
ਬਿਨ੍ਹਾਂ ਮਨਜ਼ੂਰੀ ਰਿਲੀਜ਼ ਤਰੀਕ ਐਲਾਨ ਕਰਨ ਖਿਲਾਫ਼ ਪਰਿਵਾਰ ਨੇ ਅਦਾਲਤ 'ਚ ਦਾਇਰ ਕੀਤੀ ਸੀ ਅਪੀਲ
ਮਾਨਸਾ: ਜ਼ਿਲ੍ਹਾ ਅਦਾਲਤ ਨੇ ਮਰਹੂਮ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਜਾਂਦੀ ਵਾਰ' ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਤਹਿਤ ਸਾਰੇ ਮੀਡੀਆ ਪਲੇਟਫਾਰਮਾਂ 'ਤੇ ਗੀਤ ਸਬੰਧੀ ਹਰ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਅਤੇ ਇਸ਼ਤਿਹਾਰਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਹ ਫਿਲਹਾਲ ਇਹ ਗੀਤ ਰਿਲੀਜ਼ ਨਹੀਂ ਕਰ ਰਹੇ ਹਨ।
ਉਹਨਾਂ ਕਿਹਾ ਕਿ ਉਹ ਮੂਸੇਵਾਲਾ ਦੇ ਮਾਪਿਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਜਦੋਂ ਉਹ ਸਹਿਮਤੀ ਦੇਣਗੇ ਉਦੋਂ ਹੀ ਇਹ ਗੀਤ ਰਿਲੀਜ਼ ਕੀਤਾ ਜਾਵੇਗਾ। ਦਰਅਸਲ ਇਸ ਗੀਤ ਨੂੰ ਸਲੀਮ ਮਰਚੈਂਟ ਨੇ ਸੰਗੀਤ ਦਿੱਤਾ ਹੈ। ਹਾਲ ਹੀ ਵਿਚ ਉਹਨਾਂ ਐਲਾਨ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਤੇ ਅਫ਼ਸਾਨਾ ਖਾਨ ਵੱਲੋਂ ਗਾਇਆ ਗੀਤ 'ਜਾਂਦੀ ਵਾਰ' 2 ਸਤੰਬਰ ਨੂੰ ਰਿਲੀਜ਼ ਹੋਵੇਗਾ। ਇਸ ਮਗਰੋਂ ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਇਤਰਾਜ਼ ਜਤਾਇਆ ਸੀ। ਇਸ ਦੇ ਨਾਲ ਹੀ ਪੰਜਾਬੀ ਗੀਤਕਾਰ ਬੰਟੀ ਬੈਂਸ ਨੇ ਮਰਚੈਂਟ ਦੇ ਨਾਂ ਇਕ ਪੋਸਟ ਲਿਖੀ ਸੀ, ਜਿਸ ਵਿਚ ਉਹਨਾਂ ਨੇ ਸਲੀਮ ਮਰਚੈਂਟ ਨੂੰ ਮੂਸੇਵਾਲਾ ਦੇ ਪਰਿਵਾਰ ਦੀ ਅਪੀਲ ਮੰਨਣ ਦੀ ਸਲਾਹ ਦਿੱਤੀ ਸੀ।