
ਜੈਜ਼ੀ ਬੀ ਨੇ ਕਿਸਾਨਾਂ ਦਾ ਸਮਰਥਨ ਦੇਣ ਲਈ ਵਿਦੇਸ਼ੀ ਮੰਤਰੀਆਂ ਦਾ ਕੀਤਾ ਧੰਨਵਾਦ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਜਾਰੀ ਅੰਦੋਲਨ ਦੌਰਾਨ ਕਿਸਾਨਾਂ ਨੂੰ ਪਰਵਾਸੀ ਪੰਜਾਬੀਆਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਕਈ ਪੰਜਾਬੀ ਸਿਤਾਰੇ ਵਿਦੇਸ਼ੀ ਧਰਤੀ ਤੋਂ ਵਾਪਸ ਆ ਕੇ ਦਿੱਲੀ ਮੋਰਚੇ ‘ਤੇ ਡਟੇ ਹੋਏ ਹਨ। ਇਸ ਦੇ ਚਲਦਿਆਂ ਪੰਜਾਬੀ ਕਲਾਕਾਰ ਜੈਜ਼ੀ ਬੀ ਵੀ ਕਿਸਾਨੀ ਸੰਘਰਸ਼ ‘ਚ ਯੋਗਦਾਨ ਪਾਉਣ ਲਈ ਕੈਨੇਡਾ ਤੋਂ ਸਿੰਘੂ ਬਾਰਡਰ ਪਹੁੰਚੇ।
Jazzy B addresses agitating farmers at Singhu border
ਸਟੇਜ ਤੋਂ ਬੋਲਦਿਆਂ ਜੈਜ਼ੀ ਬੀ ਨੇ ਕਿਹਾ ਕਿ ਇਹ ਲੜਾਈ ਪੰਜਾਬ ਨੇ ਸ਼ੁਰੂ ਕੀਤੀ ਸੀ ਤੇ ਹਰਿਆਣਾ ਛੋਟਾ ਭਰਾ ਬਣ ਕੇ ਪੰਜਾਬੀਆਂ ਦੇ ਨਾਲ ਜੁੜਿਆ। ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਕਾਰਨ ਹੀ ਅੱਜ ਪੂਰੀ ਦੁਨੀਆਂ ਵਿਚ ਏਕਾ ਹੋਇਆ ਹੈ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜੈਜ਼ੀ ਬੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਨਸ਼ਿਆਂ ਨਾਲ ਨਹੀਂ ਭਰਿਆ ਹੋਇਆ। ਨੌਜਵਾਨ ਜੋਸ਼ ਦੇ ਨਾਲ-ਨਾਲ ਹੋਸ਼ ਨਾਲ ਵੀ ਕੰਮ ਲੈ ਰਹੇ ਹਨ।
Farmer protest
ਜੈਜ਼ੀ ਬੀ ਨੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਕੋਈ ਅਜਿਹਾ ਕੰਮ ਨਾ ਕਰਨ , ਜਿਸ ਨਾਲ ਸਾਡੀ ਬਦਨਾਮੀ ਹੋਵੇ। ਉਹਨਾਂ ਕਿਹਾ ਕਿ ਦੁਨੀਆ ਭਰ ਦੇ ਪ੍ਰਧਾਨ ਮੰਤਰੀ ਕਿਸਾਨਾਂ ਦਾ ਸਾਥ ਦੇ ਰਹੇ ਹਨ ਸਿਰਫ਼ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ।
Jazzy B
ਜੈਜ਼ੀ ਬੀ ਨੇ ਕਿਸਾਨਾਂ ਦਾ ਸਮਰਥਨ ਦੇਣ ਲਈ ਵਿਦੇਸ਼ੀ ਮੰਤਰੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੂਰੀ ਦੁਨੀਆਂ ਦੀਆਂ ਨਜ਼ਰਾਂ ਸਾਡੇ ਸੰਘਰਸ਼ ‘ਤੇ ਟਿਕੀਆਂ ਹੋਈਆਂ ਹਨ। ਜੈਜ਼ੀ ਬੀ ਨੇ ਕਿਹਾ ਕਿ ਬਜ਼ੁਰਗ ਮਾਤਾਵਾਂ, ਭੈਣਾਂ ਤੇ ਬੱਚਿਆਂ ਦੀਆਂ ਵੀਡੀਓਜ਼ ਦੇਖ ਦੇ ਹਰ ਕੋਈ ਭਾਵੂਕ ਹੋ ਜਾਂਦਾ ਹੈ। ਇਸ ਮੌਕੇ ਉਹਨਾਂ ਨੇ ਪੰਜਾਬੀ ਮੀਡੀਆ ਦਾ ਧੰਨਵਾਦ ਕੀਤਾ ਤੇ ਨੈਸ਼ਨਲ ਮੀਡੀਆ ਦੀ ਨਿੰਦਾ ਕੀਤੀ।