
Coachella ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਫਾਲੋ ਕੀਤੇ ਜਾਣ ਵਾਲੇ ਬਣੇ ਪਹਿਲੇ ਭਾਰਤੀ ਗਾਇਕ
ਮੋਹਾਲੀ : ਪੰਜਾਬੀ ਸਿੰਗਰ-ਐਕਟਰ ਦਿਲਜੀਤ ਦੋਸਾਂਝ ਨੇ ਇੱਕ ਹੋਰ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਦਿਲਜੀਤ ਦੋਸਾਂਝ ਇੰਟਰਨੈਸ਼ਨਲ ਈਵੈਂਟ Coachella 2023 'ਚ ਪ੍ਰਫਾਰਮ ਕਰਨਗੇ ਅਤੇ ਅਜਿਹਾ ਕਰਨ ਵਾਲੇ ਉਹ ਪਹਿਲੇ ਪੰਜਾਬੀ ਗਾਇਕ ਹਨ।
15 ਅਪ੍ਰੈਲ ਤੋਂ 22 ਅਪ੍ਰੈਲ ਤੱਕ ਹੋਣ ਵਾਲੇ ਇਸ ਈਵੈਂਟ ਵਿਚ ਦਿਲਜੀਤ ਦੋਸਾਂਝ ਵੀ ਪ੍ਰਫਾਰਮ ਕਰਨਗੇ। ਉਨ੍ਹਾਂ ਤੋਂ ਇਲਾਵਾ ਆਲਮੀ ਪੱਧਰ ਦੇ ਹੋਰ ਵੀ ਦਿੱਗਜ਼ ਕਲਾਕਾਰ ਇਸ ਪ੍ਰੋਗਰਾਮ ਦਾ ਹਿੱਸਾ ਹੋਣਗੇ। ਇੰਨਾ ਹੀ ਨਹੀਂ ਸਗੋਂ ਦਿਲਜੀਤ ਨੂੰ Coachella ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਤੋਂ ਵੀ ਫਾਲੋ ਕੀਤਾ ਗਿਆ ਹੈ ਅਤੇ ਅਜਿਹੇ ਉਹ ਪਹਿਲੇ ਭਾਰਤੀ ਗਾਇਕ ਬਣੇ ਹਨ ਜਿਸ ਨੂੰ Coachella ਵਲੋਂ ਫਾਲੋ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਮਿਊਜ਼ੀਕਲ ਡਰਾਮਾ ਫਿਲਮ ‘ਜੋੜੀ’ ਲਈ ਇਸ ਸਮੇਂ ਕਾਫੀ ਸੁਰਖੀਆਂ ‘ਚ ਹੈ। ਇਸ ਦੇ ਨਾਲ ਹੀ ਹੁਣ ਇੰਨੇ ਵੱਡੇ ਪੱਧਰ 'ਤੇ ਇਸ ਈਵੈਂਟ ਦਾ ਹਿੱਸਾ ਬਣ ਕੇ ਉਨ੍ਹਾਂ ਨੇ ਆਪਣੇ ਦਰਸ਼ਕਾਂ ਦੀ ਦਿਲ ਜਿੱਤ ਲਏ ਹਨ।
ਇਹ ਪਹਿਲੀ ਵਾਰ ਹੈ ਕਿ ਕੋਚੇਲਾ ਨੇ ਕਿਸੇ ਭਾਰਤੀ ਸੈਲੀਬ੍ਰਿਟੀ ਨੂੰ ਫੋਲੋ ਕੀਤਾ ਹੈ। ਇਸ ਲਈ ਸਿੰਗਰ ਤੇ ਫਿਲਮ ਅਤੇ ਸੰਗੀਤ ਇੰਡਸਟਰੀ ਲਈ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਇਸ ਦੇ ਸਕਰੀਨਸ਼ਾਟ ਸਾਰੇ ਇੰਟਰਨੈੱਟ ‘ਤੇ ਵਾਇਰਲ ਹੋ ਰਹੇ ਹਨ ਤੇ ਉਸ ਦੇ ਫੈਨਸ ਨੂੰ ਉਸ ‘ਤੇ ਬਹੁਤ ਮਾਣ ਹੈ। ਦਿਲਜੀਤ ਦੇ ਫੈਨਸ ਇਸ ਖ਼ਬਰ ਨੂੰ ਦੁਨੀਆ ਨਾਲ ਸਾਂਝਾ ਕਰ ਰਹੇ ਹਨ।
ਦਿਲਜੀਤ ਪਹਿਲਾਂ ਹੀ 15 ਅਪ੍ਰੈਲ ਅਤੇ 22 ਅਪ੍ਰੈਲ, 2023 ਨੂੰ ਕੋਚੇਲਾ ਵਿਖੇ ਪ੍ਰਫਾਰਮ ਕਰਨ ਵਾਲਾ ਪਹਿਲਾ ਪੰਜਾਬੀ ਗਾਇਕ ਬਣਨ ਲਈ ਚਰਚਾ ਵਿੱਚ ਹੈ ਤੇ ਉਸਦੇ ਪ੍ਰਸ਼ੰਸਕ ਦਿਲਜੀਤ ਨੂੰ ਸੁਣਨ ਤੇ ਕੈਲੀਫੋਰਨੀਆ ਸਥਿਤ ਫੈਸਟੀਵਲ ਵਿੱਚ ਪੰਜਾਬੀ ਸੰਗੀਤ ਉਦਯੋਗ ਨੂੰ ਮਾਣ ਦਿਵਾਉਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਦੱਸ ਦੇਈਏ ਕਿ Bad Bunny, Frank Ocean, K-Pop band Blackpink ਤੇ ਪਸੂਰੀ ਗੀਤ ਫੇਮ ਅਲੀ ਸੇਠੀ (Ali Sethi) ਸਮੇਤ ਬਹੁਤ ਸਾਰੇ ਵਿਦੇਸ਼ੀ ਕਲਾਕਾਰ ਸੰਗੀਤ ਸਮਾਗਮ ਵਿੱਚ ਹਿੱਸਾ ਲੈਣਗੇ।