ਇਸ ਵਾਰ ਫ਼ਿਲਮ ਵਿਚ ਹੋਰ ਨਵੇਂ ਬਾਕਮਾਲ ਕਲਾਕਾਰਾਂ ਨੂੰ ਥਾਂ ਦਿਤੀ ਗਈ ਹੈ
ਚੰਡੀਗੜ੍ਹ - ਪਾਲੀਵੁੱਡ ਵਿਚ ਕੈਰੀ ਆਨ ਜੱਟਾ 3 ਦੀ ਵਾਪਸੀ! ਸਿਰਫ਼ ਪੰਜ ਸਾਲ ਦਾ ਵਕਫ਼ਾ ਅਤੇ ਅਜਿਹਾ ਧਾਮੇਕਦਾਰ ਕਮਬੈਕ! ਕਾਮੇਡੀ ਦੇ ਬਾਦਸ਼ਾਹ ਸਮੀਪ ਕੰਗ ਦੁਆਰਾ ਨਿਰਦੇਸ਼ਤ ਪੰਜਾਬ ਦੀ ਸਭ ਤੋਂ ਵੱਡੀ ਫ਼ਿਲਮ ਜਿਸ ਨੇ ਪੰਜਾਬੀ ਇੰਡਸਟਰੀ ਦੇ ਮਿਆਰ ਨੂੰ ਸਿਖਰਾਂ ਉੱਤੇ ਚਾੜ ਦਿੱਤਾ ਹੈ। ਫ਼ਿਲਮ ਹੁਣ ਤੀਜੀ ਵਾਰ ਫਿਰ ਤੋਂ ਲੋਕਾਂ ਦੀਆਂ ਵੱਖੀਆਂ ਵਿਚ ਪੀੜ ਕਰਨ ਨੂੰ ਤਿਆਰ ਖੜੀ ਹੈ। ਕੈਰੀ ਓਨ ਜੱਟਾ 2 ਵਿਚ ਸਾਨੂੰ ਹਰ ਚੀਜ਼ ਡਬਲ ਵੇਖਣ ਨੂੰ ਮਿਲੀ ਫਿਰ ਚਾਹੇ ਉਹ ਡਰਾਮਾ ਹੋਵੇ ਜਾ ਕਾਮੇਡੀ ਅਤੇ ਮੇਕਰਸ ਦਾ ਇਹ ਮੰਨਣਾ ਹੈ ਕਿ ਤੀਜੇ ਪਾਰਟ ਵਿਚ ਹਰ ਚੀਜ਼ ਟ੍ਰਿਪਲ ਵੇਖਣ ਨੂੰ ਮਿਲੇਗੀ।
ਇਸ ਫ਼ਿਲਮ ਦਾ ਟ੍ਰੇਲਰ ਮੁੰਬਈ ਵਿਚ ਲਾਂਚ ਕੀਤਾ ਗਿਆ ਸੀ ਜਿਸ ਨਾਲ ਇਹ ਪੰਜਾਬ ਦੇ ਬਾਹਰ ਟ੍ਰੇਲਰ ਲਾਂਚ ਹੋਣ ਵਾਲੀ ਪਹਿਲੀ ਫ਼ਿਲਮ ਬਣ ਗਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ 29 ਜੂਨ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਸਿਖਰਾਂ 'ਤੇ ਪਹੁੰਚਣ ਵਾਲੀ ਹੈ। ਇਹ ਕਹਿਣ ਵਿਚ ਕੋਈ ਗੁਰੇਜ਼ ਨਹੀਂ ਹੋਵੇਗਾ ਕਿ ਇਹ ਫ਼ਿਲਮ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਉਣ ਵਾਲੀ ਪਹਿਲੀ ਫ਼ਿਲਮ ਬਣ ਸਕਦੀ ਹੈ। ਆਓ ਜਾਣਦੇ ਆ ਕਿਵੇਂ?
ਟ੍ਰੇਲਰ ਲਾਂਚ ਉੱਤੇ ਆਮਿਰ ਖਾਨ ਨੇ ਪਾਇਆ ਭੰਗੜਾ:
ਫ਼ਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ ਇਸ ਵਾਰ ਫ਼ਿਲਮ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨ ਲਈ ਵੱਖ-ਵੱਖ ਸਕੀਮਾਂ ਬਣਾ ਰਹੇ ਹਨ। ਫ਼ਿਲਮ ਦੇ ਟ੍ਰੇਲਰ ਲਾਂਚ ਦੌਰਾਨ ਬਾਲੀਵੁੱਡ ਸੁਪਰਸਟਾਰ ਮਿਸਟਰ ਪਰਫੇਕਸ਼ਨਿਸਟ ਆਮਿਰ ਖਾਨ ਨੇ ਆਪਣੀ ਹਾਜ਼ਰੀ ਲਗਵਾਈ। ਜ਼ਾਹਰ ਹੈ ਕਿ ਆਮਿਰ ਖਾਨ ਦਾ ਨਾਂ ਹੀ ਕਾਫ਼ੀ ਹੈ ਇਸ ਫਿਲਮ ਦਾ ਕ੍ਰੇਜ਼ ਪੂਰੇ ਭਾਰਤ ਵਿਚ ਵਧਾਉਣ ਲਈ। ਫ਼ਿਲਮ ਮੇਕਰਸ ਅਤੇ ਸਟਾਰ ਕਾਸਟ ਨੇ ਫ਼ਿਲਮ ਦੇ ਪ੍ਰਮੋਸ਼ਨ ਵਿਚ ਕੋਈ ਵੀ ਕਸਰ ਨਹੀਂ ਛੱਡੀ। ਇਸ ਮੌਕੇ ਤੇ ਕਾਮੇਡੀ ਕਿੰਗ ਕਪਿਲ ਸ਼ਰਮਾ ਵੀ ਮੌਜੂਦ ਸਨ। ਫਿਲਮ ਦੀ ਸ਼ੂਟਿੰਗ ਲੰਡਨ ਵਿਚ ਕੀਤੀ ਗਈ ਹੈ। ਸ਼ਾਨਦਾਰ ਲੋਕੇਸ਼ਨ, ਗੀਤਾਂ ਅਤੇ ਟ੍ਰੇਲਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਨੂੰ ਬਾਲੀਵੁੱਡ ਟੱਚ ਦੇਣ ਦੀ ਜ਼ੋਰਦਾਰ ਕੋਸ਼ਿਸ਼ ਕੀਤੀ ਗਈ ਹੈ।
ਨਵੇਂ ਕਲਾਕਾਰਾਂ ਦੀ ਐਂਟ੍ਰੀ :
ਇਸ ਵਾਰ ਫ਼ਿਲਮ ਵਿਚ ਹੋਰ ਨਵੇਂ ਬਾਕਮਾਲ ਕਲਾਕਾਰਾਂ ਨੂੰ ਥਾਂ ਦਿਤੀ ਗਈ ਹੈ। ਇਨ੍ਹਾਂ ਨਵੇਂ ਕਲਾਕਾਰਾਂ ਵਿਚ ਸ਼ਿੰਦਾ ਗਰੇਵਾਲ ਜੋ ਕਿ ਗਿੱਪੀ ਗਰੇਵਾਲ ਦਾ ਛੋਟਾ ਬੇਟਾ ਹੈ ਅਤੇ ਪਾਕਿਸਤਾਨ ਦੇ ਉੱਘੇ ਅਤੇ ਦਮਦਾਰ ਅਦਾਕਾਰ ਨਾਸਿਰ ਚਨਯੋਤੀ। ਫ਼ਿਲਮ ਵਿਚ ਗਲੈਮਰ ਦਾ ਦੂਜਾ ਨਾਂ ਸੋਨਮ ਬਾਜਵਾ ਅਤੇ ਹੋਰ ਚਮਕ ਵਧਾਉਣ ਲਈ ਕਵਿਤਾ ਕੌਸ਼ਿਕ ਵੀ ਨਜ਼ਰ ਆਵੇਗੀ।
ਸੋਨਮ ਬਾਜਵਾ ਨੂੰ ਸ਼ਾਨਦਾਰ ਤੋਹਫ਼ਾ :
ਗਿੱਪੀ ਗਰੇਵਾਲ ਨੇ ਵਾਅਦਾ ਕੀਤਾ ਕਿ ਜੇਕਰ ਫ਼ਿਲਮ ਬਾਕਸ ਆਫ਼ਿਸ 'ਤੇ 100 ਕਰੋੜ ਦਾ ਅੰਕੜਾ ਪਾਰ ਕਰਦੀ ਹੈ ਤਾਂ ਅਹਿਮ ਭੂਮਿਕਾ ਨਿਭਾ ਰਹੀ ਸੋਨਮ ਬਾਜਵਾ ਨੂੰ ਫ਼ਿਲਮ ਦੀ ਸਫ਼ਲਤਾ ਵਿਚ ਯੋਗਦਾਨ ਲਈ ਵਿਲੱਖਣ ਅਤੇ ਸ਼ਾਨਦਾਰ ਤੋਹਫ਼ਾ ਦਿੱਤਾ ਜਾਵੇਗਾ। 29 ਜੂਨ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਨੇ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਉਣ ਦਾ ਸਾਰਾ ਇੰਤਜ਼ਾਮ ਕਰ ਲਿਆ ਹੈ।