
ਪੰਜਾਬ ਚੋਣਾਂ 2022 ਨੂੰ ਲੈ ਕੇ ਇਸ ਹਫਤੇ ਦੇ "Top 5 Fact Checks"
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
No.1- Fact Check: ਬਠਿੰਡਾ ਸ਼ਹਿਰੀ ਤੋਂ AAP ਦੇ ਉਮੀਦਵਾਰ ਜਗਰੂਪ ਗਿੱਲ ਨੇ ਮਨਪ੍ਰੀਤ ਬਾਦਲ ਨੂੰ ਨਹੀਂ ਦਿੱਤਾ ਸਮਰਥਨ
ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋਈ। ਇਸ ਪੋਸਟ ਨਾਲ ਦਾਅਵਾ ਕੀਤਾ ਗਿਆ ਕਿ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਪੰਜਾਬ ਦੇ ਹਾਲੀਆ ਖਜ਼ਾਨਾ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਆਗਾਮੀ ਚੋਣਾਂ ਦੇ ਮੱਧਨਜ਼ਰ ਆਪਣਾ ਸਮਰਥਨ ਦੇ ਦਿੱਤਾ ਹੈ ਅਤੇ ਪਾਰਟੀ ਤੋਂ ਬਾਗੀ ਹੋਣ ਦੀ ਮੁਆਫੀ ਵੀ ਮੰਗੀ। ਪੋਸਟ ਨਾਲ ਅਪਲੋਡ ਕੀਤੀ ਗਈ ਤਸਵੀਰ ਵਿਚ ਮਨਪ੍ਰੀਤ ਸਿੰਘ ਬਾਦਲ ਜਗਰੂਪ ਸਿੰਘ ਗਿੱਲ ਨੂੰ ਲੱਡੂ ਖਵਾਉਂਦੇ ਹੋਏ ਦਿਖਾਈ ਦੇ ਰਹੇ ਹਨ। ਗੌਰ ਕਰਨ ਵਾਲੀ ਗੱਲ ਹੈ ਕਿ ਜਗਰੂਪ ਸਿੰਘ ਗਿੱਲ ਨੂੰ ਆਮ ਆਦਮੀ ਪਾਰਟੀ ਨੇ ਬਠਿੰਡਾ ਸ਼ਹਿਰੀ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ। ਸਾਡੇ ਨਾਲ ਗੱਲਬਾਤ ਕਰਦਿਆਂ ਜਗਰੂਪ ਗਿੱਲ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ। ਨਾਲ ਹੀ ਇਸ ਪੋਸਟ ਵਿਚ ਇਸਤੇਮਾਲ ਕੀਤੀ ਜਾ ਰਹੀ ਤਸਵੀਰ ਹਾਲੀਆ ਨਹੀਂ ਪੁਰਾਣੀ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.2- Fact Check: ਭਾਜਪਾ ਆਗੂ ਨੂੰ ਭਜਾਉਣ ਦਾ ਪੁਰਾਣਾ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ । ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਭੱਜਦਿਆਂ ਵੇਖਿਆ ਜਾ ਸਕਦਾ ਸੀ। ਉਸ ਵਿਅਕਤੀ ਨਾਲ ਪੁਲਿਸ ਵੀ ਭੱਜ ਰਹੀ ਸੀ ਅਤੇ ਮੌਜੂਦਾ ਲੋਕ ਨਾਅਰੇਬਾਜ਼ੀ ਕਰਦੇ ਸੁਣਾਈ ਦੇ ਰਹੇ ਸਨ। ਹੁਣ ਇਸ ਵੀਡੀਓ ਨੂੰ ਹਾਲੀਆ ਚੋਣਾਂ ਨਾਲ ਜੋੜਕੇ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਪੰਜਾਬ ਵਿਚ ਲੋਕਾਂ ਨੇ ਭਾਜਪਾ ਵਿਧਾਇਕ ਨੂੰ ਪਿੰਡੋਂ ਬਾਹਰ ਭਜਾਇਆ।
ਰੋਜ਼ਾਨਾ ਸਪੋਕਸਮੈਨ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਸੀ ਅਤੇ ਵੀਡੀਓ ਵਿਚ ਭਾਜਪਾ ਵਿਧਾਇਕ ਨਹੀਂ ਬਲਕਿ ਭਾਜਪਾ ਦੇ ਬੁਲਾਰੇ ਭੁਪੇਸ਼ ਅਗਰਵਾਲ ਸਨ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.3- Fact Check: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਬਿਆਨ ਪ੍ਰਕਾਸ਼ ਬਾਦਲ 'ਤੇ ਹਮਲੇ ਨੂੰ ਲੈ ਕੇ 2017 ਵਿਚ ਦਿੱਤਾ ਸੀ
ਸੋਸ਼ਲ ਮੀਡੀਆ 'ਤੇ ਇੱਕ ਹਿੰਦੀ ਅਖਬਾਰ ਦੀ ਕਟਿੰਗ ਤੇਜ਼ੀ ਨਾਲ ਵਾਇਰਲ ਹੋਈ। ਇਹ ਖਬਰ ਦੇਸ਼ ਦੇ ਰੱਖਿਆ ਮੰਤਰੀ ਦੇ ਬਿਆਨ 'ਤੇ ਅਧਾਰਿਤ ਸੀ। ਇਸ ਕਟਿੰਗ ਦੀ ਹੈਡਲਾਈਨ ਹੈ, "ਵੋਟ ਨਹੀਂ ਦੇਣੀ ਨਾ ਦਵੋ ਪਰ ਜੁੱਤੀਆਂ ਨਾ ਮਾਰੋ - ਰਾਜਨਾਥ ਸਿੰਘ।"
ਹੁਣ ਇਸ ਕਟਿੰਗ ਨੂੰ ਹਾਲੀਆ ਦੱਸਦਿਆਂ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਭਾਜਪਾ ਦੀ ਬੁਰੀ ਸਥਿਤੀ ਨੂੰ ਦੇਖਦਿਆਂ ਰਾਜਨਾਥ ਸਿੰਘ ਨੇ ਇਹ ਬਿਆਨ ਦਿੱਤਾ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰਾਜਨਾਥ ਸਿੰਘ ਦਾ ਇਹ ਬਿਆਨ ਹਾਲੀਆ ਨਹੀਂ ਬਲਕਿ 2017 ਦਾ ਸੀ ਜਦੋਂ ਪੰਜਾਬ ਵਿਖੇ ਰੈਲੀ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਉੱਤੇ ਕਿਸੇ ਨੇ ਜੁੱਤੀ ਸੁੱਟੀ ਸੀ। ਰਾਜਨਾਥ ਸਿੰਘ ਨੇ ਇਹ ਬਿਆਨ ਪ੍ਰਕਾਸ਼ ਸਿੰਘ ਬਾਦਲ 'ਤੇ ਹਮਲੇ ਨੂੰ ਲੈ ਕੇ 2017 ਵਿਚ ਦਿੱਤਾ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.4- Fact Check: ਕੀ ਕਾਂਗਰੇਸ ਆਗੂ ਹਰਚੰਦ ਘਨੌਰੀ ਨੇ ਭਗਵੰਤ ਮਾਨ ਨੂੰ ਵੋਟ ਕਰਨ ਦੀ ਕੀਤੀ ਅਪੀਲ? 2019 ਦਾ ਵੀਡੀਓ ਵਾਇਰਲ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ। ਇਸ ਵੀਡੀਓ ਵਿਚ ਇੱਕ ਮਹਿਲਾ ਨੂੰ ਲੋਕਾਂ ਦਾ ਸੰਬੋਧਨ ਕਰਦਿਆਂ ਵੇਖਿਆ ਜਾ ਸਕਦਾ ਸੀ। ਵੀਡੀਓ ਵਿਚ ਸੰਬੋਧਨ ਕਰਦਿਆਂ ਮਹਿਲਾ ਭਗਵੰਤ ਮਾਨ ਨੂੰ ਵੋਟਾਂ ਦੇਣ ਦੀ ਅਪੀਲ ਕਰਦੀ ਦਿੱਸ ਰਹੀ ਸੀ। ਹੁਣ ਦਾਅਵਾ ਕੀਤਾ ਗਿਆ ਕਿ ਵੀਡੀਓ ਮਹਿਲ ਕਲਾਂ ਤੋਂ ਪੰਜਾਬ ਚੋਣਾਂ 2022 ਨੂੰ ਲੈ ਕੇ ਕਾਂਗਰੇਸ ਦੀ ਉਮੀਦਵਾਰ ਹਰਚੰਦ ਕੌਰ ਘਨੌਰੀ ਦਾ ਹੈ ਅਤੇ ਉਹ ਲੋਕਾਂ ਤੋਂ ਭਗਵੰਤ ਮਾਨ ਨੂੰ ਵੋਟਾਂ ਦੇ ਕੇ ਜਿਤਾਉਣ ਦੀ ਗੱਲ ਕਰ ਰਹੇ ਸਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਸੀ। ਪੁਰਾਣੇ ਵੀਡੀਓ ਨੂੰ ਮੁੜ ਤੋਂ ਵਾਇਰਲ ਕੀਤਾ ਰਿਹਾ ਹੈ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.5- Fact Check: ਭਗਵੰਤ ਮਾਨ ਨਾਲ ਅਨਮੋਲ ਗਗਨ ਮਾਨ ਦੀ ਐਡੀਟੇਡ ਤਸਵੀਰ ਸ਼ੇਅਰ ਕਰ ਕੱਸਿਆ ਜਾ ਰਿਹਾ ਤੰਜ
ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋਈ। ਇਸ ਤਸਵੀਰ ਵਿਚ ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਦੇ ਖਰੜ ਤੋਂ ਆਪ ਦੀ ਉਮੀਦਵਾਰ ਅਤੇ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੂੰ ਕੱਠੇ ਵੇਖਿਆ ਜਾ ਸਕਦਾ ਸੀ। ਤਸਵੀਰ ਦੇ ਪਿਛੋਕੜ ਨੂੰ ਦੇਖ ਕੇ ਜ਼ਾਹਰ ਹੁੰਦਾ ਹੈ ਕਿ ਤਸਵੀਰ ਕਿਸੇ ਪਹਾੜੀ ਇਲਾਕੇ ਦੀ ਸੀ। ਹੁਣ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਗਿਆ ਕਿ ਭਗਵੰਤ ਮਾਨ ਅਤੇ ਅਨਮੋਲ ਗਗਨ ਮਾਨ ਸ਼ਿਮਲਾ ਘੁੱਮਣ ਗਏ ਹੋਏ ਹਨ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਇਨ੍ਹਾਂ ਦੋਵਾਂ 'ਤੇ ਤੰਜ ਕੱਸਿਆ ਜਾ ਰਿਹਾ ਸੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਸੀ। ਐਡੀਟੇਡ ਤਸਵੀਰ ਨੂੰ ਵਾਇਰਲ ਕਰ ਆਪ ਆਗੂਆਂ 'ਤੇ ਤੰਜ ਕੱਸਿਆ ਜਾ ਰਿਹਾ ਹੈ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ "ਸੱਚ/ਝੂਠ" 'ਤੇ ਵਿਜ਼ਿਟ ਕਰੋ।