
ਰਹਿੰਦੀਆਂ ਮੰਗਾਂ 'ਤੇ ਹੋਵੇਗੀ ਚਰਚਾ
ਚੰਡੀਗੜ੍ਹ - ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਮਹੀਨਾਵਾਰ ਮੀਟਿੰਗ ਦਾਣਾ ਮੰਡੀ ਟਾਂਡਾ ਵਿਚ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਸਕੱਤਰ ਕੋਰ ਕਮੇਟੀ ਪੰਜਾਬ ਸਤਪਾਲ ਸਿੰਘ ਮਿਰਜ਼ਾਪੁਰ ਨੇ ਪਹੁੰਚ ਕੇ ਕਿਸਾਨੀ ਮਸਲਿਆਂ 'ਤੇ ਚਰਚਾ ਕੀਤੀ ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ।
ਇਸ ਮੌਕੇ ਕਿਸਾਨਾਂ ਨੂੰ ਲਾਮਬੰਦ ਕਰਦੇ ਹੋਏ ਜੰਗਵੀਰ ਚੌਹਾਨ ਨੇ ਦੱਸਿਆ ਕਿ 26 ਨਵੰਬਰ ਨੂੰ ਜੋ ਇਤਿਹਾਸਕ ਇਕੱਠ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਹੋਇਆ, ਉਸ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਭਰਮ ਭੁਲੇਖਾ ਦੂਰ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਹ ਰੈਲੀ ਉਨ੍ਹਾਂ ਲੋਕਾਂ ਲਈ ਜਵਾਬ ਸੀ ਜੋ ਕਹਿੰਦੇ ਸਨ ਕਿ ਹੁਣ ਕਿਸਾਨ ਜਥੇਬੰਦੀਆਂ ਨਾਲੋਂ ਲੋਕ ਟੁੱਟ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਜੋ ਮੰਗ ਪੱਤਰ ਸੌਂਪਿਆ ਗਿਆ ਹੈ ਅਤੇ ਰਹਿੰਦੀਆਂ ਮੰਗਾਂ 'ਤੇ ਚਰਚਾ ਕਰਨ ਲਈ 8 ਦਸੰਬਰ ਨੂੰ ਕਰਨਾਲ ਵਿਚ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਮੀਟਿੰਗ ਬੁਲਾਈ ਹੈ। ਜਿਸ ਵਿਚ ਚਰਚਾ ਕਰਕੇ ਅਗਲੇ ਅੰਦੋਲਨ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਹਮੇਸ਼ਾ ਵਾਅਦਾ ਖ਼ਿਲਾਫ਼ੀ ਕਰਦੀ ਰਹੀ ਹੈ। ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਲੋਕਾਂ ਨੂੰ ਅਪੀਲ ਕਰਦੇ ਹੋਏ ਆਗੂਆਂ ਨੇ ਜਥੇਬੰਦੀ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਵੱਲੋਂ ਸਰਕਾਰ ਨੂੰ ਫਸਲਾਂ ਦੇ ਨੁਕਸਾਨ ਅਤੇ ਹਾਦਸਿਆਂ ਦਾ ਕਾਰਨ ਬਣਨ ਵਾਲੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਪਰ ਸਰਕਾਰ ਇਸ ਵੱਲ ਕੋਈ ਸੰਜੀਦਾ ਉੱਦਮ ਨਹੀਂ ਕਰ ਰਹੀ ਹੈ।