
ਇਹ ਵੀਡੀਓ 2015 ਦਾ ਹੈ ਜਦੋਂ ਕਿਸਾਨਾਂ ਦੇ ਹੱਕ 'ਚ ਹੋਏ ਪ੍ਰਦਰਸ਼ਨ ਦੌਰਾਨ ਰਵਨੀਤ ਸਿੰਘ ਬਿੱਟੂ ਜ਼ਖਮੀ ਹੋ ਗਏ ਸਨ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪੰਜਾਬ ਕਾਂਗਰਸ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਨਾਲ ਇੱਕ ਪ੍ਰਦਰਸ਼ਨ ਦੌਰਾਨ ਧੱਕਾ ਮੁੱਕੀ ਹੁੰਦੀ ਵੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੇ ਰਵਨੀਤ ਸਿੰਘ ਬਿੱਟੂ ਨਾਲ ਕੁੱਟਮਾਰ ਕੀਤੀ। ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ 2015 ਦਾ ਹੈ ਜਦੋਂ ਕਿਸਾਨਾਂ ਦੇ ਹੱਕ 'ਚ ਹੋਏ ਪ੍ਰਦਰਸ਼ਨ ਦੌਰਾਨ ਰਵਨੀਤ ਸਿੰਘ ਬਿੱਟੂ ਜ਼ਖਮੀ ਹੋ ਗਏ ਸਨ।
ਵਾਇਰਲ ਪੋਸਟ
ਫੇਸਬੁੱਕ ਪੇਜ Agg Bani ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਜੁੱਤੀ ਪੈੰਦੀ ਰਹੇ ਤਾਂ ਈ ਠੀਕ ਰਹਿੰਦਾ ਇਹ ਵੀ ******* ਦੇ ਪੋਤੇ ਦੀ ਕਿਸਾਨਾਂ ਵਲੋਂ ਤਸੱਲੀ ਬਖ਼ਸ਼ ਸਰਵਿਸ।"
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਸਭ ਤੋਂ ਪਹਿਲਾਂ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵਾਇਰਲ ਵੀਡੀਓ 2015 ਦਾ ਹੈ
ਸਾਨੂੰ ਇਹ ਵੀਡੀਓ 2015 ਵਿਚ ਫੇਸਬੁੱਕ 'ਤੇ ਅਪਲੋਡ ਕੀਤੇ ਕਈ ਪੋਸਟ ਵਿਚ ਅਪਲੋਡ ਮਿਲਿਆ। ਫੇਸਬੁੱਕ ਯੂਜ਼ਰ ਰਘਬੀਰ ਸਿੰਘ ਭਰੋਵਾਲ ਨੇ 30 ਸਿਤੰਬਰ 2015 ਨੂੰ ਵਾਇਰਲ ਵੀਡੀਓ ਅੰਸ਼ ਅਪਲੋਡ ਕਰਦਿਆਂ ਲਿਖਿਆ, "ਪੱਗ ਕਿਸੇ ਦੀ ਵੀ ਲੱਥੇ ਬੁਰੀ ਗੱਲ ਏ!!! ਅੱਜ ਬਿੱਟੂ ਦੀ ਲੱਥੀ ਪੱਗ ਦੇਖਕੇ ਇਸਦੇ ਦਾਦੇ ਬੇਅੰਤੇ ਵਲੋੰ ਲਾਹੀਆ ਹਜ਼ਾਰਾ ਪੱਗਾ ਨੂੰ ਖੌਰੇ ਥੋੜਾ ਸਕੂਨ ਮਿਲਿਆ ਹੋਵੇ....! ਬਠਿੰਡੇ ਪੁਲਿਸ ਲਾਠੀ-ਚਾਰਜ ਦੌਰਾਨ ਹੋਈ ਗਿੱਦੜਕੁੱਟ ਕਾਰਨ ਰਵਨੀਤ ਬਿੱਟੂ ਦੇ ਹੋਏ ਮੰਦੇਹਾਲ ਦੀ ਫੋਟੋ ਪ੍ਰਾਪਤ ਹੋਈ ਹੈ। ਰੋ ਨਾ ਬਾਈ, ਇਹ ਪਿਰਤਾਂ ਤੇਰੇ ਬਾਬੇ ਦੀਆਂ ਪਾਈਆਂ ਹੋਈਆਂ ਨੇ। ਤੇਰਾ ਬਾਬਾ ਸਿੱਖਾਂ ਨਾਲ ਇੱਦਾਂ ਹੀ ਨਹੀਂ ਬਲਕਿ ਇਸਤੋਂ ਕਿਤੇ ਵੱਧ ਕਰਦਾ ਹੁੰਦਾ ਸੀ।"
ਇਸ ਪੋਸਟ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ 2015 ਦਾ ਬਠਿੰਡਾ ਦਾ ਹੈ। ਇਹ ਪੋਸਟ ਇਥੇ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਰਚ ਦੌਰਾਨ ਸਾਨੂੰ ਜਗ ਬਾਣੀ ਦੁਆਰਾ 30 ਸਿਤੰਬਰ 2015 ਨੂੰ ਪ੍ਰਕਾਸ਼ਿਤ ਇਕ ਆਰਟੀਕਲ ਮਿਲਿਆ। ਜਗ ਬਾਣੀ ਦੀ ਰਿਪੋਰਟ ਦੇ ਮੁਤਾਬਕ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਵੱਲੋਂ ਬਠਿੰਡਾ 'ਚ ਡੀਸੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਜਾਂਦੇ ਸਮੇਂ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ।
ਰਿਪੋਰਟ ਮੁਤਾਬਕ, ਰਵਨੀਤ ਬਿੱਟੂ ਦੀ ਅਗਵਾਈ 'ਚ ਕਾਂਗਰਸੀ ਵਰਕਰ ਡੀ ਸੀ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਸਨ ਅਤੇ ਇਸ ਦੌਰਾਨ ਕਾਂਗਰਸੀਆਂ ਵੱਲੋਂ ਪੁਲਿਸ ਬੈਰੀਕੇਡ ਤੋੜ ਕੇ ਉਥੋਂ ਜਬਰਦਸਤੀ ਲੰਘਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਇਸ ਧਰਨੇ ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਦੁਆਰਾ ਪੁਲਿਸ ਨਾਲ ਧੱਕਾ ਮੁੱਕੀ ਵੀ ਕੀਤੀ ਗਈ ਜਿਸ ਵਿਚ ਰਵਨੀਤ ਬਿੱਟੂ ਦੀ ਪੱਗ ਉਤਰ ਗਈ।
ਇਹ ਰਿਪੋਰਟ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।
ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਦੀ ਰਿਪੋਰਟ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ 2015 ਦਾ ਹੈ ਜਦੋਂ ਕਿਸਾਨਾਂ ਦੇ ਹੱਕ 'ਚ ਹੋਏ ਪ੍ਰਦਰਸ਼ਨ ਦੌਰਾਨ ਰਵਨੀਤ ਸਿੰਘ ਬਿੱਟੂ ਜ਼ਖਮੀ ਹੋ ਗਏ ਸਨ।
Claim- Ravneet Bittu Beaten by Farmers
Claimed By- FB Page Agg Bani
Fact Check- Fake