
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2020 ਦਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੰਜਾਬ ਦੀਆਂ ਅਗਾਮੀ ਚੋਣਾਂ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ। ਜਿਸ ਦੇ ਵਿਚ ਬੁਢਲਾਡਾ ਤੋਂ ਆਪ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦਾ ਕੁਝ ਲੋਕ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਯੂਜ਼ਰ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਪਿੰਡਾਂ ਦੇ ਲੋਕ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2020 ਦਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ AggBani ਨੇ 8 ਅਪ੍ਰੈਲ ਨੂੰ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "ਝਾੜੂ ਵਾਲਿਆਂ ਦੀ ਪਿੰਡਾਂ ਚ ਨਗਦੋ ਨਗਦ ਸਰਵਿਸ ????ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦਾ ਵਿਰੋਧ"
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਨਾਲ ਮਾਮਲੇ ਨੂੰ ਲੈ ਕੇ ਵੀਡੀਓ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਹ ਵੀਡੀਓ ਪਿਛਲੇ ਸਾਲ 8 ਅਕਤੂਬਰ 2020 ਨੂੰ ਕਈ ਯੂਜ਼ਰ ਦੁਆਰਾ ਸ਼ੇਅਰ ਕੀਤੀ ਮਿਲੀ।
ਫੇਸਬੁੱਕ ਪੇਜ ਹਰਪ੍ਰੀਤ ਸਿੰਘ ਵੇਗਲ ਨੇ 8 ਅਕਤੂਬਰ 2020 ਨੂੰ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਪਿੰਡ ਵਿੱਚ ਵਿਰੋਧ ਹੋਣ ਲੱਗਾ ਤੁਸੀਂ ਵੀ ਦੇਖੋ ਪਿੰਡ ਬਰੇ ਸਾਹਿਬ ਵਿੱਚ ਬੁੱਧ ਰਾਮ MLA ਸਾਹਬ ਦਾ ਵਿਰੋਧ"
ਇਸੇ ਤਰ੍ਹਾਂ ਫੇਸਬੁੱਕ ਪੇਜ Nirpakh Post ਨੇ 8 ਅਕਤੂਬਰ 2020 ਨੂੰ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "ਅੱਜ ਪਿੰਡ ਬਰ੍ਹੇ ਸਾਹਿਬ ਵਿੱਚ ਬੁੱਧ ਰਾਮ MLA ਦਾ ਕੀਤਾ ਸਾਣਦਾਰ ਸਵਾਗਤ ਪੈਸੇ ਲੈ ਕੰਮ ਕਰਾਉਣ ਵਾਲੇ , ਤੇ ਲੋੜ ਤੇ ਜਨਤਾ ਨਾਲ ਨਾ ਖੜਨ ਵਾਲੇ , ਹਰ ਮੁੱਦੇ ਤੇ ਕੋਣ ਨਾਲ ਤੇ ਕੋਣ ਰਾਜਨੀਤੀ ਚਮਕਾ ਰਹੇ ਜਨਤਾਂ ਨੂੰ ਸੱਭ ਪਤਾ ਲੱਗ ਗਿਆ ਹੁਣ ਤੁਹਾਡਾ ਪਿੰਡਾ ਚ ਵੱੜਣਾ ਅੋਖਾ ਕਰ ਦੇਣੇ ਲੋਕਾਂ ਨੇ ਕਿਉਂਕਿ ਸਾਡਾ ਸਮਾਜ ਜਾਗ੍ਰਿਤੀ ਵੱਲ ਵੱਧ ਰਹੇ .... #PunjabNews #AAPPunjab #KhetiBill #kisaanmajdoorektazindabad #MLA #punjabi"
Nirpakh Post ਦੇ ਪੋਸਟ ਅਨੁਸਾਰ ਮਾਮਲਾ ਪਿੰਡ ਬਰ੍ਹੇ ਸਾਹਿਬ ਦਾ ਹੈ।
ਹੋਰ ਸਰਚ ਕਰਨ 'ਤੇ ਸਾਨੂੰ ਮਾਮਲੇ ਨੂੰ ਲੈ ਕੇ ਜਗਬਾਣੀ ਦੇ Youtube ਚੈੱਨਲ 'ਤੇ ਅਪਲੋਡ ਇਹ ਵੀਡੀਓ ਮਿਲਿਆ। 8 ਅਕਤੂਬਰ 2020 ਨੂੰ ਇਹ ਵੀਡੀਓ ਅਪਲੋਡ ਕਰਦਿਆਂ ਉਨ੍ਹਾਂ ਨੇ ਸਿਰਲੇਖ ਲਿਖਿਆ, "Farmers ਨੇ ਪਿੰਡ 'ਚ ਦਾਖਲ ਨਹੀਂ ਹੋਣ ਦਿੱਤਾ MLA Budh Ram, ਲਾਹ-ਪਾਹ ਕਰ ਰਾਹ 'ਚੋਂ ਕਰਾਈ ਵਾਪਸੀ"
ਵੀਡੀਓ ਇੱਥੇ ਕਲਿਕ ਕਰ ਵੇਖੀ ਜਾ ਸਕਦੀ ਹੈ।
ਸਾਨੂੰ ਇਸ ਮਾਮਲੇ ਨੂੰ ਲੈ ਕੇ Punjab Network ਨਾਂ ਦੀ ਸਾਈਟ 'ਤੇ 7 ਅਕਤੂਬਰ 2020 ਨੂੰ ਪ੍ਰਕਾਸ਼ਿਤ ਖਬਰ ਮਿਲੀ। ਇਸ ਖਬਰ ਨੂੰ ਅਪਲੋਡ ਕਰਦਿਆਂ ਸਿਰਲੇਖ ਦਿੱਤਾ ਗਿਆ, "ਕਿਸਾਨਾਂ ਨੇ ਆਪ ਵਿਧਾਇਕ ਘੇਰਿਆ, ਸੁਣਾਈਆਂ ਖਰੀਆਂ-ਖਰੀਆਂ"
ਖਬਰ ਅਨੁਸਾਰ, "ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਪਿੰਡ ਬਰ੍ਹੇ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਦਾ ਘਿਰਾਓ ਕਰ ਕੇ ਉਨ੍ਹਾਂ ਨੂੰ ਖਰੀਆ ਖਰੀਆਂ ਸੁਣਾਈਆ। ਕਿਸਾਨਾਂ ਨੇ ਉਨ੍ਹਾਂ ਨੂੰ ਮੌਕਾਪ੍ਰਸਤ ਨੇਤਾ ਕਹਿਦਿਆਂ ਕਿਹਾ ਕਿ ਅੱਜ ਕਿਸਾਨ ਮੁਸੀਬਤ ਵਿਚ ਹੈ ਤਾਂ ਸਾਰੇ ਨੇਤਾ ਸਿਆਸੀ ਰੋਟੀਆਂ ਸੇਕਣ ਲਈ ਉਨ੍ਹਾਂ ਦੇ ਧਰਨਿਆਂ ਵਿਚ ਪੁੱਜ ਰਹੇ ਹਨ, ਪਰ ਪਹਿਲਾਂ ਕਿਸੇ ਨੇ ਵੀ ਕਿਸਾਨਾਂ ਨੂੰ ਇਸ ਤੋ ਜਾਣੂ ਨਹੀ ਕਰਵਾਇਆ।"
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2020 ਦਾ ਹੈ।
Claim: ਪਿੰਡਾਂ ਦੇ ਲੋਕ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਹਨ।
Claimed By: ਫੇਸਬੁੱਕ ਪੇਜ AggBani
Fact Check: ਗੁੰਮਰਾਹਕੁੰਨ