
ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨੀ ਦੇ ਚਲਦੇ ਕਿਸਾਨ ਨੇ ਨਿਗਲੀ ਜ਼ਹਿਰੀਲੀ ਚੀਜ਼
ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ
ਸਮਾਣਾ : ਆੜ੍ਹਤੀਏ ਨਾਲ ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਕਿਸਾਨ ਨੇ ਖ਼ੌਫਨਾਕ ਕਦਮ ਚੁੱਕਦਿਆਂ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬੁਜਰਕ ਦੇ ਕਿਸਾਨ ਬਿੱਕਰ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਵੀ ਦਿਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ਸਲ ਦੀ ਵਿਕਰੀ ਤੋਂ ਬਾਅਦ 2 ਲੱਖ 70 ਹਜ਼ਾਰ ਰੁਪਏ ਦੀ ਰਕਮ ਕਿਸਾਨ ਬਿੱਕਰ ਸਿੰਘ ਨੇ ਆਪਣੇ ਖਾਤੇ ਵਿਚੋਂ ਕਢਵਾਈ ਸੀ।
ਜਿਸ 'ਤੇ ਉਨ੍ਹਾਂ ਦੇ ਆੜ੍ਹਤੀਏ ਜੋਲੀ ਅਤੇ ਗੁਰਜੰਟ ਸਿੰਘ ਨੇ ਦਾਅਵਾ ਕੀਤਾ ਕਿ ਉਕਤ ਕਢਵਾਏ ਗਏ ਪੈਸੇ ਉਨ੍ਹਾਂ ਦੇ ਹਨ। ਉਨ੍ਹਾਂ ਦੋਹਾਂ ਨੇ ਕਿਸਾਨ 'ਤੇ ਦਬਾਅ ਬਣਾਇਆ ਕਿ ਪੈਸੇ ਉਨ੍ਹਾਂ ਨੂੰ ਵਾਪਸ ਮੋੜੇ ਜਾਣ। ਪਰਿਵਾਰ ਅਨੁਸਾਰ ਆੜ੍ਹਤੀ ਨੇ ਧਮਕੀ ਦਿਤੀ ਕੇ ਪੈਸੇ ਨਾ ਮੋੜਨ ਦੀ ਸੂਰਤ ਵਿਚ ਉਹ ਕਿਸਾਨ 'ਤੇ ਮਾਮਲਾ ਵੀ ਦਰਜ ਕਰਵਾਉਣਗੇ। ਇਸ ਸਥਿਤੀ ਵਿਚ ਕਿਸਾਨ ਬਿੱਕਰ ਸਿੰਘ ਕਾਫੀ ਪ੍ਰੇਸ਼ਾਨ ਸੀ, ਜਿਸ ਦੇ ਚਲਦੇ ਉਸ ਨੇ 20 ਨਵੰਬਰ ਨੂੰ ਜ਼ਹਿਰੀਲੀ ਦਵਾਈ ਨਿਗਲ ਲਈ। ਹਾਲਤ ਵਿਗੜਨ 'ਤੇ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ ਹੈ।
ਉਧਰ ਆੜ੍ਹਤੀਏ ਪੱਖ ਵਲੋਂ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਕੋਲੋਂ ਗਲਤੀ ਨਾਲ ਬਿੱਕਰ ਸਿੰਘ ਦੇ ਖਾਤੇ ਵਿਚ ਪੈਸੇ ਪੈ ਗਏ ਸਨ ਜੋ ਉਨ੍ਹਾਂ ਨੇ ਵਾਪਸ ਮੰਗੇ। ਬਿੱਕਰ ਸਿੰਘ ਨੇ ਮੰਨਿਆ ਕਿ ਉਨ੍ਹਾਂ ਪੈਸਿਆਂ ਵਿਚੋਂ 2 ਲੱਖ ਆਪਣੇ ਸਾਲੇ ਨੂੰ ਦੇ ਚੁੱਕਾ ਹੈ ਜਦਕਿ ਬਾਕੀ 70 ਹਜ਼ਾਰ ਖਰਚ ਹੋ ਗਏ ਹਨ। ਆੜ੍ਹਤੀਏ ਮੁਤਾਬਕ ਬਿੱਕਰ ਸਿੰਘ ਨੇ ਸਾਰੇ ਪੈਸੇ ਮੰਗਲਵਾਰ ਤੱਕ ਵਾਪਸ ਕਰਨ ਦਾ ਕਰਾਰ ਕੀਤਾ ਸੀ ਪਰ ਉਸ ਨੇ ਐਤਵਾਰ ਨੂੰ ਹੀ ਜ਼ਹਿਰੀਲੀ ਦਵਾਈ ਨਿਗਲ ਲਈ।
ਇਸ ਪੂਰੇ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਨ ਮਗਰੋਂ ਲਾਸ਼ ਪਰਿਵਾਰ ਹਵਾਲੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।