
ਆਪਣੇ ਹੱਕਾਂ ਦੀ ਲੜਾਈ ਕਾਨੂੰਨੀ ਪੱਧਰ 'ਤੇ ਲੜਨ ਦੀ ਤਿਆਰੀ 'ਚ ਕਿਸਾਨ
ਮਾਨਸਾ- ਖੇਤੀ ਆਰਡੀਨੈਂਸ ਪਾਸ ਹੋਣ ਤੋਂ ਬਾਅਦ ਕਿਸਾਨ ਲਗਾਤਾਰ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਵੱਲੋਂ ਅੱਜ ਵੀ ਮਾਨਸਾ ਵਿਚ ਰੇਲ ਪੱਟੜੀਆਂ 'ਤੇ ਧਰਨਾ ਲਗਾਇਆ ਗਿਆ ਹੈ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਸੰਘਰਸ਼ ਦੇ ਨਾਲ-ਨਾਲ ਲੋਕਾਂ ਨੂੰ ਗ੍ਰਾਮ ਸਭਾਵਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
Gram Sabha and Gram Panchayat
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਗ੍ਰਾਮ ਸਭਾਵਾਂ ਰਾਂਹੀ ਖੇਤੀ ਕਾਨੂੰਨ ਨੂੰ ਰੱਦ ਕਰਨ ਲਈ ਮਤੇ ਪਾ ਕੇ ਰਾਸ਼ਟਰਪਤੀ ਕੋਲ ਭੇਜੇ ਜਾਣਗੇ। ਉਹਨਾਂ ਕਿਹਾ ਕਿ ਗ੍ਰਾਮ ਸਭਾਵਾਂ ਗ੍ਰਾਮ ਪੰਚਾਇਤਾਂ ਤੋਂ ਉੱਪਰ ਹੁੰਦੀਆਂ ਹਨ। ਗ੍ਰਾਮ ਸਭਾਵਾਂ ਵੱਲੋਂ ਮਤੇ ਪਾਉਣ ਦੀ ਮੁਹਿੰਮ ਵੱਡੇ ਪੱਧਰ 'ਤੇ ਚੱਲ ਰਹੀ ਹੈ।
Farmer Protest
ਜਿਹੜੇ ਪਿੰਡਾਂ ਦੇ ਲੋਕਾਂ ਨੇ ਗ੍ਰਾਮ ਸਭਾਵਾਂ ਵੱਲੋਂ ਮਤੇ ਨਹੀਂ ਪਾਸ ਕੀਤੇ ਉਹ ਵੀ ਜਲਦ ਮਤੇ ਪਾਸ ਕਰਨ ਤਾਂ ਜੋ ਆਪਣੇ ਹੱਕਾਂ ਦੀ ਲੜਾਈ ਕਾਨੂੰਨੀ ਪੱਧਰ 'ਤੇ ਵੀ ਲੜੀ ਜਾ ਸਕੇ। ਜ਼ਿਕਰਯੋਗ ਹੈ ਕਿ ਜਦੋਂ ਤੋਂ ਖੇਤੀ ਕਾਨੂੰਨ ਪਾਸ ਹੋਏ ਹਨ ਕਿਸਾਨ ਉਦੋਂ ਤੋਂ ਹੀ ਸੜਕਾਂ 'ਤੇ ਹਨ ਤੇ ਲਗਾਤਾਰ ਰੇਲ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ।
Farmers Ptotest
ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੀਆਂ 31 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ 3 ਖੇਤੀ-ਕਾਨੂੰਨਾਂ ਅਤੇ ਬਿਜਲੀ ਸੋਧ ਐਕਟ ਖ਼ਿਲਾਫ਼ ਕੱਲ੍ਹ ਤੋਂ ਅਣਮਿੱਥੇ ਸਮੇਂ ਤੱਕ ਰੇਲ-ਰੋਕੋ ਅੰਦਲੋਨ ਸ਼ੁਰੂ ਕੀਤਾ ਗਿਆ ਹੈ। ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਉੱਤਰ-ਦੱਖਣ-ਪੂਰਬ ਪੱਛਮ ਕਿਸੇ ਪਾਸਿਓਂ ਵੀ ਰੇਲਾਂ ਦਾ ਦਾਖ਼ਲਾ ਨਹੀਂ ਹੋਣ ਦਿੱਤਾ ਜਾਵੇਗਾ।
Farmer Protest
ਪਿੰਡਾਂ ਦੀਆਂ ਇਕਾਈਆਂ ਵੱਲੋਂ ਲੰਗਰ ਲਈ ਘਰੋ-ਘਰੀਂ ਰਸਦ ਇਕੱਠੀ ਕੀਤੀ ਗਈ ਹੈ। ਨੁੱਕੜ-ਨਾਟਕਾਂ, ਸੰਗੀਤ-ਮੰਡਲੀਆਂ ਅਤੇ ਵਹੀਕਲ-ਮਾਰਚਾਂ ਰਾਹੀਂ ਪ੍ਰਚਾਰ ਕਰਦਿਆਂ ਲੋਕਾਂ ਨੂੰ ਅੰਦੋਲਨ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਹੈ। ਜਥੇਬੰਦੀਆਂ ਨੇ ਭਾਜਪਾ ਅਤੇ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ ਹੈ।