
'ਸ੍ਰੀ ਮੁਕਤਸਰ ਸਾਹਿਬ 'ਚ 1 ਲੱਖ ਏਕੜ ਅਤੇ ਫਾਜ਼ਿਲਕਾ 'ਚ 40 ਹਜ਼ਾਰ ਏਕੜ ਦੇ ਕਰੀਬ ਫ਼ਸਲਾਂ ਪਾਣੀ 'ਚ ਡੁੱਬੀਆਂ'
ਪ੍ਰਦੂਸ਼ਿਤ ਪਾਣੀ ਬਣ ਰਿਹਾ ਹੈ ਕਈ ਜਾਨਲੇਵਾ ਬਿਮਾਰੀਆਂ ਦਾ ਸਬੱਬ
ਨਵੀਂ ਦਿੱਲੀ : ਪੰਜਾਬ 'ਚ ਪਏ ਭਾਰੀ ਮੀਂਹ ਨੇ ਸੂਬੇ ਦੇ ਮਾਲਵਾ ਖੇਤਰ 'ਚ ਵੱਡੀ ਸਮੱਸਿਆ ਪੈਦਾ ਕੀਤੀ ਹੋਈ ਹੈ। ਸਿਰਫ ਕਿਸਾਨਾਂ ਦੀਆਂ ਫ਼ਸਲਾਂ ਹੀ ਨਹੀਂ ਸਗੋਂ ਕਈ ਘਰ ਵੀ ਨੁਕਸਾਨੇ ਗਏ ਹਨ। ਇਸ ਸਾਰੇ ਮਸਲੇ ਤੋਂ ਜਾਣੂੰ ਕਰਵਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ 'ਚ ਮੁੱਦਾ ਚੁੱਕਿਆ। ਇਸ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਲਵਾ ਖੇਤਰ ਦੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ 'ਚ ਪਏ ਭਾਰੀ ਮੀਂਹ ਕਾਰਨ ਬਹੁਤ ਨੁਕਸਾਨ ਹੋਇਆ ਹੈ, ਪਿੰਡਾਂ 'ਚ ਪਾਣੀ ਭਰਿਆ ਹੋਇਆ ਹੈ ਜਿਸ ਕਾਰਨ ਲੋਕ ਬੇਸਹਾਰਾ ਹੋ ਗਏ ਹਨ।
MP Sant Balbir Singh Seechewal
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਦਨ ਵਿਚ ਦੱਸਿਆ ਕਿ 23 ਜੁਲਾਈ ਨੂੰ ਮੀਂਹ ਪ੍ਰਭਾਵਿਤ 4 ਪਿੰਡਾਂ ਦਾ ਦੌਰਾ ਕੀਤਾ ਸੀ ਜਿੱਥੇ ਪਤਾ ਲੱਗਾ ਕਿ ਨਰਮੇ ਅਤੇ ਝੋਨੇ ਦੀਆਂ ਫ਼ਸਲਾ ਮੀਂਹ ਕਾਰਨ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਮੁਤਾਬਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ 1 ਲੱਖ ਏਕੜ ਅਤੇ ਫਾਜ਼ਿਲਕਾ 'ਚ 40 ਹਜ਼ਾਰ ਏਕੜ ਦੇ ਕਰੀਬ ਫ਼ਸਲਾ ਪਾਣੀ 'ਚ ਡੁੱਬ ਗਈਆਂ ਹਨ। ਉਨ੍ਹਾਂ ਕਿਹਾ ਕਿ ਹਾਲਾਤ ਇੰਨੇ ਮਾੜੇ ਹਨ ਕਿ ਲੋਕਾਂ ਦੇ ਸਿਰ ਕਰਜ਼ਾ ਚੜ੍ਹਿਆ ਹੋਇਆ ਹੈ ਅਤੇ 4 ਸਾਲ ਹੋ ਗਏ ਕਿਸਾਨਾਂ ਦੀਆਂ ਫ਼ਸਲਾਂ ਸਹੀ ਤਰੀਕੇ ਨਾਲ ਨਹੀਂ ਹੋਈਆਂ। ਸੰਤ ਸੀਚੇਵਾਲ ਨੇ ਕਿਹਾ ਕਿ ਫਾਜ਼ਿਲਕਾ ਸਰਹੱਦੀ ਖੇਤਰ ਹੈ ਜਿਸ ਨਾਲ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ।
MP Sant Balbir Singh Seechewal
ਉੱਥੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਭਾਰੀ ਮੀਂਹ ਤੋਂ ਬਾਅਦ ਜਦੋਂ ਪਾਣੀ ਦਾ ਪੱਧਰ ਵਧ ਜਾਂਦਾ ਹੈ ਉਸ ਨੂੰ ਅੱਗੇ ਕੱਢਣ ਦਾ ਕੋਈ ਉਪਰਾਲਾ ਨਹੀਂ ਹੈ ਕਿਉਂਕਿ ਪਾਕਿਸਤਾਨ ਵਾਲੇ ਪਾਸੇ ਬੰਨ੍ਹ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਹਾਲਾਤ ਬਹੁਤ ਮਾੜੇ ਹਨ ਕਿਉਂਕਿ ਉੱਥੇ ਦਾ ਪਾਣੀ ਪ੍ਰਦੂਸ਼ਿਤ ਹੈ, ਜਿਸ ਕਾਰਨ ਕਈ ਜਾਨਲੇਵਾ ਬੀਮਾਰੀਆਂ ਦਾ ਡਰ ਪੈਦਾ ਹੋ ਗਿਆ ਹੈ।
MP Sant Balbir Singh Seechewal
ਅੱਗੇ ਬੋਲਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਇਲਾਕਿਆਂ ਵਿਚ ਦਿਵਿਆਂਗ ਬੱਚੇ ਪੈਦਾ ਹੋ ਰਹੇ ਹਨ ਜੋ ਕਿ ਇਕ ਵੱਡੀ ਸਮੱਸਿਆ ਹੈ। ਸੰਤ ਸੀਚੇਵਾਲ ਨੇ ਅਪੀਲ ਕਰਦਿਆਂ ਕਿਹਾ ਕਿ ਉਸ ਖੇਤਰ ਵਿੱਚ ਪਾਕਿਸਤਾਨ ਵਾਲੇ ਪਾਸੇ ਬਣੇ ਬੰਨ੍ਹ ਨੂੰ ਖੋਲਿਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਦੇ ਨਾਲ ਹੀ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
MP Sant Balbir Singh Seechewal
ਉਨ੍ਹਾਂ ਕਿਹਾ ਕਿ ਸੇਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਿਰਫ਼ ਸੂਬਾ ਸਰਕਾਰ ਹੀ ਨਹੀਂ ਸਗੋਂ ਕੇਂਦਰ ਸਰਕਾਰ ਵੀ ਪੂਰਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨ ਕਈ ਵਾਰ ਖ਼ੁਦਕੁਸ਼ੀ ਕਰਨ ਦਾ ਰਾਹ ਆਪਣਾ ਲੈਂਦੇ ਹਨ, ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਮਾਲਵਾ ਖੇਤਰ ਦੇ ਮੀਂਹ ਪ੍ਰਭਾਵਿਤ ਪਿੰਡਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਲੋਕ ਰਾਹਤ ਮਹਿਸੂਸ ਕਰ ਸਕਣ।