ਕਰਮਜੀਤ ਧੂਰੀ ਵਰਗੇ ਗਾਇਕ ਨਿੱਤ ਨਿੱਤ ਨੀ ਜੰਮਣੇ.
Published : Mar 24, 2018, 7:46 pm IST
Updated : Mar 24, 2018, 8:21 pm IST
SHARE ARTICLE
Karamjit singh Dhuri
Karamjit singh Dhuri

ਕਰਮਜੀਤ ਦੇ ਚਲੇ ਜਾਣ ਸਦਕਾ ਪੰਜਾਬੀ ਸੰਗੀਤ ਜਗਤ ਨੂੰ ਇਕ ਹੋਰ ਵੱਡਾ ਘਾਟਾ ਪੈ ਗਿਆ ਹੈ।

ਬੀਤੇ ਦਿਨੀਂ ਜਦੋਂ ਇਹ ਖ਼ਬਰ ਮਿਲੀ ਕਿ 'ਮਿੱਤਰਾਂ ਦੀ ਲੂਣ ਦੀ ਡਲੀ' ਗੀਤ ਗਾਉਣ ਵਾਲਾ ਗਾਇਕ ਕਰਮਜੀਤ ਧੂਰੀ ਇਕ ਹਾਦਸੇ ਦਾ ਸ਼ਿਕਾਰ ਹੋ ਕੇ ਸਾਰੇ ਮਿੱਤਰਾਂ, ਦੋਸਤਾਂ ਅਤੇ ਸੰਗੀਤ ਪ੍ਰੇਮੀਆਂ ਨੂੰ ਵਿਛੋੜਾ ਦੇ ਗਿਆ ਹੈ ਤਾਂ ਗੱਲ ਸੱਚ ਨਾ ਜਾਪੀ। ਐਨਾ ਜਿੰਦਾ ਦਿਲ ਇਨਸਾਨ ਇਸ ਤਰ੍ਹਾਂ ਨੀ ਜਾ ਸਕਦਾ। ਤੁਰੰਤ ਕਰਮਜੀਤ ਦੇ ਬੇਟੇ ਮਿੰਟੂ ਧੂਰੀ ਨੂੰ ਫੋਨ ਕੀਤਾ ਤਾਂ ਅੱਗੋਂ ਉਸ ਨੇ ਰੋਂਦੇ ਹੋਏ ਗੱਲ ਪੱਕੀ ਕਰ ਦਿੱਤੀ ਕਿ 'ਚਾਚਾ ਭਾਣਾ ਤਾਂ ਸੱਚਮੁੱਚ ਵਰਤ ਗਿਆ।' ਕੁਝ ਦਿਨ ਪਹਿਲਾਂ ਪਿਆਰੇ ਲਾਲ ਬਡਾਲੀ ਤੇ ਉਸ ਤੋਂ ਬਾਅਦ ਸਾਬਰ ਕੋਟੀ ਦੇ ਅਚਾਨਕ ਵਿਛੋੜੇ ਕਾਰਨ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਅਤੇ ਹੁਣ ਕਰਮਜੀਤ ਦੇ ਚਲੇ ਜਾਣ ਸਦਕਾ ਪੰਜਾਬੀ ਸੰਗੀਤ ਜਗਤ ਨੂੰ ਇਕ ਹੋਰ ਵੱਡਾ ਘਾਟਾ ਪੈ ਗਿਆ ਹੈ।

Karamjit singh Dhuri Karamjit singh Dhuriਛੋਟੇ ਨਾਮ 'ਕਾਕਾ' ਨਾਲ ਮਸ਼ਹੂਰ ਕਰਮਜੀਤ ਧੂਰੀ ਪੰਜਾਬ ਦੇ ਸੋਹਣੇ, ਸੁਨੱਖੇ ਤੇ ਸਡੌਲ ਗੱਭਰੂਆਂ ਦਾ ਜਿਊਂਦਾ ਜਾਗਦਾ ਮਾਡਲ ਰਿਹਾ ਹੈ। ਜਿਸ ਕਿਸੇ ਵੀ ਪਿੰਡ ਵਿਚ ਕਾਕਾ ਕਰਮਜੀਤ ਧੂਰੀ ਦਾ ਅਖਾੜਾ ਹੁੰਦਾ ਸੀ, ਸ਼ਾਇਦ ਹੀ ਉਸ ਦਿਨ ਉਸ ਪਿੰਡ ਦੀ ਕੋਈ ਬੁੜੀ-ਕੁੜੀ ਘਰੇ ਰਹਿੰਦੀ ਹੋਵੇ, ਜੋ ਲੁਕ ਛਿਪ ਕੇ ਜਾਂ ਕੋਠੇ 'ਤੇ ਚੜ ਕੇ ਉਸਦਾ ਅਖਾੜਾ ਦੇਖਦੀ-ਸੁਣਦੀ ਨਾ ਹੋਵੇ। ਗਾਇਕੀ ਵਿਚ ਕਰਮਜੀਤ ਧੂਰੀ ਇਕ ਵੱਡਾ ਨਾਂ ਰਿਹੈ ਅਤੇ ਰਹਿੰਦੀ ਦੁਨੀਆਂ ਤੱਕ ਰਹੇਗਾ। ਉਹ ਜਦੋਂ ਗਾਉਂਦਾ ਤਾਂ ਇਕ ਵਾਰੀ ਤਾਂ ਉਡਦੇ ਪੰਛੀ ਵੀ ਰੁਕ ਜਾਂਦੇ, ਤਪਦੇ ਹਿਰਦੇ ਠਰ ਜਾਂਦੇ। ਸੰਗਰੂਰ ਜ਼ਿਲ੍ਹੇ ਦੇ ਛੋਟੇ ਜਿਹੇ ਸ਼ਹਿਰ ਅਤੇ ਗੱਡੀਆਂ ਦੇ ਵੱਡੇ ਜੰਕਸ਼ਨ ਧੂਰੀ ਨੂੰ ਉਸ ਨੇ ਦੁਨੀਆਂ ਭਰ ਵਿਚ ਮਸ਼ਹੂਰ ਕਰ ਦਿੱਤਾ ਅਤੇ ਆਪਣੇ ਪਿਉ ਦਿਆਂ ਪਦਚਿੰਨ੍ਹਾਂ 'ਤੇ ਚਲਦਾ ਉਸ ਦਾ ਸਪੂਤ ਮਿੰਟੂ ਧੂਰੀ ਵੀ ਉਸੇ ਰਸਤੇ 'ਤੇ ਪੱਕੇ ਪੈਰੀਂ ਚਲ ਰਿਹੈ।Karamjit singh Dhuri Karamjit singh Dhuriਕਰਮਜੀਤ ਧੂਰੀ ਦਾ ਜਨਮ ਕਪੂਰਥਲੇ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਬੁਤਾਲਾ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਸ. ਸਾਧੂ ਸਿੰਘ ਦੇ ਘਰ ਹੋਇਆ। ਕੁਦਰਤ ਵਲੋਂ ਗਾਇਕੀ ਦੀ ਮਿਲੀ ਇਸ ਦਾਤ ਸਦਕਾ ਕਰਮਜੀਤ ਸਕੂਲ ਦੀਆਂ ਸਟੇਜਾਂ ਦਾ ਸ਼ਿੰਗਾਰ ਬਣ ਗਿਆ। ਉਸ ਵੇਲੇ ਸ਼ਾਇਦ ਉਹ ਤੀਸਰੀ ਜਮਾਤ ਵਿਚ ਪੜ੍ਹਦਾ ਹੋਵੇਗਾ ਜਦੋਂ ਪਹਿਲੀ ਵਾਰ ਉਸ ਨੇ ਸੁਲਤਾਨਪੁਰ ਲੋਧੀ ਦੀ ਸਟੇਜ਼ 'ਤੇ ਗਾਇਆ। ਉਸਦੇ ਬਜ਼ੁਰਗ ਗਾਉਣ ਨੂੰ ਕੰਜਰਾਂ ਵਾਲਾ ਕੰਮ ਸਮਝਦੇ। ਇਸ ਲਈ ਸ਼ੁਰੂ ਸ਼ੁਰੂ ਵਿਚ ਉਸ ਨੂੰ ਘਰਦਿਆਂ ਦੀ ਨਰਾਜ਼ਗੀ ਵੀ ਝੱਲਣੀ ਪਈ। 1957-58 ਵਿਚ ਉਸ ਦੇ ਪਿਤਾ ਜੀ ਜਦੋਂ ਨੌਕਰੀ ਦੇ ਸਿਲਸਿਲੇ ਵਿਚ ਧੂਰੀ ਆ ਗਏ ਤਾਂ ਉਸ ਨੂੰ ਵੀ ਆਪਣੇ ਘਰਦਿਆਂ ਨਾਲ ਧੂਰੀ ਆਉਣਾ ਪਿਆ। ਧੂਰੀ ਸ਼ਹਿਰ ਵਿਚ ਹੀ ਬਚਪਨ ਬੀਤਿਆ, ਜਵਾਨ ਹੋਇਆ ਤੇ ਫਿਰ ਇਸੇ ਸ਼ਹਿਰ ਦਾ ਨਾਂ ਆਪਣੇ ਨਾਂ ਨਾਲ ਪੱਕੇ ਤੌਰ 'ਤੇ ਧੂਰੀ ਲਾ ਲਿਆ। ਦਸਵੀਂ ਜਮਾਤ ਵਿਚ ਪੜ੍ਹਦਿਆਂ ਹੀ ਉਸ ਨੂੰ ਬਠਿੰਡੇ ਜ਼ਿਲ੍ਹੇ ਦੇ ਪਿੰਡ ਭੋਡੀਪੁਰਾ ਵਿਚ ਇਕ ਸਰਕਾਰੀ ਸਮਾਗਮ ਵਿਚ ਗਾਇਆ। ਇਨ੍ਹੀਂ ਦਿਨੀਂ ਧੂਰੀ ਸ਼ਹਿਰ ਵਿਚ ਦੋ ਨਗਰ ਕੀਰਤਨ ਨਿਕਲਦੇ ਸਨ ਜਿਥੇ ਕਰਮਜੀਤ ਧਾਰਮਿਕ ਗੀਤ ਗਾਇਆ ਕਰਦਾ। ਮਾਲਵਾ ਖ਼ਾਲਸਾ ਸਕੂਲ ਧੂਰੀ ਵਿਖੇ ਦਸਵੀਂ ਜਮਾਤ ਵਿਚ ਪੜ੍ਹਦੇ 'ਤੇ ਹੀ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਨਜ਼ਰ ਪੈ ਗਈ ਤੇ ਉਹ ਉਸ ਨੂੰ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਲੈ ਗਏ, ਜਿਥੇ ਉਸ ਨੂੰ ਮਿਊਜ਼ਿਕ ਦਾ ਵਿਸ਼ਾ ਲੈ ਲਿਆ ਅਤੇ ਸੰਗੀਤ ਦੀ ਐਮ.ਏ. ਕੀਤੀ। Karamjit singh Dhuri Karamjit singh Dhuri1965 ਵਿਚ ਕਰਮਜੀਤ ਦਾ ਵਿਆਹ ਧੂਰੀ ਨੇੜਲੇ ਪਿੰਡ ਕੌਲਸੇੜੀ ਦੀ ਕੁੜੀ ਬਲਵਿੰਦਰ ਕੌਰ ਨਾਲ ਹੋਇਆ। ਉਸਦੇ ਦੋ ਬੇਟੀਆਂ ਅਤੇ ਇਕ ਬੇਟਾ ਹਰਪ੍ਰਭਸਿਮਰਨਜੀਤ ਜਾਣੀ ਮਿੰਟੂ ਧੂਰੀ ਹੈ ਜੋ ਅੱਜ ਉਸਦੀ ਫੁਲਵਾੜੀ ਨੂੰ ਆਪਣੀ ਗਾਇਕੀ ਦੇ ਪਾਣੀ ਨਾਲ ਸਿੰਜ ਰਿਹਾ ਹੈ। ਆਪਣੇ ਵਿਆਹ ਵਾਲੇ ਸਾਲ 1965 ਦੀ ਜੰਗ ਵਿਚ ਸ਼ਹੀਦ ਹੋਏ ਆਪਣੇ ਭਰਾ ਜਿਸ ਦੀ ਦੇਹ ਅੱਜ ਤੱਕ ਨਹੀਂ ਮਿਲੀ, ਨੂੰ ਯਾਦ ਕਰਕੇ ਅਤੇ ਹੋਰ ਵਿਛੜੇ ਸੰਗੀ-ਸਾਥੀਆਂ ਨੂੰ ਯਾਦ ਕਰਕੇ ਉਹ ਅਕਸਰ ਭਾਵੁਕ ਹੋ ਜਾਂਦਾ ਸੀ। ਕਰਮਜੀਤ ਦਾ ਸਭ ਤੋਂ ਪਹਿਲਾਂ ਗੀਤ 'ਚੁੰਨੀ ਲੈ ਕੇ ਸੂਹੇ ਰੰਗ ਦੀ, ਗੋਹਾ ਕੂੜਾ ਨਾ ਕਰੀਂ ਮੁਟਿਆਰੇ' ਐਚ.ਐਮ.ਵੀ. ਕੰਪਨੀ ਦੇ 78 ਨੰਬਰ ਦੇ ਲਾਖ ਦੇ ਤਵੇ 'ਤੇ ਰਿਕਾਰਡ ਹੋਇਆ। ਇਸ ਗੀਤ ਦਾ ਰਚਨਹਾਰਾ ਹਰਨੇਕ ਸਿੰਘ ਸੀ ਤੇ ਇਸ ਤਵੇ 'ਤੇ ਚਾਰ ਗੀਤ ਹੋਰ ਸਨ। ਉਸਦਾ ਗੀਤKaramjit singh Dhuri Karamjit singh Dhuri'ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ, ਸੱਜਣਾਂ ਦੀ ਗੜਬੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ, ਨੀ ਕਾਸ ਨੂੰ ਗੁਮਾਨ ਕਰਦੀ, ਗੋਰੇ ਰੰਗ ਨੇ ਸਦਾ ਨੀ ਰਹਿਣਾ, ਜ਼ਿੰਦਗਾਨੀ ਚਾਰ ਰੋਜ਼ ਦੀ, ਬਿੱਲੋ ਮੰਨ ਫੱਕਰਾਂ ਦਾ ਕਹਿਣਾ, ਨੀ ਜੇ ਤੂੰ ਮੇਰੀ ਹੀਰ ਬਣਜੇਂ, ਲਿਖੂ ਮਾਨ ਸਾਡੀ ਪ੍ਰੇਮ ਕਹਾਣੀ, ਮਿੱਤਰਾਂ ਦੀ ਲੂਣ ਦੀ ਡਲੀ ਨੀਂ ਤੂੰ ਮਿਸ਼ਰੀ ਬਰੋਬਰ ਜਾਣੀ।'ਕਰਮਜੀਤ ਧੂਰੀ ਨੇ ਜਿੰਨਾ ਚਿਰ ਵੀ ਗਾਇਆ, ਹਿੱਕ ਕੱਢ ਕੇ ਗਾਇਆ। ਉਸ ਨੇ ਹਮੇਸ਼ਾਂ ਆਪਣੀ ਮਨਮਰਜ਼ੀ ਕੀਤੀ, ਦਾਰੂ ਪੀਣੀ, ਲੜਾਈ ਕਰਨੀ ਤੇ ਦੂਜੇ ਜੱਟਵਾਦੀ ਗੁਣ-ਔਗੁਣ ਉਸਦੇ ਨਾਲ-ਨਾਲ ਚੱਲੇ। ਉਸਦੇ ਮਰਦੇ ਦਮ ਤੱਕ 200 ਤੋਂ ਜ਼ਿਆਦਾ ਗੀਤ ਰਿਕਾਰਡ ਹੋਏ ਜਿਨ੍ਹਾਂ ਨੂੰ ਤੋੜ ਮਰੋੜ ਕੇ ਅਤੇ ਗਾ ਕੇ ਅੱਜ ਦੇ ਕਈ ਗਾਇਕ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ। Karamjit singh Dhuri Karamjit singh Dhuriਅੱਜ ਜਦੋਂ ਉਸ ਦੇ ਤੁਰ ਜਾਣ ਦੀ ਖ਼ਬਰ ਆਈ ਤਾਂ ਮੈਨੂੰ ਕੁਝ ਵਰ੍ਹੇ ਪਹਿਲਾਂ ਸਾਡੇ ਕਲੱਬ ਪੰਜਾਬ ਲੋਕ ਕਲਾ ਕੇਂਦਰ (ਰਜਿ:) ਚੰਡੀਗੜ੍ਹ ਵਲੋਂ ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਕਹਿਣ ਲਈ ਮੋਹਾਲੀ ਦੇ ਦੁਸਹਿਰਾ ਗਰਾਊਂਡ ਵਿਚ ਕਰਵਾਏ ਜਾਂਦੇ ਸੱਭਿਆਚਾਰਕ ਮੇਲੇ 'ਮੁਬਾਰਕਾਂ' ਵਿਚ ਅਸੀਂ ਕਰਮਜੀਤ ਹੁਰਾਂ ਨੂੰ ਜਦੋਂ ਸਨਮਾਨਤ ਕੀਤਾ ਤਾਂ ਉਸ ਸ਼ਾਮ ਹੋਈਆਂ ਗੱਲਾਂ ਨੂੰ ਅੱਜ ਮੈਂ ਜਦੋਂ ਕਾਗਜ਼ 'ਤੇ ਉਤਾਰ ਰਿਹਾ ਹਾਂ ਤਾਂ ਉਹ ਸਾਰੀਆਂ ਗੱਲਾਂ ਮੇਰੀਆਂ ਅੱਖਾਂ ਅੱਗੇ ਘੁੰਮ ਰਹੀਆਂ ਹਨ। ਉਸ ਸ਼ਾਮ ਬਹੁਤ ਸਾਰੇ ਬਜ਼ੁਰਗ, ਜਿਹੜੇ ਕਰਮਜੀਤ ਦੇ ਦਿਵਾਨੇ ਸਨ, ਜੱਫੀਆਂ ਪਾ ਪਾ ਮਿਲੇ। ਉਸ ਤੋਂ ਬਾਅਦ ਅਨੇਕਾਂ ਮੌਕਿਆਂ 'ਤੇ ਜਿਵੇਂ ਕੁਲਦੀਪ ਮਾਣਕ ਦੇ ਭੋਗ 'ਤੇ, ਜੱਸੋਵਾਲ ਦੇ ਭੋਗ 'ਤੇ ਜਾਂ ਫਿਰ ਹੋਰ ਅਨੇਕਾਂ ਮੌਕਿਆਂ 'ਤੇ ਜਦ ਅਸੀਂ ਇਕੱਠੇ ਹੁੰਦੇ ਤਾਂ ਉਸ ਵੇਲੇ ਹੋਈਆਂ ਮੁਲਾਕਾਤਾਂ ਅੱਜ ਉਹ ਸਾਰਾ ਕੁਝ ਅੱਖਾਂ ਮੂਹਰੇ ਆ ਰਿਹਾ ਹੈ ਤੇ ਮਨ ਵੀ ਭਰ ਰਿਹਾ ਹੈ। ਏਹੋ ਜਿਹੀਆਂ ਪਿਆਰੀਆਂ ਰੂਹਾਂ ਮੁੜ ਨੀ ਲੱਭਣੀਆਂ, ਬਸ ਯਾਦਾਂ ਹੀ ਰਹਿ ਜਾਣੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement