
ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦਾ ਸੰਗੀਤ 24 ਮਾਰਚ ਨੂੰ ਨਿਊਯਾਰਕ ਦੀ ਸਭ ਤੋਂ ਚਰਚਿਤ ਥਾਂ 'ਦਿ ਟਾਈਮਸ ਸਕੁਏਅਰ ਨਿਊਯਾਰਕ' ਵਿਖੇ ਰਿਲੀਜ਼ ਹੋ ਰਿਹਾ ਹੈ
ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਇਕ ਹੋਰ ਸੁਨਹਿਰੀ ਪੰਨਾ ਸਾਬਿਤ ਹੋਵੇਗੀ | 'ਸੂਬੇਦਾਰ ਜੋਗਿੰਦਰ ਸਿੰਘ' ਪੰਜਾਬੀ ਸਿਨੇਮਾ ਦੀ ਅਜਿਹੀ ਪਹਿਲੀ ਫਿਲਮ ਹੋਵੇਗੀ, ਜਿਸ ਦਾ ਸੰਗੀਤ ਵਿਦੇਸ਼ ਦੀ ਧਰਤੀ ਤੇ ਰਿਲੀਜ਼ ਹੋਵੇਗਾ | ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦਾ ਸੰਗੀਤ 24 ਮਾਰਚ ਨੂੰ ਨਿਊਯਾਰਕ ਦੀ ਸਭ ਤੋਂ ਚਰਚਿਤ ਥਾਂ 'ਦਿ ਟਾਈਮਸ ਸਕੁਏਅਰ ਨਿਊਯਾਰਕ' ਵਿਖੇ ਰਿਲੀਜ਼ ਹੋ ਰਿਹਾ ਹੈ। ਗਾਇਕ ਗਿੱਪੀ ਗਰੇਵਾਲ ਇਸ ਫ਼ਿਲਮ ਦਾ ਦੂਸਰਾ ਗੀਤ 'ਇਸ਼ਕ ਦਾ ਤਾਰਾ' ਵੀ ਨਿਊ ਯਾਰਕ ਵਿਚ ਹੀ ਰਿਲੀਜ਼ ਕਰਨਗੇ।
ਦੱਸਣਯੋਗ ਹੈ ਕਿ 6 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਆਪਣੇ ਸ਼ੂਟਿੰਗ ਸਮੇਂ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਨਿਰਮਾਤਾ ਸੁਮੀਤ ਸਿੰਘ ਤੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਸ ਫਿਲਮ ਦਾ ਦਰਸ਼ਕਾਂ ਦੇ ਨਾਲ-ਨਾਲ ਪੰਜਾਬੀ ਸਿਨੇਮਾ ਨਾਲ ਜੁੜੇ ਸੈਂਕੜੇ ਲੋਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰਮਵੀਰ ਚੱਕਰ ਨਾਲ ਨਿਵਾਜੇ ਜਾ ਚੁੱਕੇ ਸੂਬੇਦਾਰ ਜੋਗਿੰਦਰ ਸਿੰਘ ਦੀ ਇਸ ਬਾਇਓਪਿਕ 'ਚ ਗਿੱਪੀ ਗਰੇਵਾਲ ਨਾਲ ਹਰੀਸ਼ ਵਰਮਾ, ਗੁੱਗੂ ਗਿੱਲ, ਕੁਲਵਿੰਦਰ ਬਿੱਲਾ, ਰੌਸ਼ਨ ਪ੍ਰਿੰਸ, ਰਾਜਵੀਰ ਜਵੰਦਾ, ਜੱਗੀ ਸਿੰਘ, ਜਾਰਡਨ ਸੰਧੂ, ਚਰਨ ਸਿੰਘ ਤੇ ਸਰਦਾਰ ਸੋਹੀ ਸਮੇਤ ਰੰਗਮੰਚ ਦੇ ਲੱਗਭਗ 2 ਦਰਜਨ ਕਲਾਕਾਰ ਨਜ਼ਰ ਆਉਣਗੇ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਫ਼ਿਲਮ ਨੂੰ ਛੇਤੀ ਹੀ ਹਿੰਦੀ 'ਚ ਵੀ ਰਿਲੀਜ਼ ਕੀਤਾ ਜਾਵੇਗਾ।