ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਉਨ੍ਹਾਂ ਦੇ ਹੱਥ ਵਿਚ ਇੱਕ ਤਖ਼ਤੀ ਦੇਖੀ ਜਾ ਸਕਦੀ ਹੈ ਜਿਸ ਉੱਤੇ ਲਿਖਿਆ ਹੈ,’ ਮੱਤੇਵਾੜ ਨਾਲ ਇਨਸਾਫ ਕਰੋ। ਮੈਂ ਵੀ ਇੱਕ ਜੰਗਲ ਹਾਂ।’
ਹੁਣ ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਉਸ ਸਮੇਂ ਦੀ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੇ ਸਨ ਅਤੇ ਉਨ੍ਹਾਂ ਨੇ ਮੱਤੇਵਾੜਾ ਜੰਗਲ ਦਾ ਸਮਰਥਨ ਕੀਤਾ ਸੀ ਅਤੇ ਜੰਗਲ ਨੂੰ ਬਚਾਉਣ ਦੀ ਅਪੀਲ ਕੀਤੀ ਸੀ। ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੇ ਓਸੇ ਮੱਤੇਵਾੜਾ ਜੰਗਲ ਅੰਦਰ ਇੰਡਸਟਰੀ ਬਣਾਉਣ ਦਾ ਫੈਸਲਾ ਕੀਤਾ ਹੈ। ਤਸਵੀਰ ਵਾਇਰਲ ਕਰਦਿਆਂ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ, ਹਾਲਾਂਕਿ ਸਾਨੂੰ ਕੁਝ ਮੀਡੀਆ ਰਿਪੋਰਟ ਮਿਲੀਆਂ ਜਿਨ੍ਹਾਂ ਅਨੁਸਾਰ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ MP ਰਹਿੰਦੀਆਂ ਮੱਤੇਵਾੜਾ ਜੰਗਲ ਬਚਾਉਣ ਦਾ ਸਮਰਥਨ ਕੀਤਾ ਸੀ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "ਗੁਰਦਿੱਤ ਸਿੰਘ" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਜੀ ਜਿਸ ਮੱਤੇਵਾੜ ਜੰਗਲ ਦੇ ਇੰਨਸਾਫ ਲਈ ਬੈਠੇ ਸੀ ਅੱਜ ਉਸੀ ਜੰਗਲ ਨੂੰ ਖ਼ਤਮ ਕਰਕੇ ਇੰਡਰਸਟਰੀ ਬਣਾਉਣ ਦੇ ਹੁਕਮ ਉਹਨਾਂ ਦੀ ਆਪ ਸਰਕਾਰ ਵੱਲੋਂ ਦਿੱਤੇ ਗਏ ਹਨ।"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ
ਸਾਨੂੰ ਅਸਲ ਤਸਵੀਰ ਕਈ ਖਬਰਾਂ ਅਤੇ ਭਗਵੰਤ ਮਾਨ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀ ਮਿਲੀਆਂ। ਭਗਵੰਤ ਮਾਨ ਨੇ 1 ਮਈ 2020 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "पंजाब सरकार अपने वादे अनुसार कोरोना महामारी से लड़ने वाले पहली क़तार के योद्धा मनजीत सिंह के परिवार को 50 लाख रुपये की आर्थिक मदद दे।"
पंजाब सरकार अपने वादे अनुसार कोरोना महामारी से लड़ने वाले पहली क़तार के योद्धा मनजीत सिंह के परिवार को 50 लाख रुपये की आर्थिक मदद दे । pic.twitter.com/uKf27iOSP7
— Bhagwant Mann (@BhagwantMann) May 1, 2020
ਇਸੇ ਤਰ੍ਹਾਂ ਇਸ ਮਾਮਲੇ ਨੂੰ ਲੈ ਕੇ ਹਿੰਦੀ ਮੀਡੀਆ ਅਦਾਰੇ Navbharat Times ਨੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "लॉकडाउन के बीच पेड़ के नीचे क्यों बैठे हैं भगवंत मान?"
ਖਬਰ ਅਨੁਸਾਰ, "ਇਹ ਮਾਮਲਾ ਕੋਰੋਨਾ ਕਾਲ ਦੌਰਾਨ ਲਾਗੂ ਲੋਕਡਾਊਨ ਦਾ ਹੈ ਜਦੋਂ ਪੰਜਾਬ ਸਰਕਾਰ ਵੱਲੋਂ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਤੋਂ ਸਿੱਖ ਸ਼ਰਧਾਲੂਆਂ ਨੂੰ ਵਾਪਸ ਲੈ ਕੇ ਆਉਣ ਲਈ ਬਸਾਂ ਦਾ ਕਾਫ਼ਿਲਾ ਭੇਜਿਆ ਜਾਂਦਾ ਹੈ ਅਤੇ ਇਸੇ ਦੌਰਾਨ ਇੱਕ ਬਸ ਦੇ ਡਰਾਈਵਰ ਮਨਜੀਤ ਸਿੰਘ ਦੀ ਕੋਰੋਨਾ ਦੀ ਚਪੇਟ 'ਚ ਆਉਣ ਨਾਲ ਮੌਤ ਹੋ ਜਾਂਦੀ ਹੈ। ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਘਟਨਾ 'ਤੇ ਦੁੱਖ ਜਤਾਉਂਦੇ ਹੋਏ ਮਨਜੀਤ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਸੀ ਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮਨਜੀਤ ਸਿੰਘ ਦੇ ਲਈ 50 ਲੱਖ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਪੱਕੀ ਨੌਕਰੀ ਦੀ ਮੰਗ ਕੀਤੀ ਸੀ। ਇਸ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੁਆਰਾ ਪੰਜਾਬ ਵਿਚ ਵੱਖ-ਵੱਖ ਜਗ੍ਹਾ ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਅਤੇ ਰੁੱਖ ਹੇਠਾਂ ਕਾਲੀ ਪੱਟੀ ਬੰਨ੍ਹ ਕੇ ਬੈਠੇ ਸਨ।"
ਅਸਲ ਤਸਵੀਰ ਅਤੇ ਵਾਇਰਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਸਾਨੂੰ ਆਪਣੀ ਸਰਚ ਦੌਰਾਨ Times Of India ਦੀ ਇੱਕ ਰਿਪੋਰਟ ਮਿਲਦੀ ਹੈ ਜਿਸਦੇ ਅਨੁਸਾਰ ਭਗਵੰਤ ਮਾਨ ਨੇ ਮਨਜੀਤ ਸਿੰਘ ਜਿਸ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ ਉਸ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ। 9 ਮਈ 2022 ਨੂੰ ਪ੍ਰਕਾਸ਼ਿਤ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਕੀ ਹੈ ਮੱਤੇਵਾੜਾ ਜੰਗਲ ਦਾ ਮਾਮਲਾ?
ਪੰਜਾਬ ਦੇ ਲੁਧਿਆਣਾ ਅਧੀਨ ਪੈਂਦੇ ਮੱਤੇਵਾੜਾ ਜੰਗਲ ਨੂੰ ਲੈ ਕੇ ਸਿਆਸਤ ਉਸ ਸਮੇਂ ਭਖੀ ਜਦੋਂ ਹਾਲੀਆ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਟੈਕਸਟਾਈਲ ਪਾਰਕ ਲਈ ਜ਼ਮੀਨ ਦੇਣ ਦਾ ਐਲਾਨ ਕਰ ਦਿੱਤਾ ਗਿਆ। ਐਲਾਨ ਤੋਂ ਬਾਅਦ ਵਿਰੋਧੀ ਧਿਰਾਂ ਅਤੇ ਕਈ ਸੰਸਥਾਵਾਂ ਮੱਤੇਵਾੜਾ ਜੰਗਲ ਨੂੰ ਬਚਾਉਣ ਦੇ ਲਈ ਸੰਘਰਸ਼ ਵਿੱਢਣ ਦੀ ਤਿਆਰੀ ਵਿਚ ਹਨ।ਉਥੇ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਜੰਗਲ ਨੂੰ ਬਚਾਉਣ ਦੀ ਗੱਲ ਆਖੀ ਹੈ।
ਦੱਸ ਦਈਏ ਕਿ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਬਣੇ ਸਨ ਓਦੋਂ ਭਗਵੰਤ ਮਾਨ ਨੇ ਵੀ ਮੱਤੇਵਾੜਾ ਜੰਗਲ ਨੂੰ ਬਚਾਉਣ ਖਾਤਰ ਸਰਕਾਰਾਂ 'ਤੇ ਨਿਸ਼ਾਨੇ ਸਾਧੇ ਸਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ, ਹਾਲਾਂਕਿ ਸਾਨੂੰ ਕੁਝ ਮੀਡੀਆ ਰਿਪੋਰਟ ਮਿਲੀਆਂ ਜਿਨ੍ਹਾਂ ਅਨੁਸਾਰ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ MP ਰਹਿੰਦੀਆਂ ਮੱਤੇਵਾੜਾ ਜੰਗਲ ਬਚਾਉਣ ਦਾ ਸਮਰਥਨ ਕੀਤਾ ਸੀ।
Claim- Old image of CM Mann protesting regarding Mattewara Forest Land
Claimed By- FB User ਗੁਰਦਿੱਤ ਸਿੰਘ
Fact Check- Morphed