
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਤਸਵੀਰ ਦਾ ਕਿਸਾਨੀ ਸੰਘਰਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਇਹ ਤਸਵੀਰ 2013 ਦੀ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਦਿੱਲੀ ਬਾਰਡਰ ‘ਤੇ ਚੱਲ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਗਲਤ ਪ੍ਰਚਾਰ ਜਾਰੀ ਹੈ। ਹੁਣ ਇੱਕ ਪੁਰਾਣੀ ਤਸਵੀਰ ਨੂੰ ਵਾਇਰਲ ਕਰਦੇ ਹੋਏ ਕੁਝ ਲੋਕ ਫਰਜ਼ੀ ਦਾਅਵਾ ਕਰ ਰਹੇ ਹਨ ਕਿ ਖਾਲਿਸਤਾਨ ਨੂੰ ਸਮਰਥਨ ਕਰਦੀ ਇਹ ਤਸਵੀਰ ਕਿਸਾਨ ਸੰਘਰਸ਼ ਦੀ ਹੈ। ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਤਸਵੀਰ ਦਾ ਕਿਸਾਨੀ ਸੰਘਰਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਇਹ ਤਸਵੀਰ 2013 ਦੀ ਹੈ।
ਵਾਇਰਲ ਪੋਸਟ ਦਾ ਦਾਅਵਾ
ਫੇਸਬੁੱਕ ਯੂਜ਼ਰ Chandra Prakash Jangid ਨੇ 1 ਦਸੰਬਰ ਨੂੰ ਤਸਵੀਰ ਅਪਲੋਡ ਕਰਦਿਆਂ ਲਿਖਿਆ: *इनका आंदोलन किसान आंदोलन नही है! इनका मकसद खालिस्तान बनाना!!* *इसके पीछे कहीं न कहीं काँग्रेस और आपिया -गिरगिट है!*
ਸਪੋਕਸਮੈਨ ਦੀ ਪੜਤਾਲ
ਸਪੋਕਸਮੈਨ ਨੇ ਸਭ ਤੋਂ ਪਹਿਲਾਂ ਇਸ ਵਾਇਰਲ ਤਸਵੀਰ ਦਾ ਰਿਵਰਸ ਇਮੇਜ ਟੂਲ ਕੀਤਾ ਤਾਂ ਇਹ ਤਸਵੀਰ ਵੱਖ-ਵੱਖ ਅੰਗਰੇਜ਼ੀ ਵੈੱਬਸਾਈਟਸ 'ਤੇ ਵੱਖਰੀਆਂ ਮਿਤੀਆਂ ਨਾਲ ਅਪਲੋਡ ਕੀਤੀ ਗਈ ਸੀ। ਫਿਰ ਅਸੀਂ Tineye ਟੂਲ ਦੀ ਮਦਦ ਨਾਲ ਇਸ ਦੀ ਅਸਲੀ ਤਸਵੀਰ ਨੂੰ ਲੱਭਿਆ ਤਾਂ ਸਾਨੂੰ ਇਹ ਤਸਵੀਰ gettyimages.in ਦੀ ਵੈੱਬਸਾਈਟ 'ਤੇ ਮਿਲੀ।
ਇਹ ਤਸਵੀਰ 6 ਜੂਨ 2013 ਨੂੰ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਵਿਚ ਕਲਿਕ ਕੀਤੀ ਗਈ ਸੀ ਜਦੋਂ ਸਾਕਾ ਨੀਲਾ ਤਾਰਾ ਦੀ 29ਵੀਂ ਬਰਸੀ ਸੀ। ਇਸ ਤਸਵੀਰ ਨੂੰ AFP ਦੇ ਨਰਿੰਦਰ ਨਾਨੁ (NARINDER NANU/AFP) ਨੇ ਖਿੱਚਿਆ ਸੀ। ਤਸਵੀਰ ਦੇ ਕੈਪਸ਼ਨ ਵਿਚ ਦੱਸਿਆ ਗਿਆ ਕਿ ਸਾਕਾ ਨੀਲਾ ਤਾਰਾ ਦੀ 29ਵੀਂ ਬਰਸੀ ‘ਤੇ ਹਰਮੰਦਿਰ ਸਾਹਿਬ ਵਿਚ ਕਈ ਸੰਗਠਨਾਂ ਨੇ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਖਾਲਿਸਤਾਨ ਦਾ ਸਮਰਥਨ ਕੀਤਾ।
ਇਸ ਤਸਵੀਰ ਬਾਰੇ ਜਦੋਂ ਅਸੀਂ ਸਪੋਕਸਮੈਨ ਦੇ ਪੱਤਰਕਾਰ ਚਰਨਜੀਤ ਅਰੋੜਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਦਾਅਵਾ ਬਿਲਕੁਲ ਫਰਜ਼ੀ ਹੈ। ਇਹ ਤਸਵੀਰ ਸਾਕਾ ਨੀਲਾ ਤਾਰਾ ਦੀ 29ਵੀਂ ਬਰਸੀ ਮੌਕੇ ਦੀ ਹੈ ਅਤੇ ਇਸ ਤਸਵੀਰ ਦਾ ਹਾਲਿਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਨਤੀਜਾ - ਸਪੋਕਮੈਨ ਨੇ ਪੜਤਾਲ ਵਿਚ ਪਾਇਆ ਕਿ 2013 ਦੀ ਤਸਵੀਰ ਨੂੰ ਕਿਸਾਨ ਸੰਘਰਸ਼ ਦੇ ਨਾਂ 'ਤੇ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਸਪੋਕਸਮੈਨ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ।
Claim - ਇੱਕ ਪੁਰਾਣੀ ਤਸਵੀਰ ਨੂੰ ਵਾਇਰਲ ਕਰਦੇ ਹੋਏ ਕੁਝ ਲੋਕ ਫਰਜ਼ੀ ਦਾਅਵਾ ਕਰ ਰਹੇ ਹਨ ਕਿ ਖਾਲਿਸਤਾਨ ਨੂੰ ਸਮਰਥਨ ਕਰਦੀ ਇਹ ਤਸਵੀਰ ਕਿਸਾਨ ਸੰਘਰਸ਼ ਦੀ ਹੈ।
Claimed By - Chandra Prakash Jangid
Fact Check - ਗਲਤ