
6 ਅਪ੍ਰੈਲ ਨੂੰ ਦੇਸ਼ ਵਿਦੇਸ਼ ਵਿਚ ਰਿਲੀਜ਼ ਹੋਣ ਵਾਲੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਬਹੁ ਚਰਚਿਤ ਫਿਲਮ ਦੇ ਟ੍ਰੇਲਰ ਦੇ ਲਾਂਚ ਹੁੰਦਿਆਂ ਹੀ ਯੂ ਟਿਊਬ 'ਤੇ ਧਮਾਲ ਮਚਾ ਦਿੱਤੀ ਹੈ ਅਤੇ ਇਸ ਨੂੰ ਦੇਖਣ ਵਾਲਿਆਂ ਦੇ ਰੋਂਗਟੇ ਖੜੇ ਹੋ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਚੀਨ ਵਿਚਾਲੇ 1962 ਦੇ ਯੁੱਧ 'ਤੇ ਆਧਾਰਿਤ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਵਿਚ ਗਿੱਪੀ ਗਰੇਵਾਲ, ਗੁੱਗੂ ਗਿੱਲ, ਗਾਇਕ ਕੁਲਵਿੰਦਰ ਬਿੱਲਾ, ਰੋਸ਼ਨ ਪ੍ਰਿੰਸ, ਚਰਨ ਸਿੰਘ ਅਤੇ ਕਈ ਹੋਰ ਕਲਾਕਾਰ ਹਨ ਜੋ ਕਿ ਫੌਜੀਆਂ ਦੇ ਕਿਰਦਾਰ ਨੂੰ ਬਾਖੂਬੀ ਨਿਭਾਉਂਦੇ ਨਜ਼ਰ ਰਹੇ ਹਨ। ਇਸ ਟ੍ਰੇਲਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਟ੍ਰੇਲਰ ਅਜਿਹਾ ਹੈ ਤਾਂ ਫਿਲਮ ਕਿੰਨੀ ਸ਼ਾਨਦਾਰ ਹੋਵੇਗੀ।
ਟ੍ਰੇਲਰ 'ਚ ਸੂਬੇਦਾਰ ਜੋਗਿੰਦਰ ਸਿੰਘ ਦੀ ਬਹਾਦਰੀ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਨੇ ਆਪਣੇ 21 ਸਾਥੀਆਂ ਨਾਲ 1962 'ਚ ਚੀਨੀ ਫੌਜੀਆਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਪ੍ਰਾਪਤ ਕੀਤੀ ਤੇ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤੇ ਗਏ। ਟ੍ਰੇਲਰ 'ਚ ਉਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਜੋ ਇਕ ਆਮ ਵਿਅਕਤੀ ਫਿਲਮ ਦੇਖਣ ਜਾਣ ਦੇ ਲਈ ਮਜਬੂਰ ਕਰੇਗਾ। ਟ੍ਰੇਲਰ 'ਚ ਜ਼ਬਰਦਸਤ ਐਕਸ਼ਨ, ਫੌਜੀਆਂ ਦਾ ਜਜ਼ਬਾ ਤੇ ਗੁੱਸਾ ਅਤੇ ਜਨਮ ਭੂਮੀ ਦੇ ਨਾਲ ਪਿਆਰ ਦੇਖਣ ਨੂੰ ਮਿਲ ਰਿਹਾ ਹੈ।
ਟ੍ਰੇਲਰ ਦੇਖ ਕੇ ਪਤਾ ਲੱਗਦਾ ਹੈ ਕਿ ਅੱਜ ਦੀ ਟੈਕਨੋਲਾਜੀ ਦਾ ਕਿਸ ਹੱਦ ਤੱਕ ਵਧੀਆ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ ਹੈ ਉਸ ਵੇਲੇ ਨੂੰ ਦਰਸਾਇਆ ਗਿਆ ਹੈ। ਇਹ ਸਭ ਦੇਖ ਕੇ ਲੱਗਦਾ ਹੈ ਕਿ ਅੱਜ ਲੋੜ ਹੈ ਸਾਨੂੰ ਅਜਿਹੇ ਵਿਸ਼ਿਆਂ 'ਤੇ ਕੰਮ ਕਰਨ ਦੀ, ਜਿਹੜੇ ਸਾਡੇ ਇਤਿਹਾਸ ਤੇ ਜਜ਼ਬੇ ਨੂੰ ਦਰਸਾਉਂਦੇ ਹਨ। ਕਈ ਅਜਿਹੇ ਯੌਧੇ ਸਾਡੇ ਇਤਿਹਾਸ 'ਚ ਹੋਏ ਹਨ, ਜਿਨ੍ਹਾਂ ਦੀ ਬਹਾਦਰੀ ਤੇ ਸ਼ਹਾਦਤ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ। ਉਹਨਾਂ ਤੋਂ ਜਾਣੂੰ ਹੋਣਾ ਚਾਹੀਦਾ ਹੈ।
ਦਸਣਯੋਗ ਹੈ ਕਿ 'ਸੂਬੇਦਾਰ ਜੋਗਿੰਦਰ ਸਿੰਘ' ਨੂੰ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੇ ਡਾਇਰੈਕਟਰ ਸਿਮਰਜੀਤ ਸਿੰਘ ਹਨ, ਅਤੇ ਨੈਸ਼ਨਲ ਐਵਾਰਡ ਜੇਤੂ ਰਾਸ਼ਿਦ ਰੰਗਰੇਜ਼ ਨੇ ਲਿਖਿਆ ਹੈ।