
ਦਾਲਾਂ ਦਾ ਰਕਬਾ ਅੱਠ ਫ਼ੀ ਸਦੀ ਘਟਿਆ, ਕਪਾਹ ਦੀ ਕਾਸ਼ਤ ਹੇਠਲਾ ਰਕਬਾ ਘਟ ਕੇ 122.99 ਲੱਖ ਹੈਕਟੇਅਰ ਹੋਇਆ
ਨਵੀਂ ਦਿੱਲੀ: ਮੌਜੂਦਾ ਸਾਉਣੀ ਦੇ ਬਿਜਾਈ ਸੀਜ਼ਨ ਵਿਚ ਹੁਣ ਤਕ ਝੋਨੇ ਹੇਠਲਾ ਰਕਬਾ ਕਰੀਬ ਚਾਰ ਫੀ ਸਦੀ ਵਧ ਕੇ 398.08 ਲੱਖ ਹੈਕਟੇਅਰ ਹੋ ਗਿਆ ਹੈ। ਦੂਜੇ ਪਾਸੇ ਦਾਲਾਂ ਹੇਠ ਰਕਬਾ ਅੱਠ ਫੀ ਸਦੀ ਘੱਟ ਹੋਇਆ ਹੈ। ਇਹ ਜਾਣਕਾਰੀ ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਤੋਂ ਮਿਲੀ ਹੈ।
ਪਿਛਲੇ ਸਾਲ ਇਸੇ ਅਰਸੇ ਦੌਰਾਨ ਝੋਨੇ ਹੇਠ ਰਕਬਾ 383.79 ਲੱਖ ਹੈਕਟੇਅਰ ਸੀ।
ਮੰਤਰਾਲੇ ਦੇ ਅੰਕੜਿਆਂ ਅਨੁਸਾਰ ਬਿਹਾਰ ’ਚ ਝੋਨੇ ਦੇ ਰਕਬੇ ’ਚ ਪੰਜ ਲੱਖ ਹੈਕਟੇਅਰ, ਛੱਤੀਸਗੜ੍ਹ ’ਚ (4.66 ਲੱਖ ਹੈਕਟੇਅਰ), ਝਾਰਖੰਡ (1.82 ਲੱਖ ਹੈਕਟੇਅਰ), ਪਛਮੀ ਬੰਗਾਲ (1.56 ਲੱਖ ਹੈਕਟੇਅਰ), ਮੱਧ ਪ੍ਰਦੇਸ਼ (1.48 ਲੱਖ ਹੈਕਟੇਅਰ), ਹਰਿਆਣਾ (1.29 ਲੱਖ ਹੈਕਟੇਅਰ), ਉੱਤਰ ਪ੍ਰਦੇਸ਼ (1.21 ਲੱਖ ਹੈਕਟੇਅਰ), ਤੇਲੰਗਾਨਾ (33,000 ਹੈਕਟੇਅਰ) ਅਤੇ ਪੰਜਾਬ (31,000 ਹੈਕਟੇਅਰ) ਦਾ ਵਾਧਾ ਹੋਇਆ ਹੈ।
ਕਰਨਾਟਕ ’ਚ ਝੋਨੇ ਹੇਠਲਾ ਰਕਬਾ 1.67 ਲੱਖ ਹੈਕਟੇਅਰ ਘਟਿਆ ਹੈ ਅਤੇ ਆਂਧਰਾ ਪ੍ਰਦੇਸ਼ ’ਚ 1.21 ਲੱਖ ਹੈਕਟੇਅਰ ਰਕਬਾ ਘਟਿਆ ਹੈ।
ਸ਼ੁਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦਾਲਾਂ ਦੀ ਕਾਸ਼ਤ ਹੇਠਲਾ ਰਕਬਾ ਇਕ ਸਾਲ ਪਹਿਲਾਂ 130.13 ਲੱਖ ਹੈਕਟੇਅਰ ਤੋਂ ਅੱਠ ਫੀ ਸਦੀ ਘਟ ਕੇ 119.09 ਲੱਖ ਹੈਕਟੇਅਰ ਰਹਿ ਗਿਆ ਹੈ।
ਮੋਟੇ ਅਨਾਜ ਹੇਠ ਰਕਬਾ ਇਕ ਸਾਲ ਪਹਿਲਾਂ 179.13 ਲੱਖ ਹੈਕਟੇਅਰ ਦੇ ਮੁਕਾਬਲੇ 181.06 ਲੱਖ ਹੈਕਟੇਅਰ ਹੋ ਗਿਆ ਹੈ। ਤੇਲ ਬੀਜਾਂ ਦੀ ਬਿਜਾਈ ਵੀ 191.91 ਲੱਖ ਹੈਕਟੇਅਰ ਦੇ ਮੁਕਾਬਲੇ 190.11 ਲੱਖ ਹੈਕਟੇਅਰ 'ਤੇ ਥੋੜ੍ਹੀ ਘੱਟ ਰਹੀ ਹੈ। ਮੂੰਗਫਲੀ ਦੀ ਕਾਸ਼ਤ ਹੇਠਲਾ ਰਕਬਾ 45 ਲੱਖ ਹੈਕਟੇਅਰ ਤੋਂ ਘਟ ਕੇ 43.37 ਲੱਖ ਹੈਕਟੇਅਰ ਰਹਿ ਗਿਆ ਹੈ। ਜਦੋਂ ਕਿ ਸੋਇਆਬੀਨ ਹੇਠ ਰਕਬਾ 123.91 ਲੱਖ ਹੈਕਟੇਅਰ ਤੋਂ ਵਧ ਕੇ 125.13 ਲੱਖ ਹੈਕਟੇਅਰ ਹੋ ਗਿਆ ਹੈ।
ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕਪਾਹ ਦੀ ਕਾਸ਼ਤ ਹੇਠਲਾ ਰਕਬਾ ਪਹਿਲਾਂ ਦੇ 125.63 ਲੱਖ ਹੈਕਟੇਅਰ ਤੋਂ ਘਟ ਕੇ 122.99 ਲੱਖ ਹੈਕਟੇਅਰ ਰਹਿ ਗਿਆ ਹੈ।
ਹਾਲਾਂਕਿ ਗੰਨੇ ਹੇਠ ਰਕਬਾ ਵਧ ਕੇ 59.91 ਲੱਖ ਹੈਕਟੇਅਰ ਹੋ ਗਿਆ ਹੈ ਜੋ ਇਕ ਸਾਲ ਪਹਿਲਾਂ ਦੀ ਮਿਆਦ ਵਿਚ 55.65 ਲੱਖ ਹੈਕਟੇਅਰ ਸੀ।
ਮੌਜੂਦਾ ਸਾਉਣੀ (ਗਰਮੀ ਦੀ ਬਿਜਾਈ) ਸੀਜ਼ਨ ’ਚ ਖੇਤੀ ਅਧੀਨ ਕੁੱਲ ਰਕਬਾ 1,073.22 ਲੱਖ ਹੈਕਟੇਅਰ ਤੋਂ ਵਧ ਕੇ 1,077.82 ਲੱਖ ਹੈਕਟੇਅਰ ਹੋ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਦੇਸ਼ ’ਚ ਅਗਸਤ ਮਹੀਨੇ ’ਚ 1901 ਤੋਂ ਬਾਅਦ ਸਭ ਤੋਂ ਘੱਟ ਮੀਂਹ ਪਿਆ ਹੈ। ਹਾਲਾਂਕਿ, ਦਖਣ-ਪਛਮੀ ਮਾਨਸੂਨ ਦੇ ਹਫਤੇ ਦੇ ਅੰਤ ’ਚ ਮੁੜ ਸਰਗਰਮ ਹੋਣ ਦੀ ਉਮੀਦ ਹੈ, ਜਿਸ ਨਾਲ ਦੇਸ਼ ਦੇ ਮੱਧ ਅਤੇ ਦਖਣੀ ਹਿੱਸਿਆਂ ’ਚ ਮੀਂਹ ਪਵੇਗਾ।