
25 ਫਰਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਨਵੀਂ ਪਾਲੀਵੁੱਡ ਫ਼ਿਲਮ 'ਆਜਾ ਮੈਕਸੀਕੋ ਚਲੀਏ' ਦਾ ਨਵਾਂ ਗੀਤ 'ਸਿਰ ਨਹੀਂ ਪਲੋਸਦਾ' ਰੀਲੀਜ਼ ਹੋ ਗਿਆ ਹੈ।
ਚੰਡੀਗੜ੍ਹ: 25 ਫਰਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਨਵੀਂ ਪਾਲੀਵੁੱਡ ਫ਼ਿਲਮ 'ਆਜਾ ਮੈਕਸੀਕੋ ਚਲੀਏ' ਦਾ ਨਵਾਂ ਗੀਤ 'ਸਿਰ ਨਹੀਂ ਪਲੋਸਦਾ' ਰੀਲੀਜ਼ ਹੋ ਗਿਆ ਹੈ। ਇਹ ਗੀਤ ਤੁਹਾਡੀਆਂ ਅੱਖਾਂ 'ਚ ਹੰਝੂ ਲੈ ਆਵੇਗਾ। ਫਿਲਮ ''ਆਜਾ ਮੈਕਸੀਕੋ ਚਲੀਏ'' ਦੀ ਰੀਲੀਜ਼ ਹੋਣ ਵਾਲੀ ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਦਰਸ਼ਕਾਂ ਨੂੰ ਇੰਤਜ਼ਾਰ ਕਰਨਾ ਔਖਾ ਲੱਗ ਰਿਹਾ ਹੈ। ਫਿਲਮ ਦੇ ਟ੍ਰੇਲਰ ਨੂੰ ਪਹਿਲਾਂ ਹੀ ਦਰਸ਼ਕਾਂ ਦਾ ਅਥਾਹ ਪਿਆਰ ਮਿਲ ਰਿਹਾ ਹੈ ਕਿਉਂਕਿ ਕਹਾਣੀ ਬੇਹੱਦ ਵਧੀਆ ਤੇ ਨਵੀਂ ਲੱਗ ਰਹੀ ਹੈ।
Ser Nai Palosda Song From Movie Aaja Mexico Challiye
ਫਿਲਮ 'ਆਜਾ ਮੈਕਸੀਕੋ ਚਲੀਏ' ਦੀ ਰੀਲੀਜ਼ ਤੋਂ ਕੁਝ ਦਿਨ ਪਹਿਲਾਂ, ਨਿਰਮਾਤਾਵਾਂ ਨੇ 'ਸਿਰ ਨਹੀਂ ਪਲੋਸਦਾ' ਸਿਰਲੇਖ ਤੋਂ ਇਕ ਦਿਲ ਨੂੰ ਛੂਹ ਲੈਣ ਵਾਲਾ ਗੀਤ ਰੀਲੀਜ਼ ਕੀਤਾ ਹੈ। ਇਹ ਗੀਤ ਉਹਨਾਂ ਨੌਜਵਾਨਾਂ ਦੀਆਂ ਭਾਵਨਾਵਾਂ ਅਤੇ ਦਰਦ ਨੂੰ ਦਰਸਾਉਂਦਾ ਹੈ, ਜੋ ਉਹ ਡੌਂਕੀ ਵਰਗੇ ਖਤਰਨਾਕ ਸਫ਼ਰ ਦੌਰਾਨ ਝੱਲਦੇ ਹਨ। ਜਿੰਨਾ ਨੂੰ ਮਾਪਿਆਂ ਨੇ ਅਪਣੇ ਪੁੱਤਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ ਹੁੰਦੀ ਉਹਨਾਂ ਨੂੰ ਹਰ ਮੁਸ਼ਕਲ ਦਾ ਸਾਹਮਣਾ ਇਕੱਲਿਆਂ ਹੀ ਕਰਨਾ ਪੈਂਦਾ ਹੈ।
ਫਿਲਮ ‘ਆਜਾ ਮੈਕਸੀਕੋ ਚਲੀਏ’ ਵੱਲੋਂ ਚੁੱਕਿਆ ਗਿਆ ਮੁੱਦਾ ਬੇਸ਼ੱਕ ਪਿਛਲੇ ਸਮੇਂ ਵਿੱਚ ਵੀ ਇੱਕ ਵੱਡਾ ਸਮਾਜਿਕ ਮੁੱਦਾ ਰਿਹਾ ਹੈ ਪਰ ਪੰਜਾਬੀ ਇੰਡਸਟਰੀ ਵਿੱਚ ਪਹਿਲਾਂ ਅਜਿਹਾ ਮੁੱਦਾ ਇੰਨੇ ਸੰਜੀਦਾ ਤਰੀਕੇ ਨਾਲ ਨਹੀਂ ਉਠਾਇਆ ਗਿਆ। ਫਿਲਮ ਪ੍ਰਵਾਸੀਆਂ ਦੀਆਂ ਕਈ ਦੁਖਦਾਈ ਕਹਾਣੀਆਂ ਦੇ ਨਾਲ-ਨਾਲ ਉਹਨਾਂ ਦੀਆਂ ਅਣਜਾਣ ਸੱਚਾਈਆਂ ਅਤੇ ਤੱਥਾਂ ਨੂੰ ਵੀ ਦਿਖਾਏਗੀ। ਇਹ ਦਰਸ਼ਕਾਂ ਨੂੰ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦੀ ਚੰਗੀ ਤਰ੍ਹਾਂ ਤਿਆਰ ਕੀਤੀ ਦੁਨੀਆਂ ਤੋਂ ਜਾਣੂ ਕਰਵਾਏਗਾ ਜੋ ਯਕੀਨੀ ਤੌਰ 'ਤੇ ਦਰਸ਼ਕਾਂ 'ਤੇ ਇੱਕ ਸਕਾਰਾਤਮਕ ਪ੍ਰਭਾਵ ਛੱਡੇਗੀ।
ਦਿਲ ਨੂੰ ਛੂਹ ਲੈਣ ਵਾਲੇ ਇਸ ਗੀਤ ਦੇ ਬੋਲ ਹਰਮਨਜੀਤ ਸਿੰਘ ਨੇ ਦਿੱਤੇ ਹਨ ਅਤੇ ਰਚਨਾ ਵੀ ਉਹਨਾਂ ਦੀ ਹੀ ਹੈ। ਇਸ ਗੀਤ ਨੂੰ ਅਵਾਜ਼ ਐਮੀ ਵਿਰਕ ਨੇ ਦਿੱਤੀ ਹੈ ਅਤੇ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ। ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਡਾਇਰੈਕਟ ਕੀਤੀ ਫ਼ਿਲਮ ਐਮੀ ਵਿਰਕ, ਗੁਰਪ੍ਰੀਤ ਸਿੰਘ ਪ੍ਰਿੰਸ ਅਤੇ ਦਲਜੀਤ ਸਿੰਘ ਥਿੰਦ ਦੁਆਰਾ ਤਿਆਰ ਕੀਤੀ ਗਈ ਹੈ। ਇਹ ਫਿਲਮ ਐਮੀ ਵਿਰਕ ਪ੍ਰੋਡਕਸ਼ਨ ਅਤੇ ਥਿੰਦ ਮੋਸ਼ਨ ਫਿਲਮਜ਼ ਦੁਆਰਾ 25 ਫਰਵਰੀ ਨੂੰ ਦੁਨੀਆ ਭਰ ਵਿਚ ਰੀਲੀਜ਼ ਕੀਤੀ ਜਾ ਰਹੀ ਹੈ।