
ਰਾਹੁਲ ਗਾਂਧੀ ਦੇ ਸੰਸਦ 'ਚ ਦਿੱਤੇ ਗਏ ਬਿਆਨ ਦੀ ਅਧੂਰੀ ਕਲਿੱਪ ਵਾਇਰਲ ਕਰ ਉਨ੍ਹਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
RSFC (Team Mohali)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਦੀ 9 ਸੈਕਿੰਡ ਦੀ ਕਲਿੱਪ ਸੋਸ਼ਲ ਮੀਡੀਆ 'ਤੇ ਇਸ ਦਾਅਵੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ ਨੂੰ ਰਾਮਾਇਣ ਦੀ ਕੋਈ ਜਾਣਕਾਰੀ ਨਹੀਂ ਹੈ।
ਇਸ ਕਲਿੱਪ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਹਨੂੰਮਾਨ ਨੇ ਰਾਵਣ ਦੀ ਲੰਕਾ ਨਹੀਂ ਸਾੜੀ ਸੀ।
ਫੇਸਬੁੱਕ ਯੂਜ਼ਰ ਦਿਵਾਕਰ ਸ਼ਰਮਾ ਨੇ 9 ਅਗਸਤ ਨੂੰ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ, "ਇਸਨੇ ਕਿਹੜੀ ਰਾਮਾਇਣ ਪੜ੍ਹੀ ਹੈ?"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿੱਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ ਹੈ। ਰਾਹੁਲ ਗਾਂਧੀ ਦੇ ਸੰਸਦ 'ਚ ਦਿੱਤੇ ਗਏ ਬਿਆਨ ਦੀ ਅਧੂਰੀ ਕਲਿੱਪ ਵਾਇਰਲ ਕਰ ਉਨ੍ਹਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਸਪੋਕਸਮੈਨ ਦੀ ਪੜਤਾਲ
ਜਾਂਚ ਸ਼ੁਰੂ ਕਰਦੇ ਹੋਏ, ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਲੈ ਕੇ ਰਾਹੁਲ ਗਾਂਧੀ ਦੇ ਅਧਿਕਾਰਿਕ ਯੂਟਿਊਬ ਅਕਾਊਂਟ 'ਤੇ ਵਿਜ਼ਿਟ ਕੀਤਾ। ਸਾਨੂੰ 9 ਅਗਸਤ 2023 ਨੂੰ ਅਕਾਊਂਟ 'ਤੇ ਸਾਂਝਾ ਕੀਤਾ ਰਾਹੁਲ ਗਾਂਧੀ ਦੇ ਭਾਸ਼ਣ ਦਾ ਪੂਰਾ ਸੰਸਕਰਣ ਮਿਲਿਆ। ਅਸੀਂ ਵੀਡੀਓ ਨੂੰ ਸੁਣਿਆ ਅਤੇ ਪਾਇਆ ਕਿ 30 ਮਿੰਟ 17 ਸਕਿੰਟ 'ਤੇ ਰਾਹੁਲ ਗਾਂਧੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, 'ਲੰਕਾ ਨੂੰ ਹਨੂੰਮਾਨ ਨੇ ਨਹੀਂ ਸਾੜਿਆ ਸੀ। ਰਾਵਣ ਦੇ ਹੰਕਾਰ ਨੇ ਲੰਕਾ ਨੂੰ ਸਾੜਿਆ ਸੀ। ਰਾਮ ਨੇ ਰਾਵਣ ਨੂੰ ਨਹੀਂ ਮਾਰਿਆ ਸੀ। ਰਾਵਣ ਦੇ ਹੰਕਾਰ ਨੇ ਰਾਵਣ ਨੂੰ ਮਾਰਿਆ ਸੀ।
ਇੱਥੋਂ ਇਹ ਸਪੱਸ਼ਟ ਹੋ ਗਿਆ ਕਿ ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਦੀ 9 ਸੈਕਿੰਡ ਦੀ ਵਾਇਰਲ ਕਲਿੱਪ ਅਧੂਰੀ ਹੈ ਅਤੇ ਗੁੰਮਰਾਹਕੁੰਨ ਦਾਅਵਿਆਂ ਨਾਲ ਸਾਂਝੀ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਰਾਹੁਲ ਗਾਂਧੀ ਦੇ ਭਾਸ਼ਣ ਦੀ ਇਹ ਵੀਡੀਓ ਕਲਿਪ ਕਾਂਗਰਸ ਨੇ ਵੀ 9 ਅਗਸਤ 2023 ਨੂੰ ਆਪਣੇ ਯੂਟਿਊਬ ਅਕਾਊਂਟ 'ਤੇ ਸਾਂਝੀ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਲੈ ਕੇ ਸਾਨੂੰ ਕਈ ਖਬਰਾਂ ਮਿਲੀਆਂ ਹਨ। ਨਵਭਾਰਤ ਟਾਈਮਜ਼ ਦੀ ਖਬਰ ਮੁਤਾਬਕ 9 ਅਗਸਤ 2023 ਨੂੰ ਰਾਹੁਲ ਗਾਂਧੀ ਨੇ ਲੋਕ ਸਭਾ 'ਚ ਕੇਂਦਰ ਸਰਕਾਰ 'ਤੇ ਸਿੱਧਾ ਹਮਲਾ ਬੋਲਿਆ। ਬੇਭਰੋਸਗੀ ਮਤੇ 'ਤੇ ਬਹਿਸ 'ਚ ਹਿੱਸਾ ਲੈਂਦੇ ਹੋਏ ਰਾਹੁਲ ਨੇ ਕਿਹਾ ਕਿ ਭਾਜਪਾ ਨੇ ਮਨੀਪੁਰ 'ਚ ਦੇਸ਼ ਦਾ ਕਤਲ ਕੀਤਾ ਹੈ। ਰਾਹੁਲ ਨੇ ਕਿਹਾ, 'ਤੁਸੀਂ ਦੇਸ਼ਦ੍ਰੋਹੀ ਹੋ! ਤੁਸੀਂ ਮਨੀਪੁਰ ਵਿਚ ਭਾਰਤ ਨੂੰ ਮਾਰਿਆ ਹੈ!' ਰਾਹੁਲ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਅਡਾਨੀ ਦੇ ਮੁੱਦੇ ਨਾਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ਼ ਦੋ ਲੋਕਾਂ ਦੀ ਹੀ ਸੁਣਦੇ ਹਨ। ਰਾਵਣ ਦੇ ਹੰਕਾਰ ਦਾ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ, 'ਤੁਸੀਂ ਪੂਰੇ ਦੇਸ਼ 'ਚ ਮਿੱਟੀ ਦਾ ਤੇਲ ਭੇਜ ਰਹੇ ਹੋ... ਤੁਸੀਂ ਮਨੀਪੁਰ 'ਚ ਮਿੱਟੀ ਦਾ ਤੇਲ ਭੇਜਿਆ, ਚੰਗਿਆੜੀ ਨਾਲ ਅੱਗ ਲਗਾ ਦਿੱਤੀ, ਹੁਣ ਤੁਸੀਂ ਹਰਿਆਣਾ 'ਚ ਕਰ ਰਹੇ ਹੋ... ਤੁਸੀਂ ਅੱਗ ਲਗਾਉਣਾ ਚਾਹੁੰਦੇ ਹੋ। ਪੂਰੇ ਦੇਸ਼ ਨੂੰ ਅੱਗ...' ਰਾਹੁਲ ਦੇ ਭਾਸ਼ਣ ਦੌਰਾਨ ਕਾਫੀ ਹੰਗਾਮਾ ਹੋਇਆ। ਭਾਜਪਾ ਦੇ ਸੰਸਦ ਮੈਂਬਰਾਂ ਨੇ ਰਾਹੁਲ ਨੂੰ ਮੁਆਫੀ ਮੰਗਣ ਲਈ ਵੀ ਕਿਹਾ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿੱਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ ਹੈ। ਰਾਹੁਲ ਗਾਂਧੀ ਦੇ ਸੰਸਦ 'ਚ ਦਿੱਤੇ ਗਏ ਬਿਆਨ ਦੀ ਅਧੂਰੀ ਕਲਿੱਪ ਵਾਇਰਲ ਕਰ ਉਨ੍ਹਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।