
ਇਸ ਦੌਰਾਨ ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਸੀਂ ਪਹਿਲਾਂ ਵੀ ਡਟੇ ਸੀ, ਅੱਜ ਵੀ ਡਟੇ ਹਾਂ ਅਤੇ ਮੰਗਾਂ ਪੂਰੀਆਂ ਹੋਣ ਤੱਕ ਡਟੇ ਰਹਾਂਗੇ।
ਨਵੀਂ ਦਿੱਲੀ: ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਸਿੰਘੂ ਬਾਰਡਰ ’ਤੇ ਕੇਂਦਰ ਸਰਕਾਰ ਖ਼ਿਲਾਫ਼ ਟਰੈਕਟਰ ਮਾਰਚ ਕੱਢ ਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਕੀ ਰਹਿੰਦੀਆਂ ਮੰਗਾਂ ਪੂਰੀਆਂ ਕਰਨ ਅਤੇ ਜੇਲ੍ਹਾਂ ਵਿਚ ਬੰਦ ਰਾਜਸੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਸੀਂ ਪਹਿਲਾਂ ਵੀ ਡਟੇ ਸੀ, ਅੱਜ ਵੀ ਡਟੇ ਹਾਂ ਅਤੇ ਮੰਗਾਂ ਪੂਰੀਆਂ ਹੋਣ ਤੱਕ ਡਟੇ ਰਹਾਂਗੇ।
Tractor march by Kirti Kisan Union
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਟਰੈਕਟਰ ਮਾਰਚ ਦੀ ਅਗਵਾਈ ਕਰਦਿਆਂ ਕਿਹਾ ਕਿ ਪੀਐਮ ਮੋਦੀ ਨੇ ਕਾਨੂੰਨ ਰੱਦ ਕਰਨ ਦਾ ਇਕ ਤਰਫਾ ਐਲਾਨ ਕਰਕੇ ਸਮਝਿਆ ਸੀ ਕਿ ਬਾਕੀ ਮੰਗਾਂ ਪੂਰੀਆਂ ਕਰਵਾਏ ਬਿਨ੍ਹਾਂ ਹੀ ਕਿਸਾਨ ਵਾਪਸ ਚਲੇ ਜਾਣਗੇ ਪਰ ਇਹ ਕਿਸਾਨ ਪਿਛਲੇ ਇਕ ਸਾਲ ਤੋਂ ਦ੍ਰਿੜ੍ਹ ਇਰਾਦੇ ਨਾਲ ਬੈਠੇ ਹਨ।
Tractor march by Kirti Kisan Union
ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ 700 ਦੇ ਕਰੀਬ ਸਾਥੀਆਂ ਦੀਆਂ ਸ਼ਹੀਦੀਆਂ ਵੀ ਯਾਦ ਅਤੇ ਜੋ ਇਸ ਅੰਦੋਲਨ ਦੌਰਾਨ ਕਿਸਾਨਾਂ ਤੇ ਵੱਖ ਵੱਖ ਸੂਬਿਆਂ ਵਿਚ ਤਸ਼ੱਦਦ ਹੋਇਆ ਉਹ ਵੀ ਯਾਦ ਹੈ। ਉਹਨਾਂ ਕਿਹਾ ਕਿਸਾਨਾਂ ਖਿਲਾਫ਼ ਦਰਜ ਪੁਲਿਸ ਕੇਸ ਆਦਿ ਮਾਮਲੇ ਬਾਕੀ ਹਨ, ਇਸ ਕਰਕੇ ਹਾਲੇ ਅੰਦੋਲਨ ਜਾਰੀ ਹੈ।
ਆਗੂਆਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਜਦੋਂ ਤੱਕ ਸੰਯੁਕਤ ਕਿਸਾਨ ਮੋਰਚੇ ਦੀ ਸਰਕਾਰ ਨਾਲ ਮੰਗਾਂ ਸਬੰਧੀ ਕੋਈ ਸਹਿਮਤੀ ਨਹੀਂ ਬਣ ਜਾਂਦੀ ਉਦੋਂ ਤੱਕ ਮੋਰਚਿਆਂ ’ਤੇ ਡਟੇ ਰਹਿਣ ਅਤੇ ਪੰਜਾਬ ਵਿਚੋਂ ਵੀ ਜਥੇ ਪਹਿਲਾਂ ਦੀ ਤਰ੍ਹਾਂ ਆਉਣੇ ਜਾਰੀ ਰੱਖੇ ਜਾਣ।
Tractor march by Kirti Kisan Union
ਟਰੈਕਟਰ ਮਾਰਚ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸਤਬੀਰ ਸਿੰਘ ਸੁਲਤਾਨੀ, ਸੰਤੋਖ ਸਿੰਘ ਸੰਧੂ ,ਸੂਬਾ ਆਗੂ ਸੁਰਿੰਦਰ ਸਿੰਘ ਬੈਂਸ, ਬਲਵਿੰਦਰ ਸਿੰਘ ਭੁੱਲਰ, ਬਲਵਿੰਦਰ ਸਿੰਘ ਕੋਠੇ ਪੋਨੇ, ਯੂਥ ਵਿੰਗ ਦੇ ਆਗੂ ਤਰਪ੍ਰੀਤ ਸਿੰਘ ਉੱਪਲ, ਬਲਕਰਨ ਸਿੰਘ ਵੈਰੋਕੇ, ਬੂਟਾ ਸਿੰਘ ਸ਼ਾਦੀਪੁਰ, ਗੋਰਾ ਸਿੰਘ ਰਾਜੇਆਣਾ, ਸੁਰਿੰਦਰ ਸਿੰਘ ਛਿੰਦਾ ਲੌਂਗੋਵਾਲ , ਸਤਨਾਮ ਸਿੰਘ ਝੰਡੇਰ ਹਾਜ਼ਰ ਸਨ ।