
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰੇਲਵੇ ਮੰਤਰਾਲੇ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ। ਰੇਲਵੇ ਦੇ ਬੁਲਾਰੇ ਨੇ ਵੀ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਕੁੱਝ ਦਿਨ ਪਹਿਲਾਂ ਟ੍ਰੇਨਾਂ ਨੂੰ ਲੈ ਕੇ ਇਕ ਫਰਜ਼ੀ ਦਾਅਵਾ ਵਾਇਰਲ ਹੋਇਆ ਸੀ ਕਿ ਰੇਲਵੇ ਮੰਤਰਾਲੇ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਸਾਰੀਆਂ ਟ੍ਰੇਨਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਹੁਣ ਇਸੇ ਕ੍ਰਮ ਵਿਚ ਇਕ ਨਿਊਜ਼ ਪੇਪਰ ਦੀ ਕਟਿੰਗ ਵਾਇਰਲ ਹੋ ਰਹੀ ਹੈ। ਇਸ ਵਿਚ ਟ੍ਰੇਨ 'ਚ ਸਫ਼ਰ ਕਰਨ ਨੂੰ ਲੈ ਕੇ ਕੁੱਝ ਖ਼ਾਸ ਹਦਾਇਤ ਦਿੱਤੀ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟ੍ਰੇਨ ਵਿਚ ਸੌਣ ਵਾਲਿਆ ਤੋਂ ਭਾਰਤੀ ਰੇਲਵੇ 10% ਵੱਧ ਕਿਰਾਇਆ ਵਸੂਲ ਸਕਦਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਰੇਲਵੇ ਮੰਤਰਾਲੇ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ। ਰੇਲਵੇ ਦੇ ਬੁਲਾਰੇ ਨੇ ਵੀ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਵਾਇਰਲ ਦਾਅਵਾ
ਫੇਸਬੁੱਕ ਪੇਜ਼ Adv G S Shekhpura ਨੇ 12 ਮਾਰਚ ਨੂੰ ਵਾਇਰਲ ਕਟਿੰਗ ਸ਼ੇਅਰ ਕੀਤੀ ਅਤੇ ਕੈਪਸ਼ਨ ਲਿਖਿਆ, ''ਆਹ ਚੱਕੋ ਗੋਹਾ ਭਗਤੋ ਨੀਂਦ ਤੇ ਵੀ ਟੈਕਸ ਲਗ ਗਿਆ ਹੁਣ ਟਰੇਨ ਵਿਚ ਸਫਰ ਕਰਣਾ ਆ ਤਾਂ ਸੌਣਾ ਨਾ ਜੇਕਰ ਸੁਤੇ ਤਾਂ 10% ਕਿਰਾਇਆ ਵਧ ਲਗੁ ਹੌਲੀ ਹੌਲੀ ਸਫਰ ਦੌਰਾਨ ਨਾਲ ਲੈਕੇ ਜਾਣ ਵਾਲੇ ਸਮਾਨ ਤੇ ਟੈਕਸ ਲਗਾ ਦੇਣਾ l ਟਰੇਨ ਵਿਚ ਸਫਰ ਦੌਰਾਨ ਜੇ ਬਾਥਰੂਮ ਇਸਤਮਾਲ ਕਰੋਗੇ ਤਾਂ ਓਹਦੇ ਪੈਸੇ ਅਲੱਗ ਲਗਿਆ ਕਰਣਗੇ ਬਾਕੀ ਜੇ ਇਸੇ ਤਰਾ ਰਿਹਾ ਤਾਂ ਸਾਹ ਲੈਣ ਦੀ ਗਿਣਤੀ ਵੀ ਫਿਕਸ ਹੋ ਜਉ ਤੇ ਜੇ ਓਸ ਗਿਣਤੀ ਤੋ ਵਧ ਸਾਹ ਲਓਗੇ ਤਾਂ ਓਸ ਤੇ ਵੀ ਟੈਕਸ ਲਗਿਆ ਕਰਣਾ l ਗੋਹਾ ਭਗਤਾਂ ਦਾ ਇਕ ਹੀ ਨਾਅਰਾ, ਮੋਦੀ ਹਮਾਰਾ ਆਏ ਦੋਬਾਰਾ ਹਰ ਹਰ ਮੋਦੀ ਘਰ ਘਰ ਮੋਦੀ ''
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਰਚ ਦੌਰਾਨ ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਜਿਸ ਵਿਚ ਇਹ ਕਿਹਾ ਗਿਆ ਹੋਵੇ ਕਿ ਟ੍ਰੇਨ ਵਿਚ ਨੀਂਦ ਲੈ ਕੇ ਸਫ਼ਰ ਕਰਨ ਵਾਲਿਆਂ ਤੋਂ ਵੱਧ ਕਿਰਾਇਆ ਲਿਆ ਜਾਵੇਗਾ।
ਅੱਗੇ ਵਧਦੇ ਹੋਏ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਭਾਰਤੀ ਰੇਲਵੇ ਦੀ ਅਧਿਕਾਰਕ ਵੈੱਬਸਾਈਟ ਖੰਗਾਲੀ। ਸਾਨੂੰ ਇੱਥੇ ਵੀ ਵਾਇਰਲ ਦਾਅਵੇ ਵਰਗੀ ਕੋਈ ਜਾਣਕਾਰੀ ਸਾਂਝੀ ਕੀਤੀ ਨਹੀਂ ਮਿਲੀ। ਸਾਨੂੰ ਭਾਰਤੀ ਰੇਲਵੇ ਦੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਵੀ ਟ੍ਰੇਨ ਵਿਚ ਨੀਂਦ ਲੈ ਕੇ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ 10 ਪ੍ਰਤੀਸ਼ਤ ਵੱਧ ਕਿਰਾਇਆ ਵਸੂਲਣ ਦੇ ਸੰਬੰਧ ਵਿਚ ਕੋਈ ਜਾਣਕਾਰੀ ਨਹੀਂ ਮਿਲੀ।
ਇਸ ਤੋਂ ਬਾਅਦ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਰੇਲਵੇ ਦੇ ਬੁਲਾਰੇ ਧਰਮਿੰਦਰ ਜੈ ਨਰਾਇਣ ਨਾਲ ਗੱਲਬਾਤ ਕੀਤੀ। ਉਹਨਾਂ ਨੇ ਗੱਲਬਾਤ ਦੌਰਾਨ ਇਸ ਦਾਅਵੇ ਨੂੰ ਸਾਫ਼ ਤੌਰ 'ਤੇ ਫਰਜ਼ੀ ਦੱਸਿਆ। ਉਹਨਾਂ ਕਿਹਾ ਕਿ ਇਹ ਦਾਅਵਾ ਪਿਛਲੇ ਕਈ ਮਹੀਨਿਆਂ ਤੋਂ ਵਾਇਰਲ ਹੈ ਅਤੇ ਰੇਲਵੇ ਮੰਤਰਾਲੇ ਅਤੇ ਸ਼੍ਰੀ ਤਰੁਣ ਜੈਨ ਨੇ ਵੀ ਅਜਿਹਾ ਕੋਈ ਆਦੇਸ਼ ਨਹੀਂ ਜਾਰੀ ਕੀਤਾ ਹੈ। ਉਹਨਾਂ ਨੇ ਸਾਡੇ ਨਾਲ PIB Fact Check ਦਾ ਟਵੀਟ ਵੀ ਸਾਂਝਾ ਕੀਤਾ ਜਿਸ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
PIB Fact Check ਅਨੁਸਾਰ ਵੀ ਵਾਇਰਲ ਦਾਅਵਾ ਫਰਜ਼ੀ ਹੈ ਅਤੇ ਇਹ ਸਿਰਫ਼ ਰੇਲਵੇ ਬੋਰਡ ਨੂੰ ਸੁਝਾਅ ਦਿੱਤਾ ਗਿਆ ਸੀ। ਰੇਲਵੇ ਮੰਤਰਾਲੇ ਨੇ ਅਜਿਹਾ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਹੈ।
कुछ मीडिया रिपोर्ट्स में दावा किया जा रहा है कि जो यात्री ट्रेन में नींद लेकर सफर करना चाहें, रेलवे उनसे 10% अधिक किराया वसूल सकता है।#PIBFactCheck: यह दावा #भ्रामक है। यह केवल #Railwayboard को दिया गया एक सुझाव था। @RailMinIndia ने ऐसी कोई घोषणा नहीं की है। pic.twitter.com/M4UFasUo6V
— PIB Fact Check (@PIBFactCheck) March 13, 2021
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਰੇਲਵੇ ਦੇ ਬੁਲਾਰੇ ਨੇ ਖ਼ੁਦ ਇਸ ਦਾਅਵੇ ਨੂ ਫਰਜ਼ੀ ਦੱਸਿਆ ਹੈ।
Claim: ਟ੍ਰੇਨ ਵਿਚ ਸੌਣ ਵਾਲਿਆ ਤੋਂ ਭਾਰਤੀ ਰੇਲਵੇ ਦੱਸ ਪ੍ਰਤੀਸ਼ਤ ਵੱਧ ਕਿਰਾਇਆ ਵਸੂਲ ਸਕਦਾ ਹੈ।
Claimed By: Adv G S Shekhpura
Fact Check: ਫਰਜ਼ੀ