
ਅਸੀਂ ਗੱਲ ਕਰਾਂਗੇ ਉਨ੍ਹਾਂ 5 ਫਰਜ਼ੀ ਦਾਅਵਿਆਂ ਬਾਰੇ ਜੋ ਕਿ ਪੱਤਰਕਾਰਾਂ, ਵਕੀਲ ਤੇ ਭਾਜਪਾ ਵਰਕਰਾਂ ਤੇ ਭਾਜਪਾ ਸਮਰਥਕ ਜਨਤਾ ਦੁਆਰਾ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਗਏ।
RSFC (Team Mohali)- ਅੱਜ 17 ਫਰਵਰੀ 2024 ਨੂੰ ਕਿਸਾਨਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਦਿੱਲੀ ਕੂਚ ਦੇ ਸੰਘਰਸ਼ ਨੂੰ 5 ਦਿਨ ਪੂਰੇ ਹੋ ਗਏ। ਪਿਛਲੇ ਸੰਘਰਸ਼ (2020-ਤਿੰਨ ਖੇਤੀ ਕਾਨੂੰਨ) ਵਾਂਗ ਇਸ ਸੰਘਰਸ਼ ਵਿਚ ਵੀ ਕਿਸਾਨਾਂ 'ਤੇ ਬਾਰਡਰ ਟੱਪਣ ਮੌਕੇ ਓਸੇ ਤਰ੍ਹਾਂ ਹਮਲੇ ਵੇਖਣ ਨੂੰ ਮਿਲੇ। ਇਸੇ ਤਰ੍ਹਾਂ ਕਿਸਾਨ ਸੰਘਰਸ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਐਕਟਿਵ ਨਫਰਤੀ ਆਰਮੀ ਵੀ ਪਿੱਛੇ ਨਹੀਂ ਹੱਟ ਰਹੀ ਹੈ। ਰੋਜ਼ਾਨਾ ਸੋਸ਼ਲ ਮੀਡੀਆ 'ਤੇ ਪੁਰਾਣੇ ਵੀਡੀਓਜ਼, ਗੁੰਮਰਾਹਕੁਨ-ਫਰਜ਼ੀ ਦਾਅਵੇ ਵਾਇਰਲ ਕਰ ਕਦੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ ਤੇ ਕਦੇ ਇਸ ਸੰਘਰਸ਼ ਨੂੰ ਫਰਜ਼ੀ ਦੱਸਿਆ ਜਾ ਰਿਹਾ ਹੈ। ਇਸ ਵਾਰ ਨਾ ਸਿਰਫ ਭਾਜਪਾ ਸਮਰਥਕ ਬਲਕਿ ਨਾਮਵਰ ਪੱਤਰਕਾਰ ਤੇ ਵਕੀਲ ਵੀ ਕਿਸਾਨਾਂ 'ਤੇ ਫਰਜ਼ੀ ਦਾਅਵੇ ਵਾਇਰਲ ਕਰ ਹਮਲੇ ਕਰ ਰਹੇ ਹਨ।
"ਇਸ ਰਿਪੋਰਟ ਵਿਚ ਅਸੀਂ ਗੱਲ ਕਰਾਂਗੇ ਉਨ੍ਹਾਂ 5 ਫਰਜ਼ੀ ਦਾਅਵਿਆਂ ਬਾਰੇ ਜੋ ਕਿ ਨਾਮਵਰ ਪੱਤਰਕਾਰਾਂ, ਵਕੀਲ ਤੇ ਭਾਜਪਾ ਵਰਕਰਾਂ ਤੇ ਭਾਜਪਾ ਸਮਰਥਕ ਜਨਤਾ ਦੁਆਰਾ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਗਏ।"
*ਸੋਸ਼ਲ ਮੀਡੀਆ 'ਤੇ ਹਾਈਕੋਰਟ ਦਾ ਵਕੀਲ ਵੀ ਕਿਸਾਨਾਂ ਪ੍ਰਤੀ ਫੈਲਾ ਰਿਹਾ ਨਫਰਤ, Fact Check ਰਿਪੋਰਟ*
Fact Check Old video shared to defame farmers protest by Highcourt advocate Akhilesh Tripathi
ਕਥਿਤ ਇਲਾਹਾਬਾਦ ਹਾਈਕੋਰਟ ਦੇ ਵਕੀਲ ਅਖਿਲੇਸ਼ ਤ੍ਰਿਪਾਠੀ ਨੇ 2 ਵੀਡੀਓ ਸਾਂਝੇ ਕਰਦਿਆਂ ਕਿਸਾਨਾਂ ਪ੍ਰਤੀ ਨਫ਼ਤਰ ਫੈਲਾਈ। ਸੋਸ਼ਲ ਮੀਡੀਆ 'ਤੇ ਵਕੀਲ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸਦੇ ਵਿਚ ਕੁਝ ਨਿਹੰਗ ਸਿੱਖ ਪੁਲਿਸ 'ਤੇ ਹਮਲਾ ਕਰਦੀ ਨਜ਼ਰ ਆ ਰਹੀ ਸੀ ਤੇ ਵਕੀਲ ਨੇ ਦੂਜਾ ਵੀਡੀਓ ਸਾਂਝਾ ਕੀਤਾ ਜਿਸਦੇ ਵਿਚ ਕੁਝ ਬਾਈਕ ਸਵਾਰ ਨੌਜਵਾਨਾਂ ਨੂੰ ਗਰਮਖਿਆਲੀ ਨਾਅਰੇ ਲਾਉਂਦੇ ਵੇਖਿਆ ਜਾ ਸਕਦਾ ਸੀ। ਵਕੀਲ ਨੇ ਦੋਵੇਂ ਵੀਡੀਓ ਹਾਲੀਆ ਦੱਸਕੇ ਵਾਇਰਲ ਕਰਦਿਆਂ ਕਿਸਾਨ ਸੰਘਰਸ਼ ਪ੍ਰਤੀ ਨਫਰਤ ਫੈਲਾਈ।
ਰੋਜ਼ਾਨਾ ਸਪੋਕਸਮੈਨ ਨੇ ਇਨ੍ਹਾਂ ਦੋਵੇਂ ਦੀ ਵੀਡੀਓਜ਼ ਦੀ ਪੜਤਾਲ ਕੀਤੀ ਤੇ ਪਾਇਆ ਵਾਇਰਲ ਦੋਵੇਂ ਦਾਅਵੇ ਫਰਜ਼ੀ ਹਨ। ਪਹਿਲਾਂ ਵੀਡੀਓ ਪੁਰਾਣਾ ਹੈ ਤੇ ਬਾਈਕ ਸਵਾਰਾਂ ਵੱਲੋਂ ਨਾਅਰੇਬਾਜ਼ੀ ਦੇ ਵੀਡੀਓ ਦਾ ਕਿਸੇ ਵੀ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।
ਇਨ੍ਹਾਂ ਦੋਵੇਂ ਵੀਡੀਓਜ਼ ਦੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
*ਪੱਤਰਕਾਰ ਵੀ ਸੋਸ਼ਲ ਮੀਡੀਆ 'ਤੇ ਕਿਸਾਨਾਂ ਪ੍ਰਤੀ ਫੈਲਾ ਰਹੇ ਨਫਰਤ, ਪੜ੍ਹੋ ਇਸ ਵਾਇਰਲ ਵੀਡੀਓ ਦਾ ਅਸਲ ਸੱਚ*
Fact Check Old video viral by senior journalist to defame farmers
ਕਿਸਾਨ ਸੰਘਰਸ਼ 2024 ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੂੜ ਪ੍ਰਚਾਰ ਤੇਜ਼ ਹੁੰਦਾ ਜਾ ਰਿਹਾ ਹੈ। ਨਾ ਸਿਰਫ ਆਮ ਜਨਤਾ ਬਲਕਿ ਸੀਨੀਅਰ ਪੱਤਰਕਾਰ ਵੀ ਕਿਸਾਨਾਂ ਪ੍ਰਤੀ ਨਫਰਤੀ ਪ੍ਰਚਾਰ ਕਰ ਰਹੇ ਹਨ। ਇਸੇ ਲੜੀ 'ਚ ਇੱਕ ਵੀਡੀਓ ਕੁਝ ਪੱਤਰਕਾਰਾਂ ਵੱਲੋਂ ਬਿਨਾਂ ਜਾਂਚ ਕੀਤੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਗਏ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਸ਼ਰਾਬ ਵੰਡਦੇ ਹੋਏ ਦੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਹਾਲੀਆ ਕਿਸਾਨ ਸੰਘਰਸ਼ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਵਾਇਰਲ ਵੀਡੀਓ ਅਪ੍ਰੈਲ 2020 ਤੋਂ ਹੀ ਇੰਟਰਨੈੱਟ 'ਤੇ ਮੌਜੂਦ ਹੈ ਅਤੇ ਇਸਦਾ ਹਾਲੀਆ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਇਸ ਪੂਰੀ Fact Check ਰਿਪੋਰਟ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
*IT Cell ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨਾ ਮੁੜ ਸ਼ੁਰੂ... Gorkha ਨੂੰ Mercedes ਦੱਸ ਸਾਧੇ ਜਾ ਰਹੇ ਨਿਸ਼ਾਨੇ*
Fact Check Modified Gorkha Jeep Image Viral As Mercedes To Defame Farmers Protest
13 ਫਰਵਰੀ 2024 ਨੂੰ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਤੇ ਹੋਰ ਰਾਜਾਂ ਦੇ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨੀ ਸ਼ੁਰੂ ਹੋਈ। ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਕਿਸਾਨਾਂ ਨੂੰ ਲੈ ਕੇ ਕਈ ਫਰਜ਼ੀ ਦਾਅਵੇ ਵੀ ਵਾਇਰਲ ਹੁੰਦੇ ਦੇਖਣ ਨੂੰ ਮਿਲ ਰਹੇ ਹਨ। ਹੁਣ ਇਸੇ ਲੜੀ 'ਚ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਤਸਵੀਰ ਹੈ ਜਿਸਦੇ ਵਿਚ ਇੱਕ ਕਾਲੀ ਗੱਡੀ ਦੇ ਉੱਤੇ ਸਿੱਖ ਵਿਅਕਤੀ ਨੂੰ ਅਖਬਾਰ ਪੜ੍ਹਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਇੱਕ ਕਿਸਾਨ ਦੀ ਹੈ ਜਿਹੜਾ Mercedes ਗੱਡੀ ਦੇ ਉੱਤੇ ਬੈਠਾ ਹੋਇਆ ਹੈ। ਇਸ ਤਸਵੀਰ ਨੂੰ ਵਾਇਰਲ ਕਰਦਿਆਂ ਕਿਸਾਨਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਤੇ ਕਿਸਾਨ ਅੰਦੋਲਨ ਨੂੰ ਫਰਜ਼ੀ ਅੰਦੋਲਨ ਦੱਸਿਆ ਜਾ ਰਿਹਾ ਹੈ। ਇਸ ਤਸਵੀਰ ਰਾਹੀਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇੰਨੀ ਮਹਿੰਗੀ ਗੱਡੀ ਚਲਾਉਣ ਵਾਲੇ ਕਿਸਾਨ ਫਰਜ਼ੀ ਬਹਾਨੇ ਲੱਭ ਕੇ ਅੰਦੋਲਨ ਕਰ ਰਹੇ ਹਨ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਨਾ ਸਿਰਫ ਆਮ ਜਨਤਾ ਬਲਕਿ ਭਾਜਪਾ ਲੀਡਰਾਂ ਵੱਲੋਂ ਖੂਬ ਪ੍ਰਚਾਰਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਵਿਚ Mercedes ਗੱਡੀ ਨਹੀਂ ਬਲਕਿ Gorkha ਗੱਡੀ ਹੈ ਜਿਸਨੂੰ ਮੋਡੀਫਾਈ ਕੀਤਾ ਗਿਆ ਸੀ। ਇਸ ਗੱਡੀ ਦੇ ਮਾਲਿਕ ਨਾਲ ਅਸੀਂ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕੀਤਾ ਸੀ। ਇਹ ਤਸਵੀਰ ਹਾਲੀਆ ਵੀ ਨਹੀਂ ਬਲਕਿ 2020 ਦੀ ਹੈ।
ਇਸ ਪੂਰੀ Fact Check ਰਿਪੋਰਟ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
*ਦਿੱਲੀ ਕੂਚ ਦੌਰਾਨ ਕਿਸਾਨਾਂ ਵੱਲੋਂ ਨਹੀਂ ਦਰੜਿਆ ਗਿਆ ਇਹ ਪੁਲਿਸ ਮੁਲਾਜ਼ਮ, Fact Check ਰਿਪੋਰਟ*
Fact Check Old video from Sangrur viral as Farmers Protest 2024 Delhi Chalo Movement
ਕਿਸਾਨਾਂ ਵੱਲੋਂ ਕੀਤੇ ਜਾ ਰਹੇ ਹਾਲੀਆ ਦਿੱਲੀ ਕੂਚ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕੀਤਾ ਗਿਆ ਜਿਸਦੇ ਵਿਚ ਕਿਸਾਨਾਂ ਦੀ ਟਰਾਲੀ ਹੇਠਾਂ ਇੱਕ ਪੁਲਿਸ ਮੁਲਾਜ਼ਮ ਦਰੜਿਆ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਹਾਲੀਆ ਕਿਸਾਨਾਂ ਦੇ ਸੰਘਰਸ਼ ਦਾ ਹੈ ਜਿਥੇ ਦਿੱਲੀ ਕੂਚ ਕਰਦਿਆਂ ਕਿਸਾਨਾਂ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਆਪਣੀ ਟਰਾਲੀ ਹੇਠਾਂ ਦਰੜ ਦਿੱਤਾ। ਇਸ ਪੋਸਟ ਰਾਹੀਂ ਕਿਸਾਨਾਂ ਖਿਲਾਫ ਕੂੜ ਪ੍ਰਚਾਰ ਕੀਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਗਸਤ 2023 ਦਾ ਸੀ ਜਦੋਂ ਸੰਗਰੂਰ ਦੇ ਪਿੰਡ ਲੌਂਗੋਵਾਲ ਵਿਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ੋਰਦਾਰ ਝੜਪ ਹੋ ਗਈ ਸੀ। ਇਸ ਵੀਡੀਓ ਦਾ ਹਾਲੀਆ ਚਲ ਰਹੇ ਕਿਸਾਨ ਸੰਘਰਸ਼ ਦੇ ਦਿੱਲੀ ਕੂਚ ਨਾਲ ਕੋਈ ਸਬੰਧ ਨਹੀਂ ਸੀ।
ਇਸ ਪੂਰੀ Fact Check ਰਿਪੋਰਟ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਕਿਸਾਨਾਂ ਦੇ ਇਸ ਸੰਘਰਸ਼ ਨੂੰ ਲੈ ਕੇ ਸਪੋਕਸਮੈਨ ਦੀ Fact Check ਟੀਮ ਪੂਰੀ ਨਿਗਰਾਨੀ ਨਾਲ ਕਿਸਾਨਾਂ ਨੂੰ ਲੈ ਕੇ ਵਾਇਰਲ ਹੋ ਰਹੀ ਫਰਜ਼ੀ ਖਬਰਾਂ ਦਾ ਸੱਚ ਸਾਹਮਣੇ ਲੈ ਕੇ ਆ ਰਹੀ ਹੈ। ਸਾਡੇ ਇਨ੍ਹਾਂ Fact Check ਰਿਪੋਰਟਾਂ ਨੂੰ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰ ਪੜ੍ਹਿਆ ਜਾ ਸਕਦਾ ਹੈ।