ਗੁਲਾਬ ਫੁੱਲ ਹੋਣ ਦੇ ਨਾਲ-ਨਾਲ ਇਕ ਜੜੀ ਬੂਟੀ ਵੀ ਹੈ। ਗੁਲਾਬ ਦਾ ਇਨਸਾਨੀ ਜੀਵਨ ਵਿਚ ਇਕ ਖ਼ਾਸ ਮਹੱਤਵ ਹੈ।
ਮੁਹਾਲੀ : ਗੁਲਾਬ ਦੇ ਫੁੱਲ ਨੂੰ ਫੁੱਲਾਂ ਦਾ ਰਾਜਾ ਮੰਨਿਆ ਜਾਂਦਾ ਹੈ। ਗੁਲਾਬ ਫੁੱਲ ਹੋਣ ਦੇ ਨਾਲ-ਨਾਲ ਇਕ ਜੜੀ ਬੂਟੀ ਵੀ ਹੈ। ਗੁਲਾਬ ਦਾ ਇਨਸਾਨੀ ਜੀਵਨ ਵਿਚ ਇਕ ਖ਼ਾਸ ਮਹੱਤਵ ਹੈ। ਮਿੱਠੀ ਖ਼ੁਸ਼ਬੂ ਤੋਂ ਇਲਾਵਾ ਗੁਲਾਬ ਦਾ ਫੁੱਲ ਸਾਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦਾ ਹੈ। ਗੁਲਾਬ ਜਲ, ਗੁਲਾਬ ਦੇ ਫੁੱਲ ਅਤੇ ਗੁਲਾਬ ਦੇ ਅਰਕ ਨਾਲ ਕਈ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਗੁਲਾਬ ਫੁੱਲਾਂ ਵਿਚੋਂ ਸੱਭ ਤੋਂ ਮਹੱਤਵਪੂਰਨ ਫੁੱਲ ਹੈ। ਇਹ ਲਗਭਗ ਹਰ ਤਰ੍ਹਾਂ ਦੇ ਮੌਕਿਆਂ ’ਤੇ ਵਰਤਿਆ ਜਾਂਦਾ ਹੈ।
ਗੁਲਾਬ ਦੇ ਫੁੱਲ ਆਕਾਰ ਅਤੇ ਰੰਗਾਂ ਵਿਚ ਭਿੰਨ ਦਿਖਾਈ ਦਿੰਦੇ ਹਨ ਅਤੇ ਵੱਖ-ਵੱਖ ਰੰਗਾਂ (ਚਿੱਟੇ ਤੋਂ ਲਾਲ ਜਾਂ ਬਹੁਰੰਗੇ) ਵਿਚ ਮਿਲ ਜਾਂਦੇ ਹਨ। ਗੁਲਾਬ ਦਾ ਮੂਲ ਸਥਾਨ ਮੁੱਖ ਤੌਰ ’ਤੇ ਏਸ਼ੀਆ ਹੈ ਪਰ ਇਸ ਦੀਆਂ ਕੁੱਝ ਕਿਸਮਾਂ ਯੂਰਪ, ਅਮਰੀਕਾ ਅਤੇ ਅਫ਼ਰੀਕਾ ਦੀਆਂ ਵੀ ਹਨ। ਗੁਲਾਬ ਦੀਆਂ ਪੱਤੀਆਂ ਤੋਂ ਬਹੁਤ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਹਨ, ਜਿਨ੍ਹਾਂ ਦੀ ਵਰਤੋਂ ਤਣਾਅ ਜਾਂ ਚਮੜੀ ਦੇ ਰੋਗਾਂ ਦੂਰ ਕਰਨ ਲਈ ਕੀਤੀ ਜਾਂਦੀ ਹੈ। ਭਾਰਤ ਵਿਚ ਗੁਲਾਬ ਕਰਨਾਟਕਾ, ਤਾਮਿਲਨਾਡੂ, ਮਹਾਰਾਸ਼ਟਰ, ਬਿਹਾਰ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਗੁਜਰਾਤ, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਿਚ ਉਗਾਇਆ ਜਾਂਦਾ ਹੈ।
ਅੱਜ-ਕੱਲ ਗ੍ਰੀਨ ਹਾਊਸ ਵਾਲੀ ਖੇਤੀ ਜ਼ਿਆਦਾ ਮਸ਼ਹੂਰ ਹੋ ਰਹੀ ਹੈ ਅਤੇ ਗੁਲਾਬ ਦੀ ਖੇਤੀ ਗ੍ਰੀਨ ਹਾਊਸ ਦੁਆਰਾ ਕਰਨ ਨਾਲ ਇਸ ਦੇ ਫੁੱਲਾਂ ਦੀ ਕੁਆਲਿਟੀ ਖੁਲ੍ਹੇ ਖੇਤ ਵਿਚ ਕੀਤੀ ਖੇਤੀ ਤੋਂ ਵਧੀਆ ਹੁੰਦੀ ਹੈ। ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਅਤੇ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਗੁਲਾਬ ਦੀ ਖੇਤੀ ਲਈ ਅਨੁਕੂਲ ਹੈ। ਵਧੀਆ ਵਿਕਾਸ ਲਈ ਮਿੱਟੀ ਦਾ 6 ਤੋਂ 7.5 ਹੋਣਾ ਚਾਹੀਦਾ ਹੈ। ਇਹ ਪਾਣੀ ਦੀ ਖੜੋਤ ਨੂੰ ਨਹੀਂ ਸਹਾਰ ਸਕਦੀ। ਇਸ ਲਈ ਨਿਕਾਸ ਪ੍ਰਬੰਧ ਵਧੀਆ ਬਣਾਉ ਅਤੇ ਬੇਲੋੜਾ ਪਾਣੀ ਕੱਢ ਦਿਉ। ਜ਼ਮੀਨ ਨੂੰ ਨਰਮ ਕਰਨ ਲਈ ਵਹਾਈ ਅਤੇ ਗੋਡੀ ਕਰੋ। ਬਿਜਾਈ ਤੋਂ 4-6 ਹਫ਼ਤੇ ਪਹਿਲਾਂ ਬੈੱਡ ਬਣਾਉ। ਬੈੱਡ ਬਣਾਉਣ ਸਮੇਂ ਮਿੱਟੀ ਵਿਚ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਪਾਉ। ਬੈੱਡ ਇਕਸਾਰ ਬਣਾਉਣ ਲਈ ਉਨ੍ਹਾਂ ਨੂੰ ਪੱਧਰਾ ਕਰੋ ਅਤੇ ਬੈੱਡਾਂ ਉਤੇ ਬੀਜੇ ਗੁਲਾਬ ਟੋਇਆਂ ਵਿਚ ਬੀਜੇ ਗੁਲਾਬਾਂ ਨਾਲੋਂ ਵੱਧ ਮੁਨਾਫ਼ੇ ਵਾਲੇ ਹੁੰਦੇ ਹਨ। ਉਤਰੀ ਭਾਰਤ ਵਿਚ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ। ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਉ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ।
ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉਗਦਾ ਹੈ। ਬੈੱਡਾਂ ਉਤੇ 30 ਸੈ.ਮੀ. ਵਿਆਸ ਅਤੇ 30 ਸੈ.ਮੀ. ਡੂੰਘੇ ਟੋਏ ਪੁੱਟ ਕੇ 75 ਸੈ.ਮੀ. ਦੇ ਫਾਸਲੇ ’ਤੇ ਪੌਦਿਆਂ ਦੀ ਬਿਜਾਈ ਕਰੋ। ਦੋ ਪੌਦਿਆਂ ਵਿਚਕਾਰ ਫਾਸਲਾ ਗੁਲਾਬ ਦੀ ਕਿਸਮ ’ਤੇ ਨਿਰਭਰ ਕਰਦਾ ਹੈ। ਬੀਜ ਨੂੰ 2-3 ਸੈ.ਮੀ. ਡੂੰਘਾਈ ’ਤੇ ਬੀਜੋ। ਇਸ ਦੀ ਬਿਜਾਈ ਸਿੱਧੀ ਜਾਂ ਪਿਉਂਦ ਲਾ ਕੇ ਕੀਤੀ ਜਾਂਦੀ ਹੈ। ਗ੍ਰੀਨ-ਹਾਊਸ ਵਿਚ, ਗੁਲਾਬ ਕਤਾਰਾਂ ਵਿਚ ਬੀਜੇ ਜਾਂਦੇ ਹਨ ਅਤੇ ਪੌਦਿਆਂ ਦੀ ਘਣਤਾ 7-14 ਪੌਦੇ ਪ੍ਰਤੀ ਵਰਗ ਮੀਟਰ ਹੋਣੀ ਚਾਹੀਦੀ ਹੈ।