਜਾਂਚ ਵਿਚ ਪੰਜਾਬ ਪੁਲਿਸ ਦੇ 6 ਅਧਿਕਾਰੀ ਦੋਸ਼ੀ ਪਾਏ ਗਏ। ਜਸਵੰਤ ਸਿੰਘ ਖਾਲੜਾ ਦਾ ਜਨਮ 1952 ਵਿਚ ਹੋਇਆ ਸੀ। ਜਸਵੰਤ ਸਿੰਘ ਖਾਲੜਾ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਸਨ। ਉਹ ਉਨ੍ਹਾਂ ਦੇ ਹੱਕਾਂ ਲਈ ਲੜਦੇ ਸਨ। ਉਨ੍ਹਾਂ ਨੇ ਜ਼ੁਲਮ ਵਿਰੁਧ ਆਪਣੀ ਆਵਾਜ਼ ਬੁਲੰਦ ਕੀਤੀ। ਉਹ ਤਹਿਸੀਲ ਪੱਟੀ ਦੇ ਪਿੰਡ ਖਾਲੜਾ ਦਾ ਰਹਿਣ ਵਾਲਾ ਸੀ।