
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਸਬੰਧੀ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਕੁਝ ਲੋਕ ਬਹਿਸ ਕਰਦੇ ਦਿਖਾਈ ਦੇ ਰਹੇ ਹਨ। ਬਹਿਸ ਦੌਰਾਨ ਪੁਲਿਸ ਕਾਂਸਟੇਬਲ ਗੋਲੀ ਚਲਾ ਦਿੰਦਾ ਹੈ ਤੇ ਗੋਲੀ ਇਕ ਮਹਿਲਾ ਦੇ ਜਾ ਵਜਦੀ ਹੈ। ਵੀਡੀਓ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਨੇ ਮੁਸਲਿਮ ਮਹਿਲਾ ‘ਤੇ ਗੋਲੀ ਚਲਾਈ ਹੈ।
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਸਬੰਧੀ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਕਾਂਸਟੇਬਲ ਨੇ ਗੋਲੀ ਸਵੈ-ਰੱਖਿਆ ਲਈ ਚਲਾਈ ਸੀ। ਇਸ ਘਟਨਾ ਮੌਕੇ ਹਿੰਦੂ ਲੋਕ ਹੀ ਮੌਜੂਦ ਸਨ। ਘਟਨਾ ਨੂੰ ਫਿਰਕੂ ਰੰਗ ਦਿੱਤਾ ਜਾ ਰਿਹਾ ਹੈ।
ਵਾਇਰਲ ਪੋਸਟ ਦਾ ਦਾਅਵਾ
ਫੇਸਬੁੱਕ ਯੂਜ਼ਰ काजल निषाद ਨੇ 20 ਦਸੰਬਰ 2020 ਨੂੰ ਵੀਡੀਓ ਸ਼ੇਅਰ ਕੀਤੀ। ਯੂਜ਼ਰ ਨੇ ਵੀਡੀਓ ਨਾਲ ਕੈਪਸ਼ਨ ਲਿਖਿਆ, ‘दिल्ली पुलिस ने की क्रूरता की हद पार गाड़ी से थोड़ा लगने पर मुस्लिम युवक के माँ पर चला दी गोली!!!’।
Photo
ਰੋਜ਼ਾਨਾ ਸਪੋਕਸਮੈਨ ਦੀ ਪੜਤਾਲ:
ਵੀਡੀਓ ਸਬੰਧੀ ਜਾਂਚ ਲਈ ਸਭ ਤੋਂ ਪਹਿਲਾਂ ਗੂਗਲ ਸਰਚ ਕੀਤਾ ਤਾਂ ਸਾਹਮਣੇ ਆਇਆ ਕਿ ਇਸ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਪੂਰੀ ਜਾਂਚ ਲਈ ਅਸੀਂ ‘police constable fired at Muslim woman’ ਕੀਵਰਡ ਨਾਲ ਯੂਟਿਊਬ ‘ਤੇ ਸਰਚ ਕੀਤਾ। ਨਤੀਜੇ ਵਜੋਂ 10.46 ਮਿੰਟ ਦੀ ਇਕ ਵੀਡੀਓ ਸਾਹਮਣੇ ਆਈ, ਜਿਸ ਦਾ ਟਾਈਟਲ ‘Delhi police constable fired on lady in self defence to save himself from mob sector 16 rohini Delhi’ ਦਿੱਤਾ ਗਿਆ ਸੀ। ਇਹ ਵੀਡੀਓ 28 ਨਵੰਬਰ 2020 ਨੂੰ Must Watch Videos ਨਾਂਅ ਦੇ ਪੇਜ ਤੋਂ ਸਾਂਝੀ ਕੀਤੀ ਗਈ।
ਵੀਡੀਓ ਵਿਚ ਦਿਖਾਈ ਜਾ ਰਹੀ ਘਟਨਾ ਸਬੰਧੀ ਜਾਂਚ ਲਈ ਵੀਡੀਓ ਦੇ ਟਾਈਟਲ ਨਾਲ ਸਰਚ ਕੀਤਾ ਤਾਂ ਕੁਝ ਮੀਡੀਆ ਰਿਪੋਰਟਸ ਸਾਹਮਣੇ ਆਈਆਂ।
ਅਮਰ ਉਜਾਲਾ ਵੱਲੋਂ 26 ਨਵੰਬਰ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਮੁਤਾਬਕ ਭੀੜ ਵੱਲੋਂ ਘੇਰੇ ਜਾਣ ਤੋਂ ਬਾਅਦ ਪੁਲਿਸ ਕਾਂਸਟੇਬਲ ਨੇ ਸਵੈ-ਰੱਖਿਆ ਲਈ ਗੋਲੀ ਚਲਾਈ, ਜਿਸ ਦੌਰਾਨ ਇਕ ਮਹਿਲਾ ਜ਼ਖਮੀ ਹੋ ਗਈ। ਇਸ ਦੌਰਾਨ ਦੋ ਪਰਿਵਾਰ ਪਾਰਕਿੰਗ ਨੂੰ ਲੈ ਕੇ ਬਹਿਸ ਕਰ ਰਹੇ ਸਨ।
ਖ਼ਬਰ ਦੀ ਪੁਸ਼ਟੀ ਲਈ ਰੋਜ਼ਾਨਾ ਸਪੋਕਸਮੈਨ ਨੇ ਰੋਹਿਨੀ ਪੁਲਿਸ ਸਟੇਸ਼ਨ ਦੇ ਡੀਸੀਪੀ ਪ੍ਰਮੋਦ ਕੁਮਾਰ ਮਿਸ਼ਰਾ ਨਾਲ ਸੰਪਰਕ ਕੀਤਾ। ਉਹਨਾਂ ਦੱਸਿਆ ਕਿ ਇਹ ਵੀਡੀਓ ਇਕ ਮਹੀਨੇ ਪੁਰਾਣੀ ਹੈ। ਇਸ ਦੌਰਾਨ ਪਾਰਕਿੰਗ ਨੂੰ ਲੈ ਕੇ ਇਕ ਪਰਿਵਾਰ ਦਾ ਗੁਆਂਢੀਆਂ ਨਾਲ ਵਿਵਾਦ ਹੋਇਆ ਸੀ। ਉਹਨਾਂ ਨੂੰ 75 ਸਾਲਾ ਵਿਅਕਤੀ ਨੇ ਰਾਤ ਨੂੰ ਫੋਨ ਕੀਤਾ ਸੀ।
ਪੁਲਿਸ ਕਾਂਸਟੇਬਲ ਨੇ ਅਪਣੀ ਤੇ ਸੀਨੀਅਰ ਸਿਟੀਜ਼ਨ ਦੀ ਸੁਰੱਖਿਆ ਲਈ ਜ਼ਮੀਨ ‘ਤੇ ਫਾਇਰ ਕੀਤਾ ਸੀ ਪਰ ਗੋਲੀ ਮਹਿਲਾ ਦੇ ਪੈਰ ‘ਤੇ ਜਾ ਲੱਗੀ। ਮਹਿਲਾ ਨੂੰ ਤੁਰੰਤ ਹਸਪਤਾਲ ਵੀ ਲਿਜਾਇਆ ਗਿਆ ਤੇ ਉਸ ਨੂੰ ਕੁਝ ਸਮੇਂ ਬਾਅਦ ਹੀ ਛੁੱਟੀ ਦੇ ਦਿੱਤੀ ਗਈ ਸੀ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਹ ਹਿੰਦੂਆਂ ਦੀ ਕਲੋਨੀ ਸੀ, ਘਟਨਾ ਵਿਚ ਕੋਈ ਮੁਸਲਿਮ ਵਿਅਕਤੀ ਮੌਜੂਦ ਨਹੀਂ ਸੀ। ਮਾਮਲੇ ਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। ਡੀਸੀਪੀ ਪ੍ਰਮੋਧ ਮਿਸ਼ਰਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਦਰਜ ਮਾਮਲੇ ਦੀ ਹੋਰ ਜਾਣਕਾਰੀ ਵੀ ਸਾਂਝੀ ਕੀਤੀ।
Photo
ਇਸ ਤੋਂ ਸਾਫ ਜ਼ਾਹਿਰ ਹੋ ਗਿਆ ਕਿ ਵੀਡੀਓ ਸਬੰਧੀ ਕੀਤਾ ਜਾ ਰਿਹਾ ਦਾਅਵਾ ਬਿਲਕੁਲ ਫਰਜ਼ੀ ਹੈ।
ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਅਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਪੁਲਿਸ ਕਾਂਸਟੇਬਲ ਨੇ ਸਵੈ-ਰੱਖਿਆ ਲਈ ਗੋਲੀ ਚਲਾਈ ਸੀ। ਇਸ ਘਟਨਾ ਵਿਚ ਸ਼ਾਮਲ ਲੋਕ ਮੁਸਲਿਮ ਭਾਈਚਾਰੇ ਨਾਲ ਸਬੰਧਤ ਨਹੀਂ ਹਨ।
Claim – ਦਿੱਲੀ ਪੁਲਿਸ ਨੇ ਮੁਸਲਿਮ ਮਹਿਲਾ ‘ਤੇ ਚਲਾਈ ਗੋਲੀ
Claimed By - काजल निषाद
Fact Check - ਫਰਜ਼ੀ